ਅਧਿਆਪਕਾਂ ਬਾਰੇ ਸਿੱਖਿਆ ਮੰਤਰੀ ਦਾ ਵੱਡਾ ਐਲਾਨ – ਬਦਲੀਆਂ ਕੀਤੀਆਂ ਜਾਣਗੀਆਂ ਰੱਦ, ਮਿਲੇਗੀ ਪੂਰੀ ਤਨਖ਼ਾਹ


Education Minister Punjabv OP Soni

ਅਧਿਆਪਕਾਂ ਦੇ ਸੰਘਰਸ਼ ਨੂੰ ਕੁਝ ਬੂਰ ਪੈ ਗਿਆ ਜਾਪਦਾ ਹੈ, ਕਿਉਂਕਿ ਉਨ੍ਹਾਂ ਦੀਆਂ ਮੰਗਾਂ ਨੂੰ ਅੱਜ ਅੰਸ਼ਕ ਤੌਰ ‘ਤੇ ਵੀ ਮੰਨ ਲਿਆ ਗਿਆ ਹੈ। ਪਟਿਆਲਾ ਵਿੱਚ ਪੱਕੇ ਮੋਰਚੇ ‘ਤੇ ਬੈਠੇ ਅਧਿਆਪਕਾਂ ਨਾਲ ਸਿੱਖਿਆ ਮੰਤਰੀ ਨੇ ਮੁਲਾਕਾਤ ਕੀਤੀ ਅਤੇ ਐਲਾਨ ਕੀਤਾ ਕਿ 5178 ਕਾਡਰ ਦੇ ਅਧਿਆਪਕਾਂ ਨੂੰ ਸਰਕਾਰ ਜਨਵਰੀ ਤੋਂ ਪੱਕਾ ਕਰਨ ਜਾ ਰਹੀ ਹੈ ਅਤੇ ਅਧਿਆਪਕਾਂ ਦੀਆਂ ਬਦਲੀਆਂ ਅਤੇ ਮੁਅੱਤਲੀਆਂ ਵੀ ਰੱਦ ਕਰ ਦਿੱਤੀਆਂ ਗਈਆਂ ਹਨ। ਹਾਲਾਂਕਿ, ਇਹ ਮੰਤਰੀ ਦੇ ਐਲਾਨ ਹਨ ਅਤੇ ਇਸ ਸਬੰਧੀ ਕੋਈ ਲਿਖਤੀ ਸੂਚਨਾ ਨਹੀਂ ਜਾਰੀ ਹੋਈ ਹੈ।

ਸਾਲ 2012 ਤੋਂ 2014 ਦਰਮਿਆਨ 5178 ਕਾਡਰ ਤਹਿਤ ਪੰਜ ਹਜ਼ਾਰ ਤੋਂ ਵੱਧ ਪੇਂਡੂ ਸਹਿਯੋਗੀ ਅਧਿਆਪਕਾਂ ਦੀ ਭਰਤੀ ਹੋਈ ਸੀ ਅਤੇ ਇਹ ਅਧਿਆਪਕ ਨਵੰਬਰ 2017 ਵਿੱਚ ਹੀ ਆਪਣਾ ਪਰਖ ਕਾਲ ਪੂਰਾ ਕਰ ਚੁੱਕੇ ਸਨ। ਭਰਤੀ ਤੋਂ ਲੈਕੇ ਹੁਣ ਤਕ ਇਹ ਅਧਿਆਪਕ ਸਿਰਫ 6,000 ਰੁਪਏ ਦੀ ਨਿਗੁਣੀ ਤਨਖ਼ਾਹ ‘ਤੇ ਕੰਮ ਕਰ ਰਹੇ ਸਨ ਅਤੇ ਹੁਣ ਇਨ੍ਹਾਂ ਨੂੰ ਪੱਕਿਆਂ ਹੋਣ ਅਤੇ ਪੂਰੇ ਸਕੇਲ ਮੁਤਾਬਕ ਤਨਖ਼ਾਹ ਮਿਲਣ ਦੀ ਆਸ ਬੱਝ ਗਈ ਹੈ। ਇਨ੍ਹਾਂ ਤੋਂ ਇਲਾਵਾ ਵਾਲੰਟੀਅਰ ਟੀਚਰਜ਼ ਨੂੰ 5,000 ਦੀ ਬਜਾਏ 6,500 ਰੁਪਏ ਦੇਣ ਦਾ ਐਲਾਨ ਵੀ ਸਿੱਖਿਆ ਮੰਤਰੀ ਨੇ ਕੀਤਾ ਹੈ।

ਸਿੱਖਿਆ ਮੰਤਰੀ ਨੇ ਅਧਿਆਪਕਾਂ ਨੂੰ ਆਉਂਦੀ ਚਾਰ ਦਸੰਬਰ ਨਾਲ ਬੈਠਕ ਕਰਨ ਦਾ ਸੱਦਾ ਦਿੱਤਾ ਹੈ ਅਤੇ ਇਹ ਵੀ ਵਾਅਦਾ ਕੀਤਾ ਹੈ ਕਿ 15 ਦਸੰਬਰ ਤੋਂ ਪਹਿਲਾਂ ਮੁੱਖ ਮੰਤਰੀ ਨਾਲ ਵੀ ਮੁਲਾਕਾਤ ਕਰਵਾਈ ਜਾਵੇਗੀ। ਅਧਿਆਪਕ ਲੀਡਰਾਂ ਨੇ ਮੋਰਚੇ ਤੋਂ ਐਲਾਨ ਕੀਤਾ ਹੈ ਕਿ ਆਪਣੀ ਮੰਗਾਂ ਮਨਵਾਉਣ ਲਈ ਉਨ੍ਹਾਂ ਦਾ ਦੋ ਦਸੰਬਰ ਨੂੰ ਪਟਿਆਲਾ ਜਾਮ ਦੀ ਕਾਰਵਾਈ ਨੂੰ ਮੁਲਤਵੀ ਕੀਤਾ ਜਾਂਦਾ ਹੈ। ਹਾਲਾਂਕਿ, ਅਧਿਆਪਕਾਂ ਨੇ ਕਿਹਾ ਹੈ ਕਿ ਜਿੰਨਾ ਚਿਰ ਉਨ੍ਹਾਂ ਨੂੰ ਲਿਖਤੀ ਸੂਚਨਾ ਨਹੀਂ ਮਿਲ ਜਾਂਦੀ ਉਹ ਆਪਣੀਆਂ ਮੰਗਾਂ ਤੋਂ ਪਿੱਛੇ ਨਹੀਂ ਹਟਣਗੇ।


LEAVE A REPLY