ਖਾਧ ਪਦਾਰਥਾਂ ਦਾ ਕਾਰੋਬਾਰ ਕਰਨ ਲਈ ਰਜਿਸਟਰੇਸ਼ਨ ਅਤੇ ਮਾਪਦੰਡ ਪੂਰੇ ਕਰਨੇ ਬੇਹੱਦ ਜ਼ਰੂਰੀ, ਉਲੰਘਣਾ ਕਰਨ ਵਾਲਿਆਂ ਹੋ ਸਕਦਾ ਭਾਰੀ ਜ਼ੁਰਮਾਨਾ ਅਤੇ ਸਜ਼ਾ- ਜ਼ਿਲਾ ਸਿਹਤ ਅਫ਼ਸਰ


ਜ਼ਿਲਾ ਲੁਧਿਆਣਾ ਵਿੱਚ ਨਕਲੀ ਵਸਤਾਂ ਦੀ ਵਿਕਰੀ, ਮਿਲਾਵਟੀ ਦੁੱਧ ਅਤੇ ਦੁੱਧ ਪਦਾਰਥਾਂ ਤੋਂ ਬਣਨ ਵਾਲੀਆਂ ਵਸਤਾਂ ਦੀ ਰੋਕਥਾਮ ਯਕੀਨੀ ਬਣਾਉਣ ਲਈ ਜ਼ਿਲਾ ਪ੍ਰਸਾਸ਼ਨ ਨੇ ਇੱਕ ਨਵੀਂ ਪਹਿਲਕਦਮੀ ਕਰਦਿਆਂ ਮਠਿਆਈ ਵਿਕਰੇਤਾਵਾਂ, ਕੇਟਰਿੰਗ ਕੰਪਨੀਆਂ, ਹੋਟਲਾਂ, ਢਾਬਿਆਂ ਦੇ ਮਾਲਕਾਂ ਅਤੇ ਠੇਕੇਦਾਰਾਂ ਨੂੰ ਮਿਲਾਵਟ ਅਤੇ ਹੋਰ ਮਾਪਦੰਡ ਚੈੱਕ ਕਰਨ ਲਈ ਸਿਖ਼ਲਾਈ ਦੇਣ ਲਈ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਅੱਜ ਸਥਾਨਕ ਗੁਰੂ ਨਾਨਕ ਦੇਵ ਭਵਨ ਵਿਖੇ ਕੀਤਾ, ਜਿਸ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਅਤੇ ਵਧੀਕ ਡਿਪਟੀ ਕਮਿਸ਼ਨਰ ਜਗਰਾਂਉ ਸ੍ਰੀਮਤੀ ਨੀਰੂ ਕਤਿਆਲ ਗੁਪਤਾ ਨੇ ਵਿਸ਼ੇਸ਼ ਤੌਰ ‘ਤੇ ਹਾਜ਼ਰੀ ਭਰੀ।
ਪ੍ਰੋਗਰਾਮ ਵਿੱਚ ਵੱਖ-ਵੱਖ ਵਿਭਾਗਾਂ ਜਿਵੇਂਕਿ ਫੂਡ ਸੇਫਟੀ ਵਿਭਾਗ, ਡੇਅਰੀ ਵਿਕਾਸ ਵਿਭਾਗ, ਬਾਗਬਾਨੀ ਵਿਭਾਗ, ਖੇਤੀਬਾੜੀ ਵਿਭਾਗ, ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ, ਵੇਰਕਾ ਮਿਲਕ ਪਲਾਂਟ ਅਤੇ ਸਿਹਤ ਵਿਭਾਗ ਦੇ ਵਿਸ਼ਾ ਮਾਹਿਰਾਂ ਵੱਲੋਂ ਵੱਖ-ਵੱਖ ਵਿਸ਼ਿਆਂ ਬਾਰੇ ਜਾਣਕਾਰੀ ਦਿੱਤੀ ਗਈ ਅਤੇ ਮਿਲਾਵਟ ਨੂੰ ਚੈੱਕ ਕਰਨ ਦੀਆਂ ਵਿਧੀਆਂ ਤੋਂ ਜਾਣੂ ਕਰਵਾਇਆ ਗਿਆ।

ਫੂਡ ਸੇਫਟੀ ਐਂਡ ਸਟੈਂਡਰਡਜ਼ ਐਕਟ, 2006 ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿਹਤ ਅਫ਼ਸਰ ਡਾ. ਅੰਦੇਸ਼ ਕੰਗ ਨੇ ਦੱਸਿਆ ਕਿ ਆਮ ਤੌਰ ‘ਤੇ ਦੇਖਣ ਵਿੱਚ ਆਉਂਦਾ ਹੈ ਕਿ ਜਿਆਦਾਤਰ ਕਾਰੋਬਾਰੀਆਂ ਕੋਲ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਲੋੜੀਂਦੀ ਪ੍ਰਮਿਸ਼ਨ ਅਤੇ ਰਜਿਸਟਰੇਸ਼ਨ ਹੀ ਨਹੀਂ ਹੁੰਦੀ, ਜਿਸ ਕਾਰਨ ਉਨਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਭਾਵੇਂਕਿ ਉਨਾਂ ਦੇ ਉਤਪਾਦ ਮਾਪਦੰਡ ਪੂਰੇ ਹੀ ਕਿਉਂ ਨਾ ਕਰਦੇ ਹੋਣ। ਉਨਾਂ ਕਿਹਾ ਕਿ ਕੋਈ ਵੀ ਕਾਰੋਬਾਰ ਨੂੰ ਚਲਾਉਣ ਲਈ ਲੋੜੀਂਦੀ ਰਜਿਸਟਰੇਸ਼ਨ ਆਦਿ ਹੋਣੀ ਜ਼ਰੂਰੀ ਹੈ ਅਤੇ ਤਿਆਰ ਕੀਤੇ ਜਾਂਦੇ ਉਤਪਾਦ ਦੀ ਲੇਬਲਿੰਗ ਕਰਵਾਉਣੀ ਵੀ ਜ਼ਰੂਰੀ ਹੁੰਦੀ ਹੈ। ਇਸ ਤੋਂ ਇਲਾਵਾ ਉਪਰੋਕਤ ਐਕਟ ਤਹਿਤ ਕਾਰੋਬਾਰ ਲਈ ਕੁਝ ਮਾਪਦੰਡ ਨਿਰਧਾਰਤ ਕੀਤੇ ਗਏ ਹਨ, ਜਿਨਾਂ ਨੂੰ ਪੂਰਾ ਕਰਨਾ ਲਾਜ਼ਮੀ ਹੈ। ਇਨਾਂ ਦੀ ਅਣਹੋਂਦ ਵਿੱਚ ਕਾਰੋਬਾਰੀਆਂ ਨੂੰ ਭਾਰੀ ਜ਼ੁਰਮਾਨਾ ਅਤੇ ਸਜ਼ਾ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ।

ਸਮਾਗਮ ਦੌਰਾਨ ਡੇਅਰੀ ਵਿਕਾਸ ਵਿਭਾਗ ਦੇ ਕਾਰਜਕਾਰੀ ਅਫ਼ਸਰ ਡਾ. ਬਲਵਿੰਦਰ ਸਿੰਘ ਪੰਧੇਰ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਤੋਂ ਡਾ. ਨਿਕਿਤਾ ਗੋਇਲ ਨੇ ਦੁੱਧ ਦਾ ਸਾਫ਼ ਉਤਪਾਦਨ ਕਰਨ ਅਤੇ ਇਸ ਵਿੱਚ ਮਿਲਾਵਟ ਚੈੱਕ ਕਰਨ ਦੀਆਂ ਵਿਧੀਆਂ ਬਾਰੇ ਜਾਣਕਾਰੀ ਦਿੱਤੀ। ਪੇਸ਼ਕਾਰੀ ਦੌਰਾਨ ਸਾਹਮਣੇ ਆਇਆ ਕਿ ਮੌਜੂਦਾ ਸਮੇਂ ਦੁੱਧ ਵਿੱਚ ਪਾਣੀ ਦੇ ਨਾਲ-ਨਾਲ ਡਿਟਰਜੈਂਟ, ਕਾਸਟਿਕ ਸੋਡਾ, ਯੂਰੀਆ ਅਤੇ ਹੋਰ ਕੈਮੀਕਲਾਂ ਦੀ ਵਰਤੋਂ ਹੋ ਰਹੀ ਹੈ, ਜੋ ਕਿ ਮਨੁੱਖੀ ਸਿਹਤ ਲਈ ਬਹੁਤ ਹੀ ਘਾਤਕ ਹੈ। ਇਸ ਮਿਲਾਵਟ ਨੂੰ ਚੈੱਕ ਕਰਨ ਲਈ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਕੋਲ ਦੋ ਤਰਾਂ ਦੀਆਂ ਕਿੱਟਾਂ ਮੌਜੂਦ ਹਨ। ਇਸ ਤੋਂ ਇਲਾਵਾ ਖਪਤਕਾਰ ਦੁੱਧ ਦੀ ਜਾਂਚ ਲਈ ਯੂਨੀਵਰਸਿਟੀ ਦੀ ਲੈਬਾਰਟਰੀ ਅਤੇ ਡੇਅਰੀ ਵਿਕਾਸ ਵਿਭਾਗ ਦੇ ਸਮੂਹ ਦਫ਼ਤਰਾਂ ਨਾਲ ਵੀ ਸਿੱਧਾ ਸੰਪਰਕ ਕਰ ਸਕਦੇ ਹਨ। ਇਹ ਵੀ ਦੱਸਿਆ ਕਿ ਬਿਮਾਰ ਪਸ਼ੂਆਂ ਦਾ ਦੁੱਧ ਨਹੀਂ ਵਰਤਿਆ ਜਾਣਾ ਚਾਹੀਦਾ ਅਤੇ ਇਸ ਧਰਤੀ ਵਿੱਚ ਦੱਬ ਦੇਣਾ ਚਾਹੀਦਾ ਹੈ ਤਾਂ ਜੋ ਕੋਈ ਬਿਮਾਰੀ ਨਾ ਫੈਲ ਸਕੇ।

ਇਸ ਪ੍ਰੋਗਰਾਮ ਦੌਰਾਨ ਆਤਮਾ ਪ੍ਰੋਜੈਕਟ, ਬਾਗਬਾਨੀ ਵਿਭਾਗ, ਸਿਹਤ ਵਿਭਾਗ, ਡੇਅਰੀ ਵਿਕਾਸ ਵਿਭਾਗ, ਵੇਰਕਾ ਅਤੇ ਹੋਰ ਸਵੈ ਸਹਾਇਤਾ ਗਰੁੱਪਾਂ ਵੱਲੋਂ ਆਪਣੇ ਉਤਪਾਦਾਂ ਅਤੇ ਸੇਵਾਵਾਂ ਸੰਬੰਧੀ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਦਾ ਲੋਕਾਂ ਨੇ ਭਰਪੂਰ ਲਾਭ ਲਿਆ। ਮੀਟਿੰਗ ਵਿੱਚ ਹਾਜ਼ਰ ਮਠਿਆਈ ਵਿਕਰੇਤਾਵਾਂ, ਕੇਟਰਿੰਗ ਕੰਪਨੀਆਂ, ਹੋਟਲਾਂ, ਢਾਬਿਆਂ ਦੇ ਮਾਲਕਾਂ ਅਤੇ ਠੇਕੇਦਾਰਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਨੂੰ ਸਫ਼ਲ ਕਰਨ ਲਈ ਸਹਿਯੋਗ ਕਰਨ। ਸਮਾਗਮ ਦੌਰਾਨ ਸਹਾਇਕ ਸਿਵਲ ਸਰਜਨ ਡਾ. ਮਨਜੀਤ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ੍ਰ. ਦਿਲਬਾਗ ਸਿੰਘ ਹਾਂਸ, ਡਿਪਟੀ ਡਾਇਰੈਕਟਰ ਬਾਗਬਾਨੀ ਸ੍ਰ. ਜਗਦੇਵ ਸਿੰਘ, ਜ਼ਿਲਾ ਲੋਕ ਸੰਪਰਕ ਅਫ਼ਸਰ ਸ੍ਰ. ਪ੍ਰਭਦੀਪ ਸਿੰਘ ਨੱਥੋਵਾਲ, ਹਲਵਾਈ ਐਸੋਸੀਏਸ਼ਨ ਦੇ ਜ਼ਿਲਾ ਪ੍ਰਧਾਨ ਸ੍ਰ. ਚਰਨਜੀਤ ਸਿੰਘ ਅਤੇ ਹੋਰ ਵੱਡੀ ਗਿਣਤੀ ਵਿੱਚ ਹਾਜ਼ਰ ਸਨ।


LEAVE A REPLY