ਆਧਾਰ ਕਾਰਡ ਬਣਵਾਉਣ ਅਤੇ ਅਪਡੇਟ ਦੀ ਸਹੂਲਤ ਹੁਣ ਬੈਂਕਾਂ ਵਿੱਚ ਵੀ ਉਪਲੱਬਧ – ਜ਼ਿਲਾ ਲੁਧਿਆਣਾ ਦੇ 72 ਬੈਂਕਾਂ ਵਿੱਚ ਮਿਲ ਰਹੀ ਸਹੂਲਤ, 30 ਦਿਨਾਂ ਵਿੱਚ 46515 ਲੋਕਾਂ ਨੇ ਲਿਆ ਲਾਭ


ADC Shena Aggarwal

ਲੁਧਿਆਣਾ – ਜ਼ਿਲਾ ਲੁਧਿਆਣਾ ਦੇ ਲੋਕਾਂ ਨੂੰ ਆਧਾਰ ਕਾਰਡ ਬਣਵਾਉਣ ਲਈ ਜਾਂ ਅਪਡੇਟ ਕਰਾਉਣ ਲਈ ਹੁਣ ਗਿਣੀਆਂ ਚੁਣੀਆਂ ਥਾਵਾਂ ‘ਤੇ ਹੀ ਜਾਣ ਦੀ ਜ਼ਰੂਰਤ ਨਹੀਂ ਹੈ। ਲੋਕਾਂ ਨੂੰ ਉਨਾਂ ਦੇ ਘਰ ਦੇ ਨੇੜੇ ਸਹੂਲਤ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਹੁਣ ਨਵਾਂ ਕਾਰਡ ਬਣਵਾਉਣ ਅਤੇ ਅਪਡੇਟ ਕਰਾਉਣ ਦਾ ਕੰਮ ਅਲੱਗ-ਅਲੱਗ ਬੈਂਕਾਂ ਵਿੱਚ ਵੀ ਸ਼ੁਰੂ ਹੋ ਗਿਆ ਹੈ। ਇਸ ਸਹੂਲਤ ਦਾ ਲੋਕ ਭਰਪੂਰ ਲਾਭ ਵੀ ਲੈਣ ਲੱਗੇ ਹਨ।

122ਵੀਂ ਜ਼ਿਲਾਪੱਧਰੀ ਰਿਵਿਊ ਕਮੇਟੀ ਮੀਟਿੰਗ ਵਿੱਚ ਪੇਸ਼ ਕੀਤੀ ਗਈ ਰਿਪੋਰਟ ਦੇ ਆਧਾਰ ‘ਤੇ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਦੱਸਿਆ ਕਿ ਜ਼ਿਲਾ ਲੁਧਿਆਣਾ ਵਿੱਚ 72 ਬੈਂਕਾਂ ਵਿੱਚ ਇਹ ਸਹੂਲਤ ਸ਼ੁਰੂ ਕੀਤੀ ਗਈ ਹੈ, ਜਿਸਦਾ ਇੱਕ ਮਹੀਨੇ ਵਿੱਚ 46515 ਲੋਕਾਂ ਨੇ ਲਾਭ ਲਿਆ ਹੈ। ਇਸ ਵਿੱਚ 25193 ਲੋਕਾਂ ਵੱਲੋਂ ਨਵੇਂ ਆਧਾਰ ਕਾਰਡ ਬਣਵਾਉਣ ਲਈ ਅਪਲਾਈ ਕੀਤਾ ਗਿਆ ਹੈ, ਜਦਕਿ 21322 ਲੋਕਾਂ ਵੱਲੋਂ ਅਪਡੇਸ਼ਨ ਲਈ ਦਸਤਾਵੇਜ਼ ਜਮਾ ਕਰਵਾਏ ਗਏ ਹਨ। ਉਨਾਂ ਕਿਹਾ ਕਿ ਹਰੇਕ ਕਮਰਸ਼ੀਅਲ ਬੈਂਕ ਲਈ ਇਹ ਜ਼ਰੂਰੀ ਕੀਤਾ ਗਿਆ ਹੈ ਕਿ ਉਹ ਆਪਣੀਆਂ ਕੁੱਲ ਗਿਣਤੀ ਬੈਂਕਾਂ ਵਿੱਚੋਂ 10 ਫੀਸਦੀ ਬੈਂਕਾਂ ਵਿੱਚ ਲੋਕਾਂ ਦੀ ਸਹੂਲਤ ਲਈ ਇਹ ਸੇਵਾ ਸ਼ੁਰੂ ਕਰੇ।

ਉਨਾਂ ਕਿਹਾ ਕਿ ਭਾਰਤੀ ਸਟੇਟ ਬੈਂਕ ਵੱਲੋਂ ਸਭ ਤੋਂ ਵਧੇਰੇ 11 ਬੈਂਕਾਂ, ਪੰਜਾਬ ਨੈਸ਼ਨਲ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਐੱਚ. ਡੀ. ਐੱਫ਼. ਸੀ. ਬੈਂਕ ਅਤੇ ਅਲਾਹਾਬਾਦ ਬੈਂਕ ਵੱਲੋਂ 6-6 ਬੈਂਕਾਂ, ਬੈਂਕ ਆਫ਼ ਇੰਡੀਆ ਅਤੇ ਓਰੀਐਂਟਲ ਬੈਂਕ ਆਫ਼ ਕਾਮਰਸ ਵੱਲੋਂ 5-5 ਬੈਂਕਾਂ, ਆਂਧਰਾ ਬੈਂਕ ਵੱਲੋਂ 3 ਬੈਂਕਾਂ, ਐਕਸਿਸ ਬੈਂਕ, ਸੈਂਟਰਲ ਬੈਂਕ ਆਫ਼ ਇੰਡੀਆ, ਦੇਨਾ ਬੈਂਕ, ਯੂਨੀਅਨ ਬੈਂਕ ਆਫ਼ ਇੰਡੀਆ ਵੱਲੋਂ 2-2 ਬੈਂਕਾਂ, ਜਦਕਿ ਬਾਕੀ ਹੋਰ 16 ਬੈਂਕਾਂ ਵੱਲੋਂ ਇੱਕ-ਇੱਕ ਬੈਂਕ ਵਿੱਚ ਇਹ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਇਲਾਵਾ ਸਾਰੇ ਬੈਂਕ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਬਕਾਇਆ ਬੈਂਕਾਂ ਵਿੱਚ ਵੀ ਇਹ ਸਹੂਲਤ ਪਹਿਲ ਦੇ ਆਧਾਰ ‘ਤੇ ਸ਼ੁਰੂ ਕਰਾਉਣ ਦੀ ਕੋਸ਼ਿਸ਼ ਕਰਨ।

ਡਾ. ਅਗਰਵਾਲ ਨੇ ਕਿਹਾ ਕਿ ਬੈਂਕ ਪ੍ਰਬੰਧਕਾਂ ਨੂੰ ਇਹ ਵੀ ਹਦਾਇਤ ਕੀਤੀ ਗਈ ਹੈ ਕਿ ਉਹ ਆਧਾਰ ਕਾਰਡ ਬਣਾਉਣ ਜਾਂ ਅਪਡੇਟ ਕਰਨ ਸੰਬੰਧੀ ਯੂ. ਆਈ. ਡੀ. ਏ. ਆਈ. ਵੱਲੋਂ ਪ੍ਰਾਪਤ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਉਣ। ਉਨਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਹੂਲਤ ਦਾ ਵੱਧ ਤੋਂ ਵੱਧ ਲਾਭ ਲੈਣ। ਇਹ ਸਹੂਲਤ ਹਿੱਤ ਆਪਣੇ ਨੇੜੇ ਦਾ ਬੈਂਕ ਪਤਾ ਕਰਨ ਲਈ http://appointments.uidai.gov.in/easearchinternal.aspx ਲਿੰਕ ‘ਤੇ ਕਲਿੱਕ ਕੀਤਾ ਜਾ ਸਕਦਾ ਹੈ।


LEAVE A REPLY