ਵਿਦੇਸ਼ ਜਾਣ ਦੀ ਚਾਹ ਵਿੱਚ ਟ੍ਰੈਵਲ ਏਜੰਟਾਂ ਦੀ ਠੱਗੀ ਦਾ ਸ਼ਿਕਾਰ ਹੋਏ ਸੈਂਕੜੇ ਪੰਜਾਬੀ, ਮਿਲੇ ਨਕਲੀ ਵੀਜੇ


 

Indian Passport

ਵਿਦੇਸ਼ ਜਾਣ ਦੀ ਚਾਹ ਤੇ ਜ਼ਿਆਦਾ ਪੈਸੇ ਕਮਾਉਣ ਦੇ ਲਾਲਚ ਚ ਅੱਜ ਸੈਂਕੜੇ ਨੌਜਵਾਨ ਧੋਖੇਬਾਜ਼ ਟ੍ਰੈਵਲ ਏਜੰਟਾਂ ਦੇ ਅੜਿੱਕੇ ਆ ਧੋਖੇ ਦਾ ਸ਼ਿਕਾਰ ਹੋ ਰਹੇ ਹਨ। ਹੁਣ ਅਜਿਹਾ ਹੀ ਇੱਕ ਮਾਮਲਾ ਹੁਸ਼ਿਆਰਪੁਰ ਤੋਂ ਸਾਹਮਣੇ ਆਇਆ ਹੈ। ਵਿਦੇਸ਼ ਭੇਜਣ ਦੇ ਨਾਂ ‘ਤੇ ਏਜੰਟ ਨੇ ਸੈਂਕੜੇ ਨੌਜਵਾਨਾਂ ਨੂੰ ਆਪਣਾ ਸ਼ਿਕਾਰ ਬਣਾ ਲੱਖਾਂ ਰੁਪਏ ਡਾਕਾਰ ਲਏ ਹਨ।

ਹੁਸ਼ਿਆਰਪੁਰ ਦੀ ਟ੍ਰੈਵਲ ਕੰਪਨੀ ਨੇ ਪਿਛਲੇ ਦਿਨੀਂ ਅਖ਼ਬਾਰ ਚ ਇਸ਼ਤਿਹਾਰ ਦਿੱਤਾ ਸੀ ਕਿ ਉਨ੍ਹਾਂ ਨੂੰ ਕੁਵੈਤ ਲਈ ਕੁਝ ਨੌਜਵਾਨਾਂ ਦੀ ਲੋੜ ਹੈ। ਇਸ ਲਈ ਪੰਜਾਬ ਤੋਂ ਕਰੀਬ 400 ਨੌਜਵਾਨਾਂ ਨੇ ਅਪਲਾਈ ਕੀਤਾ। ਏਜੰਟ ਨੇ ਹਰ ਇੱਕ ਤੋਂ 20,000 ਤੋਂ 40,000 ਰੁਪਏ ਵੀ ਲਏ। ਇਸ ਮਗਰੋਂ ਉਨ੍ਹਾਂ ਨੂੰ ਨਕਲੀ ਵੀਜ਼ੇ ਫੜਾ ਦਿੱਤੇ। ਇਨ੍ਹਾਂ ਨੂੰ ਇਸ ਧੋਖਾਧੜੀ ਬਾਰੇ ਉਦੋਂ ਪਤਾ ਲੱਗਿਆ ਜਦੋਂ ਉਹ ਏਅਰਪੋਰਟ ਅਥਾਰਟੀ ਨਾਲ ਸੰਪਰਕ ਚ ਆਏ।

ਇਸ ਤੋਂ ਬਾਅਦ ਕਰੀਬ 100 ਨੌਜਵਾਨਾਂ ਨੇ ਏਜੰਟ ਦੇ ਦਫਤਰ ਤੇ ਧਾਵਾ ਬੋਲ ਦਿੱਤਾ ਤੇ ਏਜੰਟ ਨੂੰ ਥਾਣੇ ਲੈ ਗਏ। ਨੌਜਵਾਨਾਂ ਦਾ ਕਹਿਣਾ ਹੈ ਕਿ ਜਗਦੰਬੇ ਟੂਰ ਐਂਡ ਟ੍ਰੈਵਲਸ ਨਾਂ ਦੀ ਕੰਪਨੀ ਦੇ ਏਜੰਟ ਨੇ ਨਾ ਤਾਂ ਉਨ੍ਹਾਂ ਨੂੰ ਬਾਹਰ ਭੇਜਿਆ ਤੇ ਨਾ ਹੀ ਉਨ੍ਹਾਂ ਦੇ ਪੈਸੇ ਵਾਪਸ ਕੀਤੇ। ਇਸ ਦੇ ਨਾਲ ਹੀ ਪੀੜਤਾਂ ਦੇ ਪਾਸਪੋਰਟ ਵੀ ਖ਼ਰਾਬ ਕਰ ਦਿੱਤੇ। ਹੁਣ ਪੀੜਤ ਨੌਜਵਾਨ ਪੁਲਿਸ ਤੋਂ ਇਨਸਾਫ ਦੀ ਮੰਗ ਕਰ ਰਹੇ ਹਨ। ਪੁਲਿਸ ਨੇ ਏਜੰਟ ਨੂੰ ਹਿਰਾਸਤ ਵਿੱਚ ਲੈ ਜਾਂਚ ਸ਼ੁਰੂ ਕਰ ਦਿੱਤੀ ਹੈ।


LEAVE A REPLY