ਲੁਧਿਆਣਾ ਵਿੱਚ ਆਮਦਨ ਕਰ ਵਿਭਾਗ ਦਫ਼ਤਰ ਵਿਖੇ ਹੋਇਆ ਸਮਾਗਮ ਦਾ ਆਯੋਜਨ


ਲੁਧਿਆਣਾ – ਆਮਦਨ ਕਰ ਵਿਭਾਗ ਵੱਲੋਂ ਅੱਜ ਸਥਾਨਕ ਫਿਰੋਜ਼ਪੁਰ ਰੋਡ ‘ਤੇ ਸਥਿਤ ਦਫ਼ਤਰ ਵਿਖੇ ਇਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ‘ਸਵੱਛ ਭਾਰਤ ਸਮਰਿੱਧ ਭਾਰਤ’ ਤਹਿਤ ਕਰਵਾਏ ਚਿੱਤਰਕਾਰੀ ਮੁਕਾਬਲੇ ਦੇ ਜੇਤੂ ਸਕੂਲੀ ਬੱਚਿਆਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਸਮਾਗਮ ਵਿੱਚ ਮੁੱਖ ਮਹਿਮਾਨ ਵਜੋਂ ਪਿ੍ੰਸੀਪਲ ਚੀਫ਼ ਕਮਿਸ਼ਨਰ ਆਮਦਨ ਕਰ ਵਿਭਾਗ ਐਨ.ਡਬਲਯੂ.ਆਰ. ਚੰਡੀਗੜ੍ਹ ਮਧੂ ਮਹਾਜਨ ਪੁੱਜੇ | ਸਮਾਗਮ ਦੌਰਾਨ ਸਕੂਲੀ ਬੱਚਿਆਂ ਨੇ ਵੱਖ-ਵੱਖ ਵੰਨਗੀਆਂ ਦੀ ਪੇਸ਼ਕਾਰੀ ਬੜੇ ਹੀ ਸੁਚੱਜੇ ਤਰੀਕੇ ਨਾਲ ਕੀਤੀ | ਵਿਸ਼ੇਸ਼ ਲੋੜਾਂ ਵਾਲੇ ਵਿਦਿਆਰਥੀਆਂ ਵੱਲੋਂ ਪਾਏ ਗਏ ਭੰਗੜੇ ਨੇ ਸਭ ਦਾ ਖੂਬ ਮੰਨੋਰੰਜਨ ਕੀਤਾ | ਅਧਿਆਪਕ ਕਰਮਜੀਤ ਗਰੇਵਾਲ ਨੇ ਵੀ ਬੱਚਿਆਂ ਨੇ ਆਪਣੀਆਂ ਵੰਨਗੀਆਂ ਦੀ ਪੇਸ਼ਕਾਰੀ ਕੀਤੀ | ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਪੰਜਾਬ ਵਾਸੀਆਂ ਨੂੰ ਜ਼ਿੰਮੇਵਾਰੀ ਨਾਲ ਕਰ ਦੇਣ ਲਈ ਜਾਗਰੂਕ ਕਰਨ ਦੇ ਮਕਸਦ ਨਾਲ ਆਮਦਨ ਕਰ ਵਿਭਾਗ ਵੱਲੋਂ ਵੱਖ-ਵੱਖ ਸਮਾਗਮ ਕਰਵਾਏ ਗਏ ਹਨ, ਜਿਸ ਦੇ ਤਹਿਤ ਚਿੱਤਰਕਾਰੀ ਮੁਕਾਬਲਾ ਕਰਵਾਇਆ ਗਿਆ ਹੈ |

ਉਨ੍ਹਾਂ ਕਿਹਾ ਕਿ ਭਵਿੱਖ ਦੇ ਜ਼ਿੰਮੇਵਾਰ ਕਰ ਦਾਤਾ ਪੈਦਾ ਕਰਨ ਲਈ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਨੂੰ ਜਾਗਰੂਕ ਕਰਨਾ ਬਹੁਤ ਹੀ ਜਿਆਦਾ ਜ਼ਰੂਰੀ ਹੈ | ਸ਼੍ਰੀਮਤੀ ਮਹਾਜਨ ਨੇ ਕਿਹਾ ਕਿ ਆਮਦਨ ਕਰ ਵਿਭਾਗ ਦਾ ਕੰਮ ਸਿਰਫ਼ ਕਰ ਇਕੱਠੇ ਕਰਨ ਹੀ ਨਹੀਂ ਹੈ, ਸਗੋਂ ਸਮਾਜਿਕ ਮੁੱਦਿਆਂ ਬਾਰੇ ਲੋਕਾਂ ਨੂੰ ਜਾਗਰੂਕ ਕਰਕੇ ਸਮਾਜ ਭਲਾਈ ਕਰਨਾ ਵੀ ਹੈ | ਉਨ੍ਹਾਂ ਕਿਹਾ ਕਿ ਅਗਲੇ ਗੇੜ ਵਿੱਚ ਉਹ ਆਮ ਸ਼ਹਿਰੀਆਂ ਦੀ ਭਾਰਤੀ ਫੌਜ ਨਾਲ ਗੱਲਬਾਤ ਕਰਵਾਉਣ ਦਾ ਵੀ ਪ੍ਰੋਗਰਾਮ ਉਲੀਕਣਗੇ | ਸਮਾਮਗ ਦੋਰਾਨ ਬਿਨੇ ਕੁਮਾਰ ਝਾਅ ਚੀਫ਼ ਕਮਿਸ਼ਨਰ ਆਮਦਨ ਕਰ ਵਿਭਾਗ, ਪੀ.ਐਸ. ਪੁੰਨੀਆਂ ਡਾਇਰੈਕਟਰ ਜਨਰਲ ਪੜਤਾਲੀਆ ਵਿੰਗ ਆਮਦਨ ਕਰ ਵਿਭਾਗ, ਕਰਨਲ ਕੇ.ਐਸ. ਮਾਧੁਰ ਕਮਾਂਡਿੰਗ ਅਫ਼ਸਰ ਤਸੀਰੀ ਸਿੱਖ ਲਾਈਟ ਇਨਫੈਨਟਰੀ ਲੁਧਿਆਣਾ ਨੇ ਮੁਕਾਬਲੇ ਵਿੱਚ ਹਿੱਸਾ ਲੈਣ ਵਾਲੇ 80 ਸਕੂਲਾਂ ਦੇ ਵਿਦਿਆਰਥੀਆਂ ਵਿਚੋਂ ਜੇਤੂ ਸਕੂਲਾਂ ਦੇ ਬੱਚਿਆਂ ਨੂੰ ਸਨਮਾਨਿਤ ਕੀਤਾ | ਇਸ ਮੌਕੇ ਆਰ.ਬਾਮਾ, ਪਰਨੀਤ ਸਚਦੇਵਾ, ਕੇ.ਐਮ. ਬਾਲੀ, ਐਸ.ਕੇ. ਰਸਤੌਗੀ, ਡੀ.ਐਸ. ਚੌਧਰੀ, ਅਵਦੇਸ਼ ਕੁਮਾਰ ਮਿਸ਼ਰਾ, ਰਾਜੀਵ ਰੰਜਨ, ਸਿੰਮੀ ਗੁਪਤਾ, ਰੋਹਿਤ ਮਹਿਰਾ ਆਦਿ ਹਾਜ਼ਰ ਸਨ |


LEAVE A REPLY