ਜ਼ਿਲ੍ਹਾ ਲੁਧਿਆਣਾ ਵਿੱਚ ਝੋਨੇ ਦੀ 100 ਫੀਸਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਜਾਰੀ, ਕਿਸਾਨਾਂ ਨੂੰ ਫ਼ਸਲ ਨੂੰ ਵੇਚਣ ਸੰਬੰਧੀ ਕੋਈ ਵੀ ਸਮੱਸਿਆ ਨਹੀਂ ਪੇਸ਼ ਆ ਰਹੀ-ਡਿਪਟੀ ਕਮਿਸ਼ਨਰ


Ludhiana DC Pardeep Agarwal

ਲੁਧਿਆਣਾ – ਝੋਨੇ ਦੀ ਖਰੀਦ ਦੇ ਚੱਲਦਿਆਂ ਜ਼ਿਲ੍ਹਾ ਲੁਧਿਆਣਾ ਵਿੱਚ ਕੁੱਲ ਆਮਦ ਦੇ ਵਿਰੁਧ 100 ਫੀਸਦੀ ਖਰੀਦ, 100 ਫੀਸਦੀ ਲਿਫਟਿੰਗ ਅਤੇ ਕਿਸਾਨਾਂ ਨੂੰ 100 ਫੀਸਦੀ ਅਦਾਇਗੀ ਨਾਲੋਂ-ਨਾਲ ਕੀਤੀ ਜਾ ਚੁੱਕੀ ਹੈ। ਕਿਸਾਨਾਂ ਨੂੰ ਮਿਤੀ 4 ਦਸੰਬਰ ਤੱਕ 2964.51 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਲੁਧਿਆਣਾ ਵਿੱਚ ਖਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਬੜੇ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ। ਕਿਸਾਨਾਂ ਨੂੰ ਫ਼ਸਲ ਨੂੰ ਮੰਡੀ ਵਿੱਚ ਲਿਆਉਣ ਤੋਂ ਲੈ ਕੇ ਅਦਾਇਗੀ ਤੱਕ ਕੋਈ ਵੀ ਸਮੱਸਿਆ ਦਰਪੇਸ਼ ਨਹੀਂ ਆਉਣ ਦਿੱਤੀ ਜਾ ਰਹੀ ਹੈ।

ਇਸ ਸੰਬੰਧੀ ਅੰਕੜੇ ਜਾਰੀ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪਣਾਈ ਗਈ ਵਿਸ਼ੇਸ਼ ਨੀਤੀ ਤਹਿਤ ਜ਼ਿਲ੍ਹਾ ਲੁਧਿਆਣਾ ਵਿੱਚ ਝੋਨੇ ਦੀ ਖਰੀਦ, ਲਿਫਟਿੰਗ ਅਤੇ ਅਦਾਇਗੀ ਪ੍ਰਕਿਰਿਆ ਬੜੇ ਸੁਚੱਜੇ ਤਰੀਕੇ ਨਾਲ ਚੱਲ ਰਹੀ ਹੈ। ਕਿਸਾਨਾਂ ਦੀ ਜਿਣਸ ਦੀ ਕੀਮਤ ਉਨ੍ਹਾਂ ਨੂੰ ਨਾਲੋਂ-ਨਾਲ ਕੀਤੀ ਜਾ ਰਹੀ ਹੈ, ਤਾਂ ਜੋ ਕਿਸਾਨਾਂ ਨੂੰ ਆਪਣੀ ਅਦਾਇਗੀ ਲਈ ਸਰਕਾਰੇ-ਦਰਬਾਰੇ ਪ੍ਰੇਸ਼ਾਨ ਨਾ ਹੋਣਾ
ਪਵੇ। ਹੁਣ ਤੱਕ ਸਾਰੇ ਜ਼ਿਲ੍ਹਾ ਲੁਧਿਆਣਾ ਦੇ ਕਿਸਾਨਾਂ ਨੂੰ ਕੁੱਲ 2964.51 ਕਰੋੜ ਰੁਪਏ ਦੀ ਅਦਾਇਗੀ ਆਨਲਾਈਨ ਵਿਧੀ ਰਾਹੀਂ ਕੀਤੀ ਜਾ ਚੁੱਕੀ ਹੈ, ਜੋ ਕਿ ਕੁੱਲ ਖਰੀਦੇ ਝੋਨੇ ਦੀ 100 ਫੀਸਦੀ ਅਦਾਇਗੀ ਬਣਦੀ ਹੈ।

ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਵੱਖ-ਵੱਖ ਮੰਡੀਆਂ ਵਿੱਚ 4 ਦਸੰਬਰ ਤੱਕ ਪੁੱਜੇ 167990 ਮੀਟਰਕ ਟਨ ਝੋਨੇ ਵਿੱਚੋਂ ਪਨਗਰੇਨ ਨੇ 705428 ਮੀਟਰਕ ਟਨ, ਮਾਰਕਫੈੱਡ ਨੇ 331088 ਮੀਟਰਕ ਟਨ, ਪਨਸਪ ਨੇ 349212 ਮੀਟਰਕ ਟਨ, ਵੇਅਰਹਾੳੂਸ ਨੇ 138104 ਮੀਟਰਕ ਟਨ, ਪੰਜਾਬ ਐਗਰੋ ਨੇ 147277 ਮੀਟਰਕ ਟਨ, ਐੱਫ. ਸੀ. ਆਈ. ਨੇ 2620 ਮੀਟਰਕ ਟਨ ਅਤੇ ਨਿੱਜੀ ਆੜਤੀਆਂ ਨੇ 5461 ਮੀਟਰਕ ਟਨ ਝੋਨੇ ਦੀ ਖਰੀਦ ਕੀਤੀ ਹੈ, ਜੋ ਕਿ ਕੁੱਲ ਖਰੀਦ 1679190 ਮੀਟਰਕ ਟਨ ਬਣਦੀ ਹੈ। ਉਨ੍ਹਾਂ ਦੱਸਿਆ ਕਿ ਖਰੀਦੀ ਫਸਲ ਦੀ ਲਿਫਟਿੰਗ ਵਿੱਚ ਵੀ ਦਿਨੋਂ ਦਿਨ ਤੇਜ਼ੀ ਆ ਰਹੀ ਹੈ, ਜਿਸ ਤਹਿਤ ਜ਼ਿਲ੍ਹੇ ਦੀਆਂ ਮੰਡੀਆਂ ਵਿੱਚੋਂ ਹੁਣ ਤੱਕ
1678997 ਮੀਟਰਕ ਟਨ ਦੀ ਲਿਫਟਿੰਗ ਹੋ ਚੁੱਕੀ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਹਦਾਇਤਾਂ ’ਤੇ ਜ਼ਿਲ੍ਹਾ ਪ੍ਰਸਾਸ਼ਨ ਕਿਸਾਨਾਂ ਦੀ ਪੁੱਤਾਂ ਵਾਂਗ ਪਾਲੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣ ਅਤੇ ਚੁੱਕਣ ਲਈ ਵਚਨਬੱਧ ਹੈ। ਖਰੀਦ ਕਾਰਜਾਂ ਨੂੰ ਸੁਚਾਰੂ ਤਰੀਕੇ ਨਾਲ ਨੇਪਰੇ ਚਾੜਨ ਲਈ ਜ਼ਿਲ੍ਹਾ ਲੁਧਿਆਣਾ ਦੀ ਸਾਰੀ ਸਰਕਾਰੀ ਮਸ਼ੀਨਰੀ ਸਿਰਤੋੜ ਯਤਨ ਕਰ ਰਹੀ ਹੈ। ਕਿਸਾਨਾਂ ਨੂੰ ਫਸਲ ਦੀ ਅਦਾਇਗੀ ਵੀ ਸਮੇਂ ਸਿਰ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਝੋਨੇ ਦੀ ਸਾਰੀ ਖਰੀਦ
ਪ੍ਰਕਿਰਿਆ ’ਤੇ ਆਨਲਾਈਨ ਨਜ਼ਰ ਰੱਖੀ ਜਾ ਰਹੀ ਹੈ ਅਤੇ ਸ਼ਿਕਾਇਤਾਂ ’ਤੇ ਸਮੱਸਿਆਵਾਂ ਦੇ ਤੁਰੰਤ ਨਿਪਟਾਰੇ ਲਈ ਮੰਡੀਆਂ ਵਿੱਚ ਵੀ ਸ਼ਿਕਾਇਤ ਨਿਵਾਰਣ ਸੈੱਲਾਂ ਦੀ ਵੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਸੁੱਕਾ ਝੋਨਾ ਲੈ ਕੇ ਆਉਣ ਤਾਂ ਜੋ ਫਸਲ ਦੀ ਤੁਰੰਤ ਖਰੀਦ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਰੋਜ਼ਾਨਾ ਮੰਡੀਆਂ ਦਾ ਦੌਰਾ ਕਰਨ ਅਤੇ ਦੌਰੇ ਉਪਰੰਤ ਉਥੇ ਲਗਾਏ ਗਏ ਵਿਸ਼ੇਸ਼ ਰਜਿਸਟਰ ਵਿੱਚ ਇੰਦਰਾਜ਼ ਕਰਨਾ ਯਕੀਨੀ ਬਣਾਉਣ।


LEAVE A REPLY