ਚੋਣ ਅਮਲ ਵਿੱਚ ਤਾਇਨਾਤ ਸਟਾਫ਼ ਆਪਣੀ ਡਿਊਟੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਏ – ਜ਼ਿਲਾ ਚੋਣ ਅਫਸਰ


 

ਲੁਧਿਆਣਾ – ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਲੋਕ ਸਭਾ ਚੋਣ ਅਮਲ ਵਿੱਚ ਡਿਊਟੀ ਤੇ ਲਗਾਏ ਸਰਕਾਰੀ ਅਧਿਕਾਰੀਆਂ/ਕਰਮਚਾਰੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਤਨਦੇਹੀ ਨਾਲ ਨਿਭਾਉਣ ਅਤੇ ਡਿਊਟੀ ਸਹੀ ਢੰਗ ਨਾਲ ਨਾ ਨਿਭਾਉਣ ਵਾਲਿਆਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਅੱਜ ਸਰਕਾਰੀ ਗੁਰੂ ਨਾਨਕ ਦੇਵ ਭਵਨ ਵਿਖੇ ਆਉਂਦੀਆਂ ਲੋਕ ਸਭਾ ਚੋਣਾਂ ਸਬੰਧੀ ਗਿਣਤੀਕਾਰ ਸਟਾਫ ਦੀ ਆਯੋਜਿਤ ਟ੍ਰੇਨਿੰਗ-ਕਮ-ਵਰਕਸ਼ਾਪ ਵਿੱਚ ਸ਼ਾਮਲ ਅਧਿਕਾਰੀਆਂ/ਕਰਮਚਾਰੀਆਂ ਨੂੰ ਸੰਬੋਧਨ ਕਰ ਰਹੇ ਸਨ।
ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਚੋਣ ਅਮਲ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਈ.ਵੀ.ਐਮ. ਅਤੇ ਵੀ.ਵੀ.ਪੀ.ਏ.ਟੀ. ਮਸ਼ੀਨਾਂ ‘ਚ ਕਿਸੇ ਤਰ•ਾਂ ਦੀ ਸਮੱਸਿਆ ਆਉਣ ‘ਤੇ ਸਬੰਧਿਤ ਸਹਾਇਕ ਰਿਟਰਨਿੰਗ ਅਫਸਰ ਨਾਲ ਤੁਰੰਤ ਸੰਪਰਕ ਕਰਨ ਦੀ ਹਦਾਇਤ ਕੀਤੀ। ਉਨਾਂ ਇਹ ਵੀ ਕਿਹਾ ਕਿ ਚੋਣਾਂ ਵਿੱਚ ਤਾਇਨਾਤ ਅਧਿਕਾਰੀਆਂ/ਕਰਮਚਾਰੀਆਂ ਨੂੰ ਚੋਣ ਡਿਊਟੀ ਲਈ ਨਿਰਧਾਰਿਤ ਸਥਾਨ ‘ਤੇ ਸਮੇਂ ਤੋਂ ਪਹਿਲਾਂ ਹਾਜ਼ਰ ਹੋ ਕੇ ਆਪਣੀ ਡਿਊਟੀ ਦਾ ਜਾਇਜ਼ਾ ਲੈਣ ਅਤੇ ਜ਼ਰੂਰੀ ਪ੍ਰਬੰਧਾਂ ਨੂੰ ਨੇਪਰੇ ਚਾੜਨ।

ਉਨਾਂ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਕੰਮ ਵੀ. ਵੀ. ਪੀ. ਏ. ਟੀ. ਮਸ਼ੀਨਾਂ ਨਾਲ ਹੋਵੇਗਾ। ਲਗਾਏ ਜਾ ਰਹੇ ਇਨਾਂ ਵੋਟਰ ਅਵੇਅਰਨੈਸ ਕੈਂਪਾਂ ਵਿੱਚ ਆਮ ਜਨਤਾ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਜਿਸ ਬਟਨ ਨੂੰ ਦਬਾਉਂਦੇ ਹਨ ਉਸੇ ਉਮੀਦਵਾਰ ਨੂੰ ਹੀ ਵੋਟ ਪੈਂਦੀ ਹੈ।ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਵਾਰ ਹਰੇਕ ਪੋਲਿੰਗ ਬੂਥ ‘ਤੇ ਈ.ਵੀ.ਐੱਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ. ਵਿੱਚ ਸੱਤ ਸੈਕਿੰਡ ਲਈ ਉਸੇ ਉਮੀਦਵਾਰ ਦਾ ਚੋਣ ਨਾਮ ਅਤੇ ਲੜੀ ਵਿੱਚ ਨੰਬਰ ਦਿਖਾਈ ਦਿੰਦਾ ਹੈ, ਜਿਸ ਨੂੰ ਉਸਨੇ ਵੋਟ ਪਾਈ ਹੁੰਦੀ ਹੈ। ਇਸ ਮੌਕੇ ‘ਤੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਇਕਬਾਲ ਸਿੰਘ ਸੰਧੂ, ਸਮੂਹ ਸਹਾਇਕ ਰਿਟਰਨਿੰਗ ਅਫਸਰ, ਲੁਧਿਆਣਾ ਅਤੇ ਚੋਣ ਅਮਲਾ ਹਾਜ਼ਰ ਸੀ।


LEAVE A REPLY