ਮਿਸ਼ਨ ਤੰਦਰੁਸਤ ਪੰਜਾਬ- ਸਿਹਤ ਵਿਭਾਗ ਵੱਲੋਂ ਡਾਇਰੀਆ ਤੋਂ ਬਚਾਅ ਲਈ ਸਲਾਹਾਂ ਜਾਰੀ


Dr. Parvinder Pal Singh Civil Surgeon

ਲੁਧਿਆਣਾ – ਸ਼ਹਿਰ ਦੇ ਕੁਝ ਇਲਾਕਿਆਂ ਵਿੱਚ ਡਾਇਰੀਆ ਦੇ ਮਾਮਲੇ ਸਾਹਮਣੇ ਆਉਣ ਦੀਆਂ ਘਟਨਾਵਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਜਿੱਥੇ ਸਿਹਤ ਵਿਭਾਗ ਵੱਲੋਂ ਲਗਾਤਾਰ ਰਾਹਤ ਕਾਰਜ ਜਾਰੀ ਕੀਤੇ ਹੋਏ ਹਨ ਉਥੇ ਆਮ ਲੋਕਾਂ ਨੂੰ ਡਾਇਰੀਆ ਤੋਂ ਬਚਣ ਲਈ ਯੋਗ ਸਲਾਹਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਲੋਕਾਂ ਦੀ ਸਹਾਇਤਾ ਲਈ ਜ਼ਿਲਾ ਪੱਧਰੀ ਹੈੱਲਪਲਾਈਨ ਨੰਬਰ ਵੀ ਜਾਰੀ ਕੀਤਾ ਗਿਆ ਹੈ ਅਤੇ ਸੰਭਾਵੀ ਖਤਰੇ ਵਾਲੇ ਖੇਤਰਾਂ ਵਿੱਚ 2 ਲੱਖ ਤੋਂ ਵਧੇਰੇ ਜ਼ਿੰਕ ਗੋਲੀਆਂ, 30 ਹਜ਼ਾਰ ਤੋਂ ਵਧੇਰੇ ਕਲੋਰੀਨ ਗੋਲੀਆਂ, 2.42 ਲੱਖ ਓ.ਆਰ.ਐਸ. ਪੈਕੇਟ ਅਤੇ ਹੋਰ ਗੋਲੀਆਂ ਘਰ-ਘਰ ਜਾ ਕੇ ਵੰਡੀਆਂ ਜਾ ਰਹੀਆਂ ਹਨ।

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ ਨੇ ਲੋਕਾਂ ਨੂੰ ਡਾਇਰੀਆ ਤੋਂ ਬਚਣ ਦੇ ਉਪਾਅ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਮੇਸ਼ਾ ਸਾਫ਼ ਅਤੇ ਸ਼ੁੱਧ ਪਾਣੀ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ। ਕੋਸ਼ਿਸ਼ ਕਰੋ ਕਿ ਪਾਣੀ ਉਬਾਲ ਕੇ ਪੀਤਾ ਜਾਵੇ ਜਾਂ 20 ਲੀਟਰ ਪਾਣੀ ਵਿੱਚ ਇੱਕ ਕਲੋਰੀਨ ਦੀ ਗੋਲੀ ਪਾ ਕੇ ਅੱਧਾ ਘੰਟਾ ਠਹਿਰ ਕੇ ਪਾਣੀ ਪੁਣ ਕੇ ਪੀਤਾ ਜਾਵੇ।ਖਾਣ ਪੀਣ ਦੀਆਂ ਵਸਤਾਂ ਧੂੜ ਅਤੇ ਮੱਖੀਆਂ ਆਦਿ ਤੋਂ ਢੱਕ ਕੇ ਰੱਖੀਆਂ ਜਾਣ। ਭੋਜਨ ਹਮੇਸ਼ਾਂ ਗਰਮ ਤੇ ਤਾਜ਼ਾ ਹੀ ਖਾਓ।ਜ਼ਿਆਦਾ ਪੱਕੇ ਅਤੇ ਕੱਟੇ ਹੋਏ ਫਲ ਤੇ ਸਬਜ਼ੀਆਂ ਨਾ ਖਾਧੀਆਂ ਜਾਣ। ਖਾਣਾ ਖਾਣ ਤੋਂ ਪਹਿਲਾਂ ਤੇ ਟੱਟੀ ਜਾਣ ਤੋਂ ਬਾਅਦ ਹੱਥ ਸਾਬਣ ਨਾਲ ਧੋਣੇ ਚਾਹੀਦੇ ਹਨ।
ਉਨਾਂ ਹੋਰ ਕਿਹਾ ਕਿ ਸਾਨੂੰ ਆਪਣੇ ਘਰਾਂ ਦੁਆਲੇ ਸਫਾਈ ਰੱਖਣ ਦੇ ਨਾਲ-ਨਾਲ ਪਾਣੀ ਖੜਾ ਨਹੀਂ ਹੋਣ ਦਿੱਤਾ ਜਾਣਾ ਚਾਹੀਦਾ ਹੈ।ਦਸਤ ਉਲਟੀਆਂ ਲੱਗਣ ‘ਤੇ ਲੂਣ ਚੀਨੀ ਦੇ ਘੋਲ ਦੀ ਵਰਤੋਂ ਕਰਨੀ ਚਾਹੀਦੀ ਹੈ। ਇਹ ਪੈਕੇਟ ਸਿਹਤ ਸੰਸਥਾਵਾਂ ਵੱਲੋਂ ਮੁਫਤ ਦਿੱਤਾ ਜਾ ਰਿਹਾ ਹੈ।ਜੇਕਰ ਲੋੜ ਹੋਵੇ ਤਾਂ ਮਰੀਜ਼ ਨੂੰ ਤੁਰੰਤ ਨੇੜੇ ਦੇ ਸਿਹਤ ਕੇਂਦਰ ਜਾਂ ਹਸਪਤਾਲ ਵਿਖੇ ਲਿਜਾਣਾ ਚਾਹੀਦਾ ਹੈ। ਡਾ. ਸਿੱਧੂ ਨੇ ਕਿਹਾ ਕਿ ਇਸ ਸੰਬੰਧੀ ਵਧੇਰੇ ਜਾਣਕਾਰੀ ਲਈ ਕੰਟਰੋਲ ਰੂਮ ਦਫ਼ਤਰ ਸਿਵਲ ਸਰਜਨ ਟੈਲੀਫੋਨ ਨੰਬਰ 0161-2444193 ਨਾਲ ਸੰਪਰਕ ਕਰਨਾ ਚਾਹੀਦਾ ਹੈ।

ਡਾ. ਸਿੱਧੂ ਨੇ ਦੱਸਿਆ ਕਿ ਪਿਛਲੇ ਮਹੀਨੇ ਗੀਤਾ ਕਲੋਨੀ, ਭਾਰਤੀ ਕਲੋਨੀ, ਅਮਨ ਕਲੋਨੀ, ਬਹਾਦੁਰਕੇ ਰੋਡ ਤੋਂ ਦਸਤ, ਉਲਟੀਆਂ ਦੇ ਮਰੀਜ਼ ਸਾਹਮਣੇ ਆਏ ਸਨ।ਸੂਚਨਾ ਮਿਲਦੇ ਸਾਰ ਹੀ ਰੈਪਿਡ ਰਿਸਪੌਂਸ ਟੀਮ ਵੱਲੋਂ ਮੌਕੇ ‘ਤੇ ਜਾ ਕੇ ਸਰਵੇ ਕੀਤਾ ਗਿਆ ਸੀ।ਪ੍ਰਭਾਵਿਤ ਖੇਤਰ ਦੇ ਘਰਾਂ ਦਾ ਸਰਵੇ ਕਰਾਉਣ ਉਪਰੰਤ ਜੋ ਮਰੀਜ਼ ਮਿਲੇ ਸਨ, ਉਨਾਂ ਨੂੰ ਸਿਵਲ ਹਸਪਤਾਲ ਲੁਧਿਆਣਾ ਵਿਖੇ ਰੈਫ਼ਰ ਕੀਤਾ ਗਿਆ ਸੀ।ਇਸੇ ਤਰਾਂ ਹੁਣ ਵੀ ਸੰਵੇਦਨਸ਼ੀਲ ਇਲਾਕਿਆਂ ਵਿੱਚ ਸਰਵੇ ਲਗਾਤਾਰ ਜਾਰੀ ਹੈ। ਸੰਭਾਵੀ ਖਤਰੇ ਵਾਲੇ ਖੇਤਰਾਂ ਵਿੱਚ 2 ਲੱਖ ਤੋਂ ਵਧੇਰੇ ਜ਼ਿੰਕ ਗੋਲੀਆਂ, 30 ਹਜ਼ਾਰ ਤੋਂ ਵਧੇਰੇ ਕਲੋਰੀਨ ਗੋਲੀਆਂ, 2.42 ਲੱਖ ਓ.ਆਰ.ਐਸ. ਪੈਕੇਟ ਅਤੇ ਹੋਰ ਗੋਲੀਆਂ ਘਰ-ਘਰ ਜਾ ਕੇ ਵੰਡੀਆਂ ਜਾ ਰਹੀਆਂ ਹਨ।


LEAVE A REPLY