ਕਰਤਾਰਪੁਰ ਸਾਹਿਬ ਜਾਨ ਵਾਲੇ ਲਾਂਘੇ ਦੇ ਖੁੱਲ੍ਹਣ ਦੇ ਆਸਾਰ ਵਧੇ, ਭਾਰਤੀ ਹਾਈ ਕਮਿਸ਼ਨਰ ਨੇ ਕੀਤਾ ਕਰਤਾਰਪੁਰ ਸਾਹਿਬ ਦਾ ਦੌਰਾ


ਕਰਤਾਰਪੁਰ ਸਾਹਿਬ ਦਾ ਲਾਂਘਾ ਖੁੱਲ੍ਹਣ ਦੇ ਆਸਾਰ ਵਧਦੇ ਨਜ਼ਰ ਆ ਰਹੇ ਹਨ। ਇਸ ਦਾ ਕਾਰਨ ਭਾਰਤ ਦੇ ਪਾਕਿਸਤਾਨ ਵਿੱਚ ਹਾਈ ਕਮਿਸ਼ਨਰ ਦੀ ਕਰਤਾਰਪੁਰ ਸਾਹਿਬ ਫੇਰੀ ਹੈ। ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਤੋਂ ਪਹਿਲਾਂ ਇਸ ਤਰ੍ਹਾਂ ਅਧਿਕਾਰੀਆਂ ਦੀ ਫੇਰੀ ਸ਼ੁਭ ਸੰਕੇਤ ਦੇ ਰਹੀ ਹੈ। ਪਾਕਿਸਤਾਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਅਜੇ ਬਸਾਰੀਆ ਨੇ ਬੁੱਧਵਾਰ ਨੂੰ ਕਰਤਾਰਪੁਰ ਸਾਹਿਬ ਗੁਰਦੁਆਰਾ ਮੱਥਾ ਟੇਕਿਆ। ਮੱਥਾ ਟੇਕਣ ਤੋਂ ਬਾਅਦ ਬਸਾਰੀਆ ਨੇ ਏਬੀਪੀ ਸਾਂਝਾ ਨੂੰ ਦੱਸਿਆ ਕਿ ਸਾਡੀ ਪੂਰੀ ਕੋਸ਼ਿਸ਼ ਰਹੇਗੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਤਾਰਪੁਰ ਕੋਰੀਡੋਰ ਖੁੱਲ੍ਹ ਸਕੇ।

ਬਸਾਰੀਆ ਨੇ ਕਿਹਾ ਕਿ ਜੇਕਰ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਦੀ ਸਹਿਮਤੀ ਬਣੇ ਤਾਂ ਲਾਂਘਾ ਖੋਲ੍ਹਿਆ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਾਕਿ ਫ਼ੌਜ ਮੁਖੀ ਕਮਰ ਜਾਵੇਦ ਬਾਜਵਾ ਨਾਲ ਗਲਵੱਕੜੀ ਤੋਂ ਬਾਅਦ ਜਿੱਥੇ ਵਿਵਾਦ ਪੈਦਾ ਹੋਇਆ, ਉੱਥੇ ਕਰਤਾਰਪੁਰ ਲਾਂਘਾ ਖੁੱਲ੍ਹਵਾਉਣ ਲਈ ਪਹਿਲਕਦਮੀ ਕਰਨ ਦੀ ਦੌੜ ਵੀ ਸ਼ੁਰੂ ਹੋ ਗਈ।

ਸਿੱਧੂ ਵੱਲੋਂ ਪਾਕਿ ਫ਼ੌਜ ਮੁਖੀ ਦੀ ਕਰਤਾਰਪੁਰ ਲਾਂਘੇ ਨੂੰ ਖੋਲ੍ਹਣ ਬਾਰੇ ਵਿਚਾਰ ਚਰਚਾ ਦੇ ਖੁਲਾਸੇ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਲਾਂਘਾ ਖੋਲ੍ਹਣ ਬਾਬਤ ਪੱਤਰ ਲਿਖਿਆ ਸੀ। ਬੁੱਧਵਾਰ ਸਵੇਰ ਸਰਨਾ ਭਰਾਵਾਂ ਨੇ ਵੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸਿੱਖਾਂ ਨੂੰ ਵੱਧ ਮਿਆਦ ਦਾ ਵੀਜ਼ਾ ਦੇਣ ਲਈ ਮੰਗ ਪੱਤਰ ਵੀ ਦਿੱਤਾ ਹੈ। ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਸਿੱਧੂ ਨੂੰ ਚੈਲੰਜ ਕੀਤਾ ਸੀ ਕਿ ਉਹ ਕਰਤਾਰਪੁਰ ਲਾਂਘਾ ਖੁੱਲ੍ਹਵਾ ਕੇ ਦਿਖਾਉਣ। ਹੁਣ ਲਗਦਾ ਹੈ ਕਿ ਉਨ੍ਹਾਂ ਦਾ ਚੈਲੰਜ ਰਾਸ ਆ ਗਿਆ ਹੈ ਅਤੇ ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਠੋਸ ਸੰਕੇਤ ਮਿਲ ਰਹੇ ਹਨ।

  • 7
    Shares

LEAVE A REPLY