UN ਚ ਭਾਰਤ-ਪਾਕਿ ਇੱਕ-ਦੂਜੇ ਨਾਲ ਮਿਹਣੋ-ਮਿਹਣੀ


India Pakistan Speaks against each other in UN

ਯੁਕਤ ਰਾਸ਼ਟਰ ਦੀ ਮਹਾਂਸਭਾ ਵਿੱਚ ਭਾਰਤ-ਪਾਕਿਸਤਾਨ ਦੇ ਵਿਦੇਸ਼ ਮੰਤਰੀਆਂ ਦੀ ਮੁਲਾਕਾਤ ਰੱਦ ਹੋਣ ਤੋਂ ਬਾਅਦ ਬੀਤੇ ਕੱਲ੍ਹ ਦੋਵਾਂ ਦੇਸ਼ਾਂ ਨੇ ਇੱਕ-ਦੂਜੇ ਵਿਰੁੱਧ ਖ਼ੂਬ ਭੜਾਸ ਕੱਢੀ। ਪਹਿਲਾਂ ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਆਪਣਾ ਭਾਸ਼ਣ ਦਿੱਤਾ ਤੇ ਅਗਲੀ ਵਾਰੀ ਪਾਕਿਸਤਾਨ ਦੇ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਦੀ ਆਈ। ਪਾਕਿਸਤਾਨੀ ਵਿਦੇਸ਼ ਮੰਤਰੀ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਭਾਰਤ ਖਿਲਾਫ ਆਪਣੀ ਖੁੰਦਕ ਕੱਢਦਿਆਂ ਕਿਹਾ ਕਿ ਭਾਰਤ ਅਮਨ ਦੀ ਗੱਲ ਕਰਨ ਦੀ ਬਜਾਏ ਘਰੇਲੂ ਰਾਜਨੀਤੀ ਨੂੰ ਤਰਜੀਹ ਦੇ ਰਿਹਾ ਹੈ।

ਵਿਦੇਸ਼ ਮੰਤਰੀਆਂ ਦੀ ਵਾਰਤਾ ਰੱਦ ਕੀਤੇ ਜਾਣ ‘ਤੇ ਕੁਰੈਸ਼ੀ ਨੇ ਕਿਹਾ ਕਿ ਪਾਕਿਸਤਾਨ ਭਾਰਤ ਨਾਲ ਸਾਰੇ ਮੁੱਦਿਆਂ ‘ਤੇ ਗੱਲਬਾਤ ਕਰਨਾ ਚਾਹੁੰਦਾ ਸੀ ਪਰ ਨਵੀਂ ਦਿੱਲੀ ਨੇ ਰਾਜਨੀਤੀ ਨੂੰ ਤਰਜੀਹ ਦਿੰਦਿਆਂ ਵਾਰਤਾ ਰੱਦ ਕਰ ਦਿੱਤੀ। ਸੰਯੁਕਤ ਰਾਸ਼ਟਰ ਦੇ ਮੰਚ ਤੋਂ ਵੀ ਪਾਕਿਸਤਾਨ ਨੇ ਕਸ਼ਮੀਰ ਰਾਗ ਅਲਾਪਿਆ। ਕੁਰੈਸ਼ੀ ਨੇ ਆਪਣੇ ਭਾਸ਼ਨ ‘ਚ ਕਿਹਾ ਕਿ ਅਸੀਂ ਗੰਭੀਰ ਤੇ ਵਿਆਪਕ ਵਾਰਤਾ ਜ਼ਰੀਏ ਵਿਵਾਦਾਂ ਦਾ ਹੱਲ ਚਾਹੁੰਦੇ ਹਾਂ ਜਿਸ ‘ਚ ਚਿੰਤਾ ਦੇ ਸਾਰੇ ਮੁੱਦੇ ਸ਼ਾਮਲ ਹਨ। ਕੁਰੈਸ਼ੀ ਨੇ ਕਿਹਾ ਕਿ ਭਾਰਤ ਐਲਓਸੀ ‘ਤੇ ਗੋਲ਼ੀਬੰਦੀ ਦੀ ਉਲੰਘਣਾ ਕਰਦਾ ਰਹਿੰਦਾ ਹੈ। ਅਸੀਂ ਇਹ ਦੱਸ ਦੇਈਏ ਕਿ ਪਾਕਿਸਤਾਨ ਦੇ ਸਬਰ ਦਾ ਇਮਤਿਹਾਨ ਨਾ ਲਿਆ ਜਾਵੇ। ਭਾਰਤ ਨੇ ਜੇਕਰ ਐਲਓਸੀ ਪਾਰ ਕੀਤੀ ਤਾਂ ਉਸ ਨੂੰ ਤਿੱਖੇ ਪਲਟਵਾਰ ਦਾ ਸਾਹਮਣਾ ਕਰਨਾ ਪਵੇਗਾ। ਦੱਖਣੀ ਏਸ਼ੀਆ ‘ਚ ਪਰਮਾਣੂ ਸੰਤੁਲਨ ਦੀ ਗੱਲ ਕੀਤੀ ਜਾਂਦੀ ਹੈ ਪਰ ਪਾਕਸਿਤਾਨ ਦੀ ਪਰਮਾਣੂ ਹਥਿਆਰਾਂ ਦੀ ਵਰਤੋਂ ਨਾ ਕਰਨ ਦੀ ਗਾਰੰਟੀ ਨਹੀਂ ਦੇ ਸਕਦਾ।

ਸੁਸ਼ਮਾ ਨੇ ਸੰਯੁਕਤ ਰਾਸ਼ਟਰ ਮਹਾਂਸਭਾ ‘ਚ ਪਾਕਸਿਤਾਨ ‘ਤੇ ਲਾਏ ਨਿਸ਼ਾਨੇ:

ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅੱਤਵਾਦ ਦੇ ਮੁੱਦੇ ‘ਤੇ ਗਵਾਂਡੀ ਦੇਸ਼ ਪਾਕਸਿਤਾਨ ਨੂੰ ਖਰੀਆਂ-ਖਰੀਆਂ ਸੁਣਾਈਆਂ। ਉਨ੍ਹਾਂ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ ਅੱਤਵਾਦ ਫੈਲਾਉਣ ‘ਚ ਮਾਹਿਰ ਹੈ। ਸੁਸ਼ਮਾ ਨੇ ਇਹ ਵੀ ਕਿਹਾ ਕਿ 9/11 ਦਾ ਮਾਸਟਰ ਮਾਇੰਡ ਮਾਰਿਆ ਗਿਆ ਪਰ 26/11 ਦਾ ਮਾਸਟਰ ਮਾਈਂਡ ਸ਼ਰੇਆਮ ਘੁੰਮ ਰਿਹਾ ਹੈ। ਜ਼ਿਕਰਯੋਗ ਹੈ ਕਿ ਸੁਸ਼ਮਾ ਸਵਰਾਜ ਨੇ ਆਪਣਾ ਸਾਰਾ ਭਾਸ਼ਣ ਹਿੰਦੀ ‘ਚ ਦਿੱਤਾ। ਸੁਸ਼ਮਾ ਨੇ ਕਿਹਾ ਕਿ ਭਾਰਤ ਨੇ ਲਗਾਤਾਰ ਯਤਨ ਕੀਤੇ ਹਨ ਕਿ ਦੇਵਾਂ ਦੇਸ਼ਾਂ ਦਰਮਿਆਨ ਗੱਲਬਾਤ ਦਾ ਮਾਹੌਲ ਬਣੇ ਪਰ ਅੱਤਵਾਦ ਦੇ ਵਾਤਾਵਰਣ ‘ਚ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਸੰਭਵ ਨਹੀਂ। ਸੁਸ਼ਮਾ ਨੇ ਕਿਹਾ ਕਿ ਪਾਕਿਸਤਾਨ ਅੱਤਵਾਦੀਆਂ ਦੀਆਂ ਤਸਵੀਰਾਂ ਲੱਗੇ ਡਾਕ ਟਿਕਟ ਜਾਰੀ ਕਰਦਾ ਹੈ। ਅਜਿਹੇ ‘ਚ ਭਾਰਤ ਅੱਤਵਾਦੀਆਂ ਦੀਆਂ ਕਰਤੂਤਾਂ ਨੂੰ ਕਦੋਂ ਤੱਕ ਨਜ਼ਰ ਅੰਦਾਜ਼ ਕਰ ਸਕਦਾ ਹੈ।

ਵਿਦੇਸ਼ ਮੰਤਰੀ ਨੇ ਕਿਹਾ ਕਿ ਪਾਕਸਿਤਾਨ ‘ਚ ਅੱਤਵਾਦੀਆਂ ਨੂੰ ਸੁਤੰਤਰਤਾ ਸੈਨਾਨੀ ਕਿਹਾ ਜਾਂਦਾ ਹੈ। ਪਾਕਿਸਤਾਨ ਦੀਆਂ ਹਰਕਤਾਂ ਨਾ ਰੋਕੀਆਂ ਗਈਆਂ ਤਾਂ ਅੱਤਵਾਦ ਦੀ ਅੱਗ ਪੂਰੀ ਦੁਨੀਆ ਨੂੰ ਲਪੇਟ ‘ਚ ਲੈ ਲਵੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੁਸ਼ਮਾ ਸਵਰਾਜ ਨੇ ਇੰਡੋਨੇਸ਼ੀਆ ‘ਚ ਆਏ ਭੂਚਾਲ ਅਤੇ ਸੁਨਾਮੀ ‘ਤੇ ਦੁੱਖ ਜਤਾਇਆ ਤੇ ਭਾਰਤ ਵੱਲੋਂ ਹਰ ਸੰਭਵ ਸਹਾਇਤਾ ਦਾ ਵਾਅਦਾ ਕੀਤਾ। ਇਸ ਦੌਰਾਨ ਉਨ੍ਹਾਂ ਪੂਰੀ ਦੁਨੀਆ ਸਾਹਮਣੇ ਮੋਦੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਾਈਆਂ।


LEAVE A REPLY