ਜੇਲ ਹਵਾਲਾਤੀ ਤੇ ਬਖਸ਼ੀਖਾਨੇ ਚ 10-15 ਕੈਦੀਆਂ ਨੇ ਕੀਤਾ ਹਮਲਾ


Fifteen Prisoners Attacked on Hawalati in Ludhiana

ਲੁਧਿਆਣਾ – ਤਾਜਪੁਰ ਰੋਡ ਦੀ ਕੇਂਦਰੀ ਜੇਲ ਤੋਂ ਅੱਜ ਸਵੇਰ ਅਦਾਲਤ ਚ ਪੇਸ਼ੀ ਭੁਗਤਣ ਗਏ ਹਵਾਲਾਤੀ ਤਰੁਣ ਤੇਜਪਾਲ ਨੂੰ ਬਖਸ਼ੀਖਾਨੇ ਚ 10-15 ਦੇ ਲਗਭਗ ਕੈਦੀਆਂ ਨੇ ਬੁਰੀ ਤਰ੍ਹਾਂ ਕੁੱਟ-ਮਾਰ ਕੇ ਗੰਭੀਰ ਰੂਪ ਨਾਲ ਜ਼ਖਮੀ ਕਰ ਦਿੱਤਾ, ਜਿਸ ਕਾਰਨ ਉਸ ਨੂੰ ਹਸਪਤਾਲ ਭੇਜਿਆ ਗਿਆ। ਜ਼ਖਮੀ ਹਾਲਤ ਚ ਸਿਵਲ ਹਸਪਤਾਲ ਪੁੱਜੇ ਹਵਾਲਾਤੀ ਤਰੁਣ ਤੇਜਪਾਲ ਨੇ ਦੱਸਿਆ ਕਿ ਥਾਣਾ ਹੈਬੋਵਾਲ ਚ ਕਤਲ ਦੀ ਸਾਜ਼ਿਸ਼ ਰਚਣ ਦੇ ਦੋਸ਼ ਚ ਕੇਸ ਦਰਜ ਹੋਣ ਕਾਰਨ 27 ਜੁਲਾਈ 2018 ਦੇ ਤਾਜਪੁਰ ਰੋਡ ਦੀ ਕੇਂਦਰੀ ਜੇਲ ਚ ਬਤੌਰ ਹਵਾਲਾਤੀ ਦਾਖਲ ਹੋਇਆ। ਉਸ ਦੀ ਗਿਣਤੀ ਐੱਨ. ਬੀ.-2 ਬੈਰਕ ਵਿਚ ਹੈ। ਜੇਲ ਵਿਚ ਕੁੱਝ ਦਿਨ ਬੀਤ ਜਾਣ ਤੋਂ ਬਾਅਦ ਜੇਲ ਦੇ ਕੇਂਦਰੀ ਬਲਾਕ ਚ ਬੰਦ ਇਕ ਗੈਂਗ ਨਾਲ ਸਬੰਧਤ 4-5 ਬੰਦੀ ਮੇਰੇ ਕੋਲ ਆਏ ਅਤੇ ਕੇਸ ਦੇ ਫੈਸਲੇ ਦਾ ਦਬਾਅ ਬਣਾਉਣ ਦੇ ਨਾਲ ਕਥਿਤ ਰੂਪ ਨਾਲ ਲੱਖਾਂ ਰੁਪਏ ਦੀ ਮੰਗ ਕਰਨ ਲੱਗੇ, ਜਿਸ ਦੀ ਸ਼ਿਕਾਇਤ ਜੇਲ ਅਧਿਕਾਰੀ ਨੂੰ ਵੀ ਕਈ ਵਾਰ ਕੀਤੀ ਪਰ ਕੋਈ ਕਾਰਵਾਈ ਨਹੀਂ ਹੋਈ।

ਜ਼ਖਮੀ ਹਵਾਲਾਤੀ ਨੇ ਦੱਸਿਆ ਕਿ ਪੈਸੇ ਦੀ ਮੰਗ ਲਈ ਉਸ ਦੇ ਪਿਤਾ ਦੇ ਕੋਲ ਵੀ ਕਈ ਵਾਰ ਜੇਲ ਤੋਂ ਕੈਦੀਆਂ ਦੇ ਫੋਨ ਆਏ ਅਤੇ ਪਿਤਾ ਨੇ ਵੀ ਜ਼ੁਬਾਨੀ ਰੂਪ ਨਾਲ ਜੇਲ ਅਧਿਕਾਰੀਆਂ ਨੂੰ ਇਸ ਘਟਨਾ ਦੀ ਸ਼ਿਕਾਇਤ ਕੀਤੀ, ਜਿਸ ਦੀ ਕੀਮਤ ਅੱਜ ਮੈਨੂੰ 15-20 ਵਿਅਕਤੀਆਂ ਵਲੋਂ ਬਖਸ਼ੀਖਾਨੇ ਵਿਚ ਕੁੱਟ-ਮਾਰ ਕਰ ਕੇ ਚੁਕਾਉਣੀ ਪਈ। ਉਸ ਨੇ ਦੱਸਿਆ ਕਿ ਕੁੱਟ-ਮਾਰ ਨਾਲ ਜ਼ਖਮੀ ਹਾਲਤ ਚ ਬਖਸ਼ੀਖਾਨੇ ਵਿਚ ਤਰਲੇ ਕਰਦਾ ਰਿਹਾ ਪਰ ਇਕ ਘੰਟੇ ਬਾਅਦ ਇਲਾਜ ਲਈ ਸਿਵਲ ਹਸਪਤਾਲ ਭੇਜਿਆ ਗਿਆ। ਥਾਣਾ ਡਵੀਜ਼ਨ ਨੰ. 5 ਦੇ ਐੱਸ. ਐੱਚ. ਓ. ਜਤਿੰਦਰ ਕੁਮਾਰ ਨੇ ਦੱਸਿਆ ਕਿ ਬਖਸ਼ੀਖਾਨੇ ਚ ਹਵਾਲਾਤੀ ਦੇ ਨਾਲ ਕੁੱਟ-ਮਾਰ ਦੀ ਘਟਨਾ ਦੀ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਆਉਣ ਤੇ ਹੀ ਕਾਰਵਾਈ ਕਰਨਗੇ। ਜੇਲ ਸੁਪਰਡੈਂਟ ਸ਼ਮਸ਼ੇਰ ਸਿੰਘ ਬੋਪਾਰਾਏ ਨੇ ਦੱਸਿਆ ਕਿ ਇਸ ਕੇਸ ਵਿਚ ਉਨ੍ਹਾਂ ਕੋਲ ਅੱਜ ਤੱਕ ਕੋਈ ਸ਼ਿਕਾਇਤ ਨਹੀਂ ਆਈ। ਸ਼ਿਕਾਇਤ ਆਉਣ ’ਤੇ ਕੇਸ ਦੀ ਜਾਂਚ ਕਰ ਕੇ ਕਾਰਵਾਈ ਕਰਨਗੇ।


LEAVE A REPLY