ਨਸ਼ੇ ਦੀ ਓਵਰਡੋਜ਼ ਨੇ ਲੀਤੀ ਨੌਜਵਾਨ ਦੀ ਮੌਤ


ਲੁਧਿਆਣਾ– ਸਤਲੁਜ ਬੰਨ੍ਹ ਦੇ ਕੋਲ 1 ਕਿਲੋ ਹੈਰੋਇਨ ਸਣੇ ਫੜੇ ਗਏ ਭਰਾਵਾਂ ਸੋਨੂ ਅਤੇ ਮਲਕੀਤ ਨੇ ਪੁੱਛਗਿੱਛ ਵਿਚ ਦੱਸਿਆ ਕਿ ਇਕ ਦਿਨ ਪਹਿਲਾਂ ਹੀ ਉਨ੍ਹਾਂ ਤੋਂ 2 ਨੌਜਵਾਨ ਨਸ਼ੇ ਦੀ ਖੇਪ ਲੈ ਕੇ ਗਏ ਸਨ, ਜਿਨ੍ਹਾਂ ਵਿਚੋਂ ਸਨੀ ਉਰਫ ਕੁੱਬਾ (32) ਵਾਸੀ ਜਗੀਰਪੁਰ ਦੀ ਮਾਡਲ ਕਾਲੋਨੀ ਦੀ ਲਾਡੋਵਾਲ ਸੀਡ ਫਾਰਮ ਵਿਚ ਨਸ਼ੇ ਦੀ ਓਵਰਡੋਜ਼ ਲੈਣ ਕਾਰਨ ਮੰਗਲਵਾਰ ਨੂੰ ਮੌਤ ਹੋ ਗਈ ਸੀ। ਲਾਸ਼ ਦੀ ਪਛਾਣ ਉਸ ਦੇ ਪਿਤਾ ਹਰਦੇਵ ਸਿੰਘ ਨੇ ਕੀਤੀ। ਇਸ ਘਟਨਾ ਤੋਂ ਬਾਅਦ ਪੁਲਸ ਕਿਤੇ ਘਰ ‘ਤੇ ਰੇਡ ਨਾ ਕਰ ਦੇਵੇ ਇਸ ਲਈ ਦੋਵੇਂ ਭਰਾ ਘਰ ਵਿਚ ਪਈ ਇਕ ਕਿਲੋ ਹੈਰੋਇਨ ਨੂੰ ਘਰੋਂ ਚੁੱਕ ਕੇ ਕਿਸੇ ਦੂਜੀ ਸੁਰੱਖਿਅਤ ਜਗ੍ਹਾ ‘ਤੇ ਲੁਕਾਉਣ ਲਈ ਜਾ ਰਹੇ ਸਨ ਕਿ ਰਸਤੇ ਵਿਚ ਐੱਸ. ਟੀ. ਐੱਫ. ਦੀ ਟੀਮ ਨੇ ਕਾਬੂ ਕਰ ਲਿਆ। ਐੱਸ. ਟੀ. ਐੱਫ. ਨੇ ਥਾਣਾ ਲਾਡੋਵਾਲ ਨੂੰ ਦੋਵੇਂ ਦੋਸ਼ੀਆਂ ‘ਤੇ ਧਾਰਾ 304 ਤਹਿਤ ਕੇਸ ਦਰਜ ਕਰਨ ਲਈ ਲਿਖ ਕੇ ਭੇਜ ਦਿੱਤਾ ਹੈ। ਥਾਣਾ ਮੁਖੀ ਵਰਿੰਦਰਪਾਲ ਸਿੰਘ ਅਤੇ ਜਾਂਚ ਅਧਿਕਾਰੀ ਥਾਣੇਦਾਰ ਨਰੇਸ਼ ਕੁਮਾਰ ਨੇ ਦੱਸਿਆ ਕਿ ਮ੍ਰਿਤਕ ਵਿਅਕਤੀ ਸਨੀ ਕੁੱਬਾ ਦੇ ਪਿਤਾ ਹਰਦੇਵ ਸਿੰਘ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਹੈ ਕਿ 12 ਫਰਵਰੀ ਦੀ ਰਾਤ ਨੂੰ ਉਸ ਦੇ ਘਰ ਉਸ ਦੇ ਬੇਟੇ ਦੇ ਦੋਸਤ ਛਿੰਦਾ ਅਤੇ ਸਨੀ ਆਏ ਅਤੇ ਉਨ੍ਹਾਂ ਦੇ ਬੇਟੇ ਨੂੰ ਆਪਣੇ ਨਾਲ ਲੈ ਗਏ ਜਿਸ ਤੋਂ ਬਾਅਦ ਉਹ ਤਿੰਨੋਂ ਪਿੰਡ ਰਜਾਪੁਰ ਵਿਚ ਨਸ਼ਾ ਸਮੱਗਲਰ ਸੋਨੂ ਅਤੇ ਬਿੱਟੂ ਤੋਂ ਨਸ਼ੇ ਦੀ ਖੇਪ ਲੈ ਕੇ ਆਏ ਅਤੇ ਰਸਤੇ ਵਿਚ ਸੀਡ ਫਾਰਮ ‘ਚ ਨਸ਼ਾ ਕਰਨ ਲੱਗੇ ਅਤੇ ਉੱਥੇ ਹੀ ਹਰਦੀਪ ਸਨੀ ਦੀ ਜ਼ਿਆਦਾ ਨਸ਼ਾ ਕਰਨ ਨਾਲ ਹਾਲਤ ਖਰਾਬ ਹੋ ਗਈ ਅਤੇ ਕੁੱਝ ਦੇਰ ਬਾਅਦ ਉਸ ਦੀ ਉੱਥੇ ਹੀ ਮੌਤ ਹੋ ਗਈ, ਜਿਸ ਤੋਂ ਬਾਅਦ ਉਸ ਦੇ ਦੋਨੋਂ ਦੋਸਤ ਉਸ ਦੀ ਲਾਸ਼ ਨੂੰ ਉੱਥੇ ਹੀ ਛੱਡ ਕੇ ਚਲੇ ਗਏ ਅਤੇ ਅਗਲੇ ਦਿਨ ਕੁੱਝ ਲੋਕਾਂ ਨੇ ਉੱਥੇ ਹਰਦੀਪ ਦੀ ਲਾਸ਼ ਪਈ ਦੇਖੀ ਤਾਂ ਇਸ ਦੀ ਸੂਚਨਾ ਲਾਡੋਵਾਲ ਪੁਲਸ ਨੂੰ ਦਿੱਤੀ। ਜਾਂਚ ਅਧਿਕਾਰੀ ਨਰੇਸ਼ ਕੁਮਾਰ ਨੇ ਦੱਸਿਆ ਕਿ ਪੁਲਸ ਨੇ ਮ੍ਰਿਤਕ ਹਰਦੀਪ ਸਿੰਘ ਦੇ ਪਿਤਾ ਦੀ ਸ਼ਿਕਾਇਤ ‘ਤੇ ਛਿੰਦਾ, ਸਨੀ, ਸੋਨੂ ਅਤੇ ਬਿੱਟੂ ਖਿਲਾਫ ਆਈ. ਪੀ. ਸੀ. ਦੀ ਧਾਰਾ 304 ਦੇ ਤਹਿਤ ਪਰਚਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਕੱਲ ਮ੍ਰਿਤਕ ਦੀ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਜਾਵੇਗਾ।

ਐੱਸ. ਟੀ. ਐੱਫ. ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਜਦੋਂ ਪੁਲਸ ਪਾਰਟੀ ਨੇ ਦੋਵਾਂ ਨੌਜਵਾਨਾਂ ਨੂੰ ਕਾਬੂ ਕਰ ਕੇ ਤਲਾਸ਼ੀ ਲੈਣੀ ਚਾਹੀ ਤਾਂ ਦੋਵਾਂ ਨੇ ਕਿਹਾ ਕਿ ਤੁਸੀਂ ਸਾਡੀ ਤਲਾਸ਼ੀ ਨਹੀਂ ਲੈ ਸਕਦੇ। ਜਿਸ ਤੋਂ ਬਾਅਦ ਤੁਰੰਤ ਮੌਕੇ ‘ਤੇ ਐੱਸ. ਟੀ. ਐੱਫ. ਲੁਧਿਆਣਾ ਦਿਹਾਤੀ ਦੇ ਡੀ. ਐੱਸ. ਪੀ. ਦਵਿੰਦਰ ਕੁਮਾਰ ਨੂੰ ਬੁਲਾਇਆ ਗਿਆ ਬਾਅਦ ਵਿਚ ਉਨ੍ਹਾਂ ਦੀ ਹਾਜ਼ਰੀ ਵਿਚ ਦੋਵਾਂ ਦੋਸ਼ੀਆਂ ਦੀ ਤਲਾਸ਼ੀ ਲੈਣ ਤੋਂ ਬਾਅਦ 1 ਕਿਲੋ ਹੈਰੋਇਨ ਬਰਾਮਦ ਕੀਤੀ ਗਈ। ਪੁਲਸ ‘ਤੇ ਹਮਲਾ ਕਰਨ ਸਮੇਤ ਨਸ਼ਾ ਸਮੱਗਲਿੰਗ ਦੇ ਕਈ ਪਰਚੇ ਦਰਜ , ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਸੋਨੂ ਅਤੇ ਮਲਕੀਤ ਦੋਨੋਂ ਸਕੇ ਭਰਾ ਹਨ ਅਤੇ ਪਿਛਲੇ ਸਾਲ ਜਨਵਰੀ ਤੋਂ ਹੈਬੋਵਾਲ ਪੁਲਸ ਥਾਣੇ ਵਿਚ ਤਾਇਨਾਤ ਐੱਸ. ਆਈ. ਵਰਿੰਦਰ ਚੋਪੜਾ ‘ਤੇ ਰੇਡ ਕਰਨ ਦੌਰਾਨ ਕਾਤਲਾਨਾ ਹਮਲਾ ਕਰ ਦਿੱਤਾ ਸੀ, ਜਿਸ ਤੋਂ ਬਾਅਦ ਸਾਰੇ ਦੋਸ਼ੀ ਫਰਾਰ ਹੋ ਗਏ ਸਨ, ਜਿਸ ਸਬੰਧੀ ਥਾਣਾ ਲਾਡੋਵਾਲ ਵਿਚ ਕਤਲ ਦੇ ਯਤਨ ਦਾ ਮੁਕੱਦਮਾ ਦਰਜ ਹੈ। ਜਦੋਂਕਿ ਦੋਵਾਂ ਦੋਸ਼ੀਆਂ ‘ਤੇ ਨਸ਼ਾ ਸਮੱਗਲਿੰਗ ਦੇ ਕਰੀਬ 10 ਪਰਚੇ ਹੋਰ ਵੀ ਦਰਜ ਹਨ, ਜਿਸ ਵਿਚ ਜ਼ਮਾਨਤ ‘ਤੇ ਬਾਹਰ ਆ ਕੇ ਫਿਰ ਨਸ਼ੇ ਦਾ ਕੰਮ ਕਰਨ ਲੱਗ ਜਾਂਦੇ ਹਨ। ਸੋਨੂ ਅਤੇ ਮਲਕੀਤ ਦੇ ਉਸੇ ਪਿੰਡ ਵਿਚ ਪਹਿਲਾਂ ਕੱਚੇ ਮਕਾਨ ਸਨ ਪਰ ਜਦੋਂ ਤੋਂ ਇਹ ਨਸ਼ੇ ਦਾ ਕਾਰੋਬਾਰ ਕਰਨ ਲੱਗੇ ਸਨ, ਉਸ ਤੋਂ ਬਾਅਦ ਦੋਵਾਂ ਨੂੰ ਇਕਦਮ ਕਮਾਈ ਜ਼ਿਆਦਾ ਹੋਣ ਲੱਗੀ ਅਤੇ ਹੁਣ ਇਹ ਦੋਨੋਂ ਭਰਾ ਆਪਣੇ ਪਿੰਡ ਵਿਚ ਵੱਡੀਆਂ-ਵੱਡੀਆਂ ਕੋਠੀਆਂ ਬਣਾ ਰਹੇ ਹਨ। ਇਸ ਤੋਂ ਸਾਫ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਦੋਵੇਂ ਵੱਡੇ ਪੱਧਰ ‘ਤੇ ਨਸ਼ੇ ਦਾ ਕਾਰੋਬਾਰ ਕਰ ਰਹੇ ਹਨ।

 

  • 1
    Share

LEAVE A REPLY