ਜ਼ਿਲਾ ਲੁਧਿਆਣਾ ਦੇ 110 ਪਿੰਡਾਂ ਵਿੱਚ ਭਾਰਤ ਸਰਕਾਰ ਵੱਲੋਂ ਚਲਾਇਆ ਜਾਵੇਗਾ ਗਰਾਮ ਸਵਰਾਜ ਅਭਿਆਨ -ਵਧੀਕ ਡਿਪਟੀ ਕਮਿਸ਼ਨਰ


Shena Aggarwal ADC ludhiana

ਲੁਧਿਆਣਾ -ਭਾਰਤ ਸਰਕਾਰ ਵੱਲੋਂ ਦੇਸ਼ ਭਰ ਵਿੱਚ 14 ਅਪ੍ਰੈੱਲ ਤੋਂ 5 ਮਈ ਤੱਕ ‘ਗਰਾਮ ਸਵਰਾਜ ਅਭਿਆਨ’ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਚੁਣੇ ਹੋਏ ਪਿੰਡਾਂ ਵਿੱਚ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਦਾ ਪ੍ਰਚਾਰ ਕਰਨ ਦੇ ਨਾਲ-ਨਾਲ ਉਨਾਂ ਦੇ ਯੋਗ ਲਾਭਪਾਤਰੀਆਂ ਦੀ ਸ਼ਨਾਖ਼ਤ ਕਰਕੇ ਉਨਾਂ ਦਾ ਲਾਭ ਮੁਹੱਈਆ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ। ਇਹ ਅਭਿਆਨ ਤਹਿਤ ਜ਼ਿਲਾ ਲੁਧਿਆਣਾ ਦੇ 110 ਪਿੰਡਾਂ ਦੀ ਚੋਣ ਕੀਤੀ ਗਈ ਹੈ, ਜਿੱਥੇ ਵੱਖ-ਵੱਖ ਤਰਾਂ ਦੀਆਂ ਗਤੀਵਿਧੀਆਂ ਕਰਵਾ ਕੇ ਇਸ ਅਭਿਆਨ ਨੂੰ ਸਫ਼ਲ ਕਰਨ ਲਈ ਵਿਉਂਤਬੰਦੀ ਕੀਤੀ ਗਈ ਹੈ।

ਇਸ ਸੰਬੰਧੀ ਬੁਲਾਈ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਇਨਾਂ 22 ਦਿਨਾਂ ਦੌਰਾਨ ਵੱਖ-ਵੱਖ ਵਿਭਾਗਾਂ ਵੱਲੋਂ ਜ਼ਿਲਾ’ ਲੁਧਿਆਣਾ ਦੇ 110 ਪਿੰਡਾਂ ਵਿੱਚ ਕੈਂਪ, ਸੈਮੀਨਾਰ ਅਤੇ ਹੋਰ ਪ੍ਰਚਾਰ ਸਾਧਨਾਂ ਰਾਹੀਂ ਭਾਰਤ ਸਰਕਾਰ ਵੱਲੋਂ ਚਲਾਈਆਂ 7 ਵਿਸ਼ੇਸ਼ ਯੋਜਨਾਵਾਂ ਉਜਾਲਾ ਯੋਜਨਾ, ਪ੍ਰਧਾਨ ਮੰਤਰੀ ਉਜਵਲਾ ਯੋਜਨਾ, ਸਹਿਜ ਬਿਜਲੀ ਹਰ ਘਰ ਯੋਜਨਾ-ਸੌਭਾਗਿਆ, ਪ੍ਰ੍ਰਧਾਨ ਮੰਤਰੀ ਜਨ-ਧਨ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ, ਪ੍ਰਧਾਨ ਮੰਤਰੀ ਸੁਰੱਕਸ਼ਾ ਬੀਮਾ ਯੋਜਨਾ ਅਤੇ ਮਿਸ਼ਨ ਇੰਦਰਧਨੁੱਸ਼ ਬਾਰੇ ਜਾਗਰੂਕ ਕੀਤਾ ਜਾਵੇਗਾ ਅਤੇ ਇਨਾਂ ਯੋਜਨਾਵਾਂ ਅਧੀਨ ਜੇਕਰ ਕੋਈ ਲਾਭਪਾਤਰੀ ਕਵਰ ਕੀਤਾ ਜਾ ਸਕਦਾ ਹੈ ਤਾਂ ਉਸਨੂੰ ਉਸ ਦਾ ਬਣਦਾ ਲਾਭ ਮੁਹੱਈਆ ਕਰਵਾਇਆ ਜਾਵੇਗਾ।

ਉਨਾਂ ਵੇਰਵੇ ਸਹਿਤ ਜਾਣਕਾਰੀ ਦਿੰਦਿਆਂ ਦੱਸਿਆ ਇਸ ਅਭਿਆਨ ਤਹਿਤ ਮਿਤੀ 14 ਅਪ੍ਰੈੱਲ ਨੂੰ ਅੰਬੇਦਕਰ ਜੈਯੰਤੀ ਮੌਕੇ ‘ਸਮਾਜਿਕ ਨਿਆਂ ਦਿਵਸ’ ਵਜੋਂ ਮਨਾਇਆ ਜਾਵੇਗਾ, ਜਿਸ ਦੌਰਾਨ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਜਾਣ ਵਾਲੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਲੋਕਾਂ ਨੂੰ ਦਿਖਾਇਆ ਜਾਵੇਗਾ। ਮਿਤੀ 18 ਅਪ੍ਰੈੱਲ ਨੂੰ ‘ਸਵੱਛ ਭਾਰਤ ਪਰਵ’ ਵਜੋਂ ਮਨਾਇਆ ਜਾਵੇਗਾ, ਜਿਸ ਦੌਰਾਨ ਪਿੰਡਾਂ ਵਿੱਚ ਸਫਾਈ ਅਭਿਆਨ ਸ਼ੁਰੂ ਕੀਤਾ ਜਾਵੇਗਾ। 20 ਅਪ੍ਰੈੱਲ ਨੂੰ ‘ਉਜਵਲਾ ਪੰਚਾਇਤ ਦਿਵਸ’ ਵਜੋਂ ਮਨਾਇਆ ਜਾਵੇਗਾ ਅਤੇ ਯੋਗ ਲਾਭਪਾਤਰੀਆਂ ਨੂੰ ਉਜਵਲਾ ਯੋਜਨਾ ਤਹਿਤ ਗੈਸ ਚੁੱਲਿਆਂ ਅਤੇ ਸਿਲੰਡਰਾਂ ਦੀ ਵੰਡ ਕੀਤੀ ਜਾਵੇਗੀ। 24 ਅਪ੍ਰੈੱਲ ਨੂੰ ‘ਪੰਚਾਇਤੀ ਰਾਜ ਦਿਵਸ’ ਵਜੋਂ ਮਨਾਇਆ ਜਾਵੇਗਾ ਅਤੇ ਪਿੰਡ ਪੱਧਰ ‘ਤੇ ਹੋਣ ਵਾਲੇ ਸਮਾਗਮਾਂ ਦੌਰਾਨ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਸਿੱਧਾ ਪ੍ਰਸਾਰਨ ਦਿਖਾਇਆ ਜਾਵੇਗਾ।

ਇਸੇ ਤਰਾਂ 28 ਅਪ੍ਰੈੱਲ ਨੂੰ ‘ਗਰਾਮ ਸ਼ਕਤੀ ਅਭਿਆਨ’ ਵਾਲੇ ਦਿਨ ਪ੍ਰਧਾਨ ਮੰਤਰੀ ਆਵਾਸ ਯੋਜਨਾ, ਪ੍ਰਧਾਨ ਮੰਤਰੀ ਸੌਭਾਗਿਆ ਯੋਜਨਾ ਅਤੇ ਹੋਰ ਯੋਜਨਾਵਾਂ ਦੇ ਲਾਭਪਾਤਰੀਆਂ ਨੂੰ ਸੰਬੰਧਤ ਯੋਜਨਾ ਦਾ ਮੌਕੇ ‘ਤੇ ਲਾਭ ਮੁਹੱਈਆ ਕਰਵਾਇਆ ਜਾਵੇਗਾ। 30 ਅਪ੍ਰੈੱਲ ਨੂੰ ‘ਆਯੂਸ਼ਮਾਨ ਭਾਰਤ ਅਭਿਆਨ’ ਦਿਹਾੜੇ ਤਹਿਤ ਪਿੰਡਾਂ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀਯ ਸਵੱਸਥਿਆ ਸੁਰੱਕਸ਼ਾ ਮਿਸ਼ਨ ਅਤੇ ਹੋਰ ਸਿਹਤ ਸੇਵਾਵਾਂ ਬਾਰੇ ਜਾਣਕਾਰੀ ਮੁਹੱਈਆ ਕਰਵਾਈ ਜਾਵੇਗੀ। 2 ਮਈ ਨੂੰ ‘ਕਿਸਾਨ ਕਲਿਆਣ ਕਾਰਿਆਸ਼ਾਲਾ’ ਵਰਕਸ਼ਾਪਾਂ ਦਾ ਆਯੋਜਨ ਵੱਖ-ਵੱਖ ਸਕੀਮਾਂ ਰਾਹੀਂ ਕਿਸਾਨਾਂ ਦੀ ਆਮਦਨੀ ਨੂੰ ਦੁੱਗਣਾ ਕਰਨ ਬਾਰੇ ਜਾਗਰੂਕ ਕੀਤਾ ਜਾਵੇਗਾ। 5 ਮਈ ਨੂੰ ਬਲਾਕ ਅਤੇ ਜ਼ਿਲਾ ਪੱਧਰ ‘ਤੇ ‘ਅਜੀਵਕਾ ਅਤੇ ਕੌਸ਼ਲ ਵਿਕਾਸ ਮੇਲੇ’ ਲਗਾਏ ਜਾਣਗੇ, ਜਿਨਾਂ ਦੌਰਾਨ ਸਵੈ-ਸਹਾਇਤਾ ਗਰੁੱਪ ਦੀਆਂ ਮੈਂਬਰਾਂ ਅਤੇ ਸਕਿੱਲ ਡਿਵੈੱਲਪਮੈਂਟ ਸਕੀਮਾਂ ਦੇ ਲਾਭਪਾਤਰੀਆਂ ਨੂੰ ਵੱਖ-ਵੱਖ ਯੋਜਨਾਵਾਂ ਦੀ ਜਾਣਕਾਰੀ ਦੇਣ ਦੇ ਨਾਲ-ਨਾਲ ਪ੍ਰਧਾਨ ਮੰਤਰੀ ਵੱਲੋਂ ਦਿੱਤਾ ਜਾਣ ਵਾਲਾ ਭਾਸ਼ਣ ਦਿਖਾਇਆ ਜਾਵੇਗਾ। ਇਸ ਮੌਕੇ ਉਨਾਂ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਹਰੇਕ ਵਿਭਾਗ ਵੱਲੋਂ ਨੋਡਲ ਅਫ਼ਸਰ ਨਿਯੁਕਤ ਕਰਕੇ ਇਸ ਮੁਹਿੰਮ ਤਹਿਤ ਯਾਦਗਾਰੀ ਦਿਨਾਂ ਨੂੰ ਦਿੱਤੀ ਗਈ ਸਮਾਂ ਸੂਚੀ ਅਨੁਸਾਰ ਮਨਾਉਣ ਲਈ ਤਿਆਰੀਆਂ ਸ਼ੁਰੂ ਕੀਤੀਆਂ ਜਾਣ। ਇਹ ਯਤਨ ਕੀਤਾ ਜਾਵੇ ਕਿ ਹਰੇਕ ਭਾਈਚਾਰੇ ਦੇ ਲੋਕ ਇਨਾਂ ਪ੍ਰੋਗਰਾਮਾਂ ਵਿੱਚ ਵੱਧ ਚੜ ਕੇ ਭਾਗ ਲੈਣ ਤਾਂ ਜੋ ਉਹ ਕਿਸੇ ਨਾ ਕਿਸੇ ਯੋਜਨਾ ਅਧੀਨ ਲਾਭ ਲੈ ਸਕਣ। ਇਨਾਂ ਸਾਰੇ ਪ੍ਰੋਗਰਾਮਾਂ ਸੰੰਬੰਧੀ ਪ੍ਰਗਤੀ ਦੀ ਰੋਜ਼ਾਨਾ ਸਮੀਖਿਆ ਹੋਇਆ ਕਰੇਗੀ।

  • 288
    Shares

LEAVE A REPLY