ਦੂਸ਼ਿਤ ਪਾਣੀ, ਗ਼ੈਰ ਸੁਥਰੇ ਹਾਲਾਤ ਤੇ ਮਾੜਾ ਨਿਕਾਸੀ ਪ੍ਰਬੰਧ, ਰੋਗਾਂ ਦਾ ਮੁੱਖ ਕਾਰਨ-ਜਨਤਕ ਸਿਹਤ ਮਾਹਿਰ


boy-using-tap

ਲੁਧਿਆਣਾ -ਸਾਫ ਸੁਥਰਾ ਪਾਣੀ ਚੰਗੀ ਸਿਹਤ ਲਈ ਬਹੁਤ ਜਰੂਰੀ ਹੈ। ਪੀਣ, ਦੰਦ ਸਾਫ ਕਰਨ, ਹੱਥ ਧੋਣ, ਨਹਾਉਣ ਅਤੇ ਭੋਜਨ ਬਨਾਉਣ ਵਾਲਾ ਪਾਣੀ ਰਸਾਇਣਾਂ ਅਤੇ ਹਾਨੀਕਾਰਕ ਕੀਟਾਣੂਆਂ ਤੋਂ ਰਹਿਤ ਹੋਣਾ ਚਾਹੀਦਾ ਹੈ ਨਹੀ ਤਾਂ ਪਰਜੀਵੀਆਂ ਰਾਹੀਂ ਪਾਣੀ ਸਾਡੇ ਲਈ ਵੱਡੀਆਂ ਬਿਮਾਰੀਆਂ ਦਾ ਕਾਰਣ ਬਣਦਾ ਹੈ। ਪਾਣੀ ਤੋਂ ਹੋਣ ਵਾਲੇ ਬਹੁਤ ਸਾਰੇ ਰੋਗ ਜਿਵੇਂ ਪੀਲੀਆ, ਦਸਤ, ਹੈਜ਼ਾ, ਟਾਈਫਾਈਡ, ਹੈਪਟਾਈਟਸ ਅਤੇ ਭੋਜਨ ਦਾ ਜ਼ਹਿਰਬਾਦ ਅਜਿਹੀਆਂ ਬਿਮਾਰੀਆਂ ਹਨ ਜੋ ਗੰਦੇ ਅਤੇ ਦੂਸ਼ਿਤ ਪਾਣੀ ਦੀ ਵਰਤੋਂ ਨਾਲ ਹੁੰਦੀਆਂ ਹਨ। ਬਰਸਾਤ ਦੇ ਮੌਸਮ ਵਿੱਚ ਹੋਣ ਵਾਲੇ ਇਨ•ਾਂ ਰੋਗਾਂ ਸਬੰਧੀ ਚਰਚਾ ਕਰਦਿਆਂ ਇਹ ਜਾਣਕਾਰੀ ਗੁਰੂ ਅੰਗਦ ਦੇਵ ਵੈਟਨਰੀ ਅਤੇ ਐਨੀਮਲ ਸਾਇੰਸਜ਼ ਯੂਨੀਵਰਸਿਟੀ, ਲੁਧਿਆਣਾ ਦੇ ਜਨਤਕ ਸਿਹਤ ਸਕੂਲ ਦੇ ਨਿਰਦੇਸ਼ਕ ਡਾ. ਰਾਬਿੰਦਰ ਸਿੰਘ ਔਲਖ ਨੇ ਸਾਂਝੀ ਕੀਤੀ। ਉਨਾਂ ਕਿਹਾ ਕਿ ਬਰਸਾਤ ਦੇ ਮੌਸਮ ਵਿੱਚ ਇਨਾਂ ਬਿਮਾਰੀਆਂ ਦਾ ਪ੍ਰਕੋਪ ਬਹੁਤ ਵਧ ਜਾਂਦਾ ਹੈ, ਕਿਉਂਕਿ ਪੀਣ ਵਾਲੇ ਪਾਣੀ ਵਿੱਚ ਗੰਦੇ ਪਾਣੀ ਦਾ ਮਿਲ ਜਾਣਾ ਇਕ ਵੱਡਾ ਕਾਰਣ ਬਣਦਾ ਹੈ। ਇਹ ਬਿਮਾਰੀਆਂ ਪਰਜੀਵੀਆਂ, ਬੈਕਟੀਰੀਆ ਅਤੇ ਵਾਇਰਲ ਦੇ ਰੂਪ ਵਿੱਚ ਮਨੁੱਖ ਨੂੰ ਬਿਮਾਰ ਕਰਦੀਆਂ ਹਨ। ਇਹ ਰੋਗਾਣੂ ਮਨੁੱਖੀ ਅੰਤੜੀਆਂ ਨੂੰ ਪ੍ਰਭਾਵਿਤ ਕਰਦੇ ਹਨ, ਕਿਉਂਕਿ ਬਿਮਾਰੀ ਪੈਦਾ ਕਰਨ ਵਾਲੇ ਸੂਖਮ ਜੀਵ ਦੂਸ਼ਿਤ ਪਾਣੀ ਰਾਹੀਂ ਸਿੱਧੇ ਮਨੁੱਖੀ ਸਰੀਰ ਵਿੱਚ ਜਾ ਪਹੁੰਚਦੇ ਹਨ। ਉਨਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ ਦੇ ਅੰਕੜਿਆਂ ਮੁਤਾਬਿਕ ਵਿਸ਼ਵ ਵਿੱਚ ਹੁੰਦੇ ਕੁੱਲ ਬੀਮਾਰਾਂ ਵਿੱਚੋਂ 4 ਪ੍ਰਤੀਸ਼ਤ ਤੋਂ ਵਧੇਰੇ ਪੇਟ ਅਤੇ ਦਸਤ ਦੀਆਂ ਬਿਮਾਰੀਆਂ ਤੋਂ ਪ੍ਰਭਾਵਿਤ ਹੁੰਦੇ ਹਨ। ਹਰ ਸਾਲ ਵਿਸ਼ਵ ਵਿੱਚ ਇਨ•ਾਂ ਰੋਗਾਂ ਕਾਰਣ ਤਕਰੀਬਨ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਇਹ ਅਨੁਮਾਨ ਕੀਤਾ ਜਾਂਦਾ ਹੈ ਕਿ ਇਨਾਂ ਮੌਤਾਂ ਵਿੱਚੋਂ 88 ਪ੍ਰਤੀਸ਼ਤ ਦੂਸ਼ਿਤ ਪਾਣੀ, ਸਫਾਈ ਦੇ ਮਾੜੇ ਹਾਲਾਤ ਅਤੇ ਗੰਦੇ ਪਾਣੀ ਦੀ ਅਯੋਗ ਨਿਕਾਸੀ ਦੇ ਕਾਰਣ ਹੁੰਦੀਆਂ ਹਨ। ਵਿਕਾਸਸ਼ੀਲ ਦੇਸ਼ਾਂ ਵਿੱਚ ਬੱਚੇ ਇਸ ਦਾ ਸਭ ਤੋਂ ਵੱਧ ਸ਼ਿਕਾਰ ਬਣਦੇ ਹਨ।

ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਵਿਭਾਗ ਦੇ ਮਾਹਿਰਾਂ ਨੇ ਕਿਹਾ ਕਿ ਬਰਸਾਤੀ ਮੌਸਮ ਦੌਰਾਨ ਪਾਣੀ ਦੀ ਰੁਕਾਵਟ, ਸੀਵਰੇਜ ਦੀ ਗ਼ੈਰ ਨਿਕਾਸੀ ਅਤੇ ਦੂਸ਼ਿਤ ਪਾਣੀ ਦੇ ਪੀਣ ਯੋਗ ਪਾਣੀ ਵਿੱਚ ਮਿਲ ਜਾਣ ਕਾਰਣ ਇਹ ਬਿਮਾਰੀਆਂ ਫੈਲਦੀਆਂ ਹਨ।ਇਸ ਤੋਂ ਇਲਾਵਾ ਰੁਕਿਆ ਹੋਇਆ ਪਾਣੀ ਵਧੇਰੇ ਮੱਛਰ ਪੈਦਾ ਕਰਦਾ ਹੈ ਅਤੇ ਇਨ•ਾਂ ਮੱਛਰਾਂ ਰਾਹੀਂ ਡੇਂਗੂ ਅਤੇ ਮਲੇਰੀਏ ਵਰਗੇ ਰੋਗ ਫੈਲਦੇ ਹਨ। ਜਨਤਾ ਨੂੰ ਚਾਹੀਦਾ ਹੈ ਕਿ ਉਹ ਆਪਣੀ ਵਸੋਂ ਵਾਲੀਆਂ ਥਾਵਾਂ ਦੇ ਨੇੜੇ ਤੇੜੇ ਪਾਣੀ ਬਿਲਕੁਲ ਨਾ ਇਕੱਠਾ ਹੋਣ ਦੇਣ ਅਤੇ ਪਾਣੀ ਨਿਕਾਸੀ ਮਾਰਗਾਂ ਨੂੰ ਵੀ ਦਰੁਸਤ ਰੱਖਣ। ਪਾਣੀ ਦਾ ਭੰਡਾਰ ਕਰਨ ਵਾਲੀਆਂ ਟੈਂਕੀਆਂ ਅਤੇ ਭਾਂਡਿਆਂ ਨੂੰ ਵੀ ਸਾਫ ਸੁਥਰਾ ਰੱਖਣਾ ਚਾਹੀਦਾ ਹੈ ਕਿਉਂਕਿ ਇਨ•ਾਂ ਵਿੱਚ ਵੀ ਬਹੁਤ ਸਾਰੇ ਕੀਟਾਣੂ ਇਕੱਠੇ ਹੁੰਦੇ ਰਹਿੰਦੇ ਹਨ।ਇਨਾਂ ਟੈਂਕੀਆਂ ਨੂੰ ਸਾਲ ਵਿੱਚ ਦੋ ਵਾਰ ਚੰਗੇ ਤਰੀਕੇ ਨਾਲ ਕੀਟਾਣੂ ਰਹਿਤ ਕਰਨਾ ਚਾਹੀਦਾ ਹੈ ਅਤੇ ਪਾਣੀ ਦੀ ਜਾਂਚ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ। ਘਰਾਂ ਵਿੱਚ ਵਰਤੇ ਜਾਂਦੇ ਪਾਣੀ ਦੇ ਫਿਲਟਰ ਵੀ ਚੰਗੀ ਕਵਾਲਿਟੀ ਦੇ ਹੋਣੇ ਚਾਹੀਦੇ ਹਨ ਤੇ ਉਨਾਂ ਦੀ ਵੀ ਸਮੇਂ ਸਮੇਂ ਸਫਾਈ ਹੋਣੀ ਬਹੁਤ ਜਰੂਰੀ ਹੈ। ਪਾਣੀ ਸਬੰਧੀ ਕਿਸੇ ਕਿਸਮ ਦਾ ਸ਼ੱਕ ਹੋਣ ਤੇ ਉਸ ਨੂੰ ਕਿਸੇ ਭਰੋਸੇਯੋਗ ਪ੍ਰਯੋਗਸ਼ਾਲਾ ਤੋਂ ਜਾਂਚ ਕਰਵਾ ਲੈਣਾ ਚਾਹੀਦਾ ਹੈ, ਅਜਿਹੀ ਸਹੂਲਤ ਵੈਟਨਰੀ ਯੂਨੀਵਰਸਿਟੀ ਦੇ ਜਨਤਕ ਸਿਹਤ ਸਕੂਲ ਵਿਖੇ ਵੀ ਉਪਲਬਧ ਹੈ। ਪਾਣੀ ਦੀ ਸਾਫ ਪੂਰਤੀ ਨਾਲ ਅਤੇ ਸਿਹਤਮੰਦ ਆਦਤਾਂ ਅਪਣਾ ਕੇ ਅਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹਾਂ।


LEAVE A REPLY