ਓਲੰਪੀਅਨ ਪ੍ਰਿਥੀਪਾਲ ਸਿੰਘ ਮਾਸਟਰ ਹਾਕੀ ਫੈਸਟੀਵਲ – ਕਿਲ੍ਹਾ ਰਾਏਪੁਰ ਸਮਰਾਲਾ ਨੂੰ 5-3 ਨਾਲ ਹਰਾ ਕੇ ਸੈਮੀਫਾਈਨਲ ‘ਚ, ਜਗਰਾਉਂ ਕੁਅਟਰਫਾਈਨਲ ਵਿਚ ਪੁੱਜੀ


ਲੁਧਿਆਣਾ – ਮਾਤਾ ਸਾਹਿਬ ਕੌਰ ਸਪੋਰਟਸ ਚੈਰੀਟੇਬਲ ਟਰੱਸਟ ਵਲੋਂ 8ਵੇਂ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦੇ ਛੇਵੇਂ ਦਿਨ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਜਿੱਥੇ ਸੈਮੀਫਾਈਨਲ ਵਿਚ ਆਪਣੀ ਜਗ੍ਹਾ ਪੱਕੀ ਕੀਤੀ ਉਥੇ ਹੀ ਜਗਰਾਉਂ ਨੇ ਆਪਣਾ ਮੁਕਾਬਲਾ ਜਰਖੜ ਹੱਥੋਂ ਹਾਰਨ ਦੇ ਬਾਵਜੂਦ ਵੀ ਕੁਅਟਰਫਾਈਨਲ ਵਿਚ ਆਪਣਾ ਸਥਾਨ ਨਿਸਚਿਤ ਕੀਤਾ| ਫਲੱਡ ਲਾਈਟਾਂ ਦੀ ਰੌਸ਼ਨੀ ਵਿਚ ਨੀਲੇ ਅਤੇ ਲਾਲ ਰੰਗ ਦੀ ਐਸਟੋਟਰਫ ‘ਤੇ ਖੇਡੇ ਜਾ ਰਹੇ ਓਲੰਪੀਅਨ ਪ੍ਰਿਥੀਪਾਲ ਸਿੰਘ ਹਾਕੀ ਫੈਸਟੀਵਲ ਦਾ ਨਜ਼ਾਰਾ ਇਕ ਅੰਤਰ-ਰਾਸ਼ਟਰੀ ਟੂਰਨਾਮੈਂਟ ਦੀ ਝਲਕ ਪੇਸ਼ ਕਰ ਰਿਹਾ ਹੈ। ਅੱਜ ਖੇਡੇ ਗਏ ਰੋਮਾਂਚਕ ਮੈਚਾਂ ਵਿਚ ਗਰੇਵਾਲ ਕਲੱਬ ਕਿਲ੍ਹਾ ਰਾਏਪੁਰ ਨੇ ਯੰਗ ਸਪੋਰਟਸ ਕਲੱਬ ਸਮਰਾਲਾ ਨੂੰ 5-3 ਨਾ ਹਰਾਇਆ। ਅੱਧੇ ਸਮੇਂ ਤਕ ਜੇਤੂ ਟੀਮ 2-1 ਨਾਲ ਅੱਗੇ ਸੀ। ਕਿਲ੍ਹਾ ਰਾਏਪੁਰ ਵੱਲੋਂ ਨਵਜੋਤ ਸਿੰਘ ਅਤੇ ਕੁਲਦੀਪ ਸਿੰਘ ਨੇ 2-2 ਗੋਲ, ਕਪਤਾਨ ਸਰਬਜੋਤ ਸਿੰਘ ਜੋਤੀ ਨੇ 1 ਗੋਲ ਕੀਤਾ। ਜਦਕਿ ਸਮਰਾਲਾ ਵੱਲੋਂ ਬਰਿੰਦਰ ਸਿੰਘ, ਜਗਤਾਰ ਸਿੰਘ ਅਤੇ ਨਵਪ੍ਰੀਤ ਸਿੰਘ ਨੇ 1-1 ਗੋਲ ਕੀਤਾ।

ਜਰਖੜ ਜਿੱਤਣ ਦੇ ਬਾਵਜੂਦ ਹੋਇਆ ਖਿਤਾਬੀ ਦੌੜ ‘ਚੋਂ ਬਾਹਰ

ਅੱਜ ਦੇ ਦੂਸਰੇ ਮੁਕਾਬਲੇ ਵਿਚ ਤਾਜ ਰਿਜ਼ੌਰਟਸ ਕਲੱਬ ਜਰਖੜ ਨੇ ਮਾਸਟਰ ਰਾਮ ਸਿੰਘ ਕਲੱਬ ਚਚਰਾੜੀ ਜਗਰਾਉਂ ਨੂੰ ਧੋਬੀ ਪਟਕਾ ਮਾਰਦ‌ਿਆਂ 9-4 ਨਾਲ ਵੱਡੀ ਹਾਰ ਦਿੱਤੀ। ਅੱਧੇ ਸਮੇਂ ਤੱਕ ਜਰਖੜ 3-1 ਨਾਲ ਅੱਗੇ ਸੀ। ਜਿੱਤ ਦੇ ਬਾਵਜੂਦ ਵੀ ਜਰਖੜ ਖਿਤਾਬੀ ਦੌੜ ਵਾਲੀਆਂ ਟੀਮਾਂ ‘ਚੋਂ ਬਾਹਰ ਹੋ ਗਿਆ ਕਿਉਂਕਿ ਉਸਨੂੰ ਕੁਆਟਰਫਾਈਨਲ ਵਿਚ ਪੁੱਜਣ ਲਈ 2 ਹੋਰ ਅੰਕਾਂ ਦੀ ਲੋੜ ਸੀ। ਪਰ ਜਗਰਾਉਂ ਹਾਰਨ ਦੇ ਬਾਵਜੂਦ ਕੁਅਟਰਫਾਈਨਲ ਵਿਚ ਪਰਵੇਸ਼ ਕਰ ਗਿਆ। ਜਰਖੜ ਵੱਲੋਂ ਕਪਤਾਨ ਗੁਰਸਤਿੰਦਰ ਸਿੰਘ ਪਰਗਟ ਨੇ 5 ਗੋਲ, ਮਨਦੀਪ ਸਿੰਘ ਨੇ 2, ਨੌਜਵਾਨ ਖਿਡਾਰੀ ਅਜੇਪਾਲ ਸਿੰਘ ਤੇ ਜੋਗਿੰਦਰ ਸਿੰਘ ਨੇ 1-1 ਗੋਲ ਕੀਤਾ। ਜਦਕਿ ਜਗਰਾਉਂ ਵੱਲੋਂ ਪਰਮਿੰਦਰ ਸਿੰਘ ਨੇ 2 , ਕੁਲਵਿੰਦਰ ਸਿੰਘ ਅਤੇ ਅਮਨਦੀਪ ਸਿੰਘ ਨੇ 1-1 ਗੋਲ ਕੀਤਾ।

ਜੂਨੀਅਰ ਹਾਕੀ ਮੁਕਾਬਲੇ ਹੋਣਗੇ 30 ਤੋਂ

ਜਰਖੜ ਹਾਕੀ ਫੈਸਟੀਵਲ ਦੇ ਅੰਡਰ-17 ਜੂਨੀਅਰ ਹਾਕੀ ਮੁਕਾਬਲੇ 30 ਜੂਨ ਤੋਂ ਸ਼ੁਰੂ ਹੋਣਗੇ। ਜਿਸ ਵਿਚ ਪਿਛਲੇ ਸਾਲ ਦੀ ਚੈਂਪੀਅਨ ਗਰੇਵਾਲ ਅਕੈਡਮੀ ਕਿਲ੍ਹਾ ਰਾਏਪੁਰ, ਉਪ ਜੇਤੂ ਮਾਤਾ ਸਾਹਿਬ ਕੌਰ ਹਾਕੀ ਅਕੈਡਮੀ ਜਰਖੜ, ਰਣਧੀਰ ਸਿੰਗ ਧੀਰਾ ਅਕੈਡਮੀ ਧਮੋਟ, ਰਾਮਪੁਰ ਹਾਕੀ ਸੈਂਟਰ, ਬਹਾਦੁਰਗੜ੍ਹ, ਘਵੱਦੀ ਸਕੂਲ, ਸ਼ੇਰੇ ਸੁਲਤਾਨਪੁਰ ਅਕੈਡਮੀ ਸਮਰਾਲਾ, ਫਰਿਜ਼ਨੋ ਅਕੈਡਮੀ ਕੈਲੀਫੋਰਨੀਆ ਹਿੱਸਾ ਲੈਣਗੀਆਂ। ਇਹ ਟੂਰਨਾਮੈਂਟ ਨਾਕ-ਆਊਟ ਪ੍ਰਣਾਲੀ ਦੇ ਅਧਾਰ ‘ਤੇ ਖੇਡਿਆ ਜਾਵੇਗਾ।

ਅੱਜ ਦੇ ਮੈਚਾਂ ਦੌਰਾਨ ਇੰਸਪੈਕਟਰ ਕੁਲਦੀਪ ਸਿੰਘ ਕੰਗ, ਹਰਿੰਦਰ ਸਿੰਘ ਐਮ.ਡੀ ਜਸ਼ਨ ਸਪੋਰਟਸ ਲੁਧਿਆਣਾ ਨੇ ਮੁੱਖ ਮਹਿਮਾਨ ਵਜੋਂ ਟੀਮਾਂ ਨਾਲ ਜਾਣ ਪਹਿਚਾਣ ਕੀਤੀ। ਇਸ ਮੌਕੇ ਖੇਡਾਂ ਦੇ ਮੁੱਖ ਪ੍ਰਬੰਧਕ ਜਗਰੂਪ ਸਿੰਘ ਜਰਖੜ, ਪਰਮਜੀਤ ਸਿੰਘ ਨੀਟੂ, ਨਰਾਇਣ ਸਿੰਘ ਗਰੇਵਾਲ ਆਸਟ੍ਰੇਲੀਆ, ਅਜੀਤ ਸਿੰਘ ਲਾਦੀਆਂ, ਰੁਪਿੰਦਰ ਸਿੰਘ ਸਮਰਾਲਾ, ਤੇਜਿੰਦਰ ਸਿੰਘ ਜਰਖੜ, ਸੰਦੀਪ ਸਿੰਘ ਜਰਖੜ, ਰਵਿੰਦਰ ਸਿੰਘ ਕਾਲਾ ਘਵੱਦੀ, ਗੁਰਦੀਪ ਸਿੰਘ ਟੀਟੂ ਕਿਲ਼੍ਹਾ ਰਾਏਪੁਰ ਆਦਿ ਸ਼ਖਸੀਅਤਾਂ ਹਾਜ਼ਰ ਸਨ। ਹੁਣ ਇਸ ਹਾਕੀ ਫੈਸਟੀਵਲ ਦੇ ਕੁਆਟਰਫਾਈਨਲ ਮੁਕਾਬਲੇ 30 ਮਈ ਨੂੰ ਗੁਰੂ ਗੋਬਿੰਦ ਸਿੰਘ ਮੋਗਾ ਬਨਾਮ ਅਕਾਲਗੜ੍ਹ ਵਿਚਕਾਰ ਸ਼ਾਮ 6 ਵਜੇ ਤੇ ਦੂਸਰਾ ਮੁਕਾਬਲਾ ਗਿੱਲ ਕਲੱਬ ਪਟਿਆਲਾ ਬਨਾਮ ਜਗਰਾਉਂ ਵਿਚਕਾਰ ਸ਼ਾਮ 7 ਵਜੇ ਖੇਡਿਆ ਜਾਵੇਗਾ। ਜੂਨੀਅਰ ਹਾਕੀ ਦੇ 4 ਮੈਚ ਉਸੇ ਦਿਨ 4 ਤੋਂ 7 ਵਜੇ ਤੱਕ ਖੇਡੇ ਜਾਣਗੇ।

  • 288
    Shares

LEAVE A REPLY