ਲੁਧਿਆਣਾ ਵਿਖੇ 4 ਰੋਜ਼ਾ ਮੈਗਾ ਰੋਜ਼ਗਾਰ ਮੇਲਾ 19 ਤੋਂ – 76 ਹਜ਼ਾਰ ਤੋਂ ਵਧੇਰੇ ਆਸਾਮੀਆਂ ਭਰਨ ਲਈ 866 ਕੰਪਨੀਆਂ ਲੈਣਗੀਆਂ ਇੰਟਰਵਿਊ


ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਨੌਕਰੀਆਂ ਮੁਹੱਈਆ ਕਰਾਉਣ ਲਈ ਸ਼ੁਰੂ ਕੀਤੀ ਗਈ ਘਰ-ਘਰ ਰੋਜ਼ਗਾਰ ਯੋਜਨਾ ਤਹਿਤ 4 ਰੋਜ਼ਾ ਮੈਗਾ ਰੋਜ਼ਗਾਰ ਮੇਲਾ ਲੁਧਿਆਣਾ ਵਿਖੇ 19 ਨਵੰਬਰ ਤੋਂ 22 ਨਵੰਬਰ ਤੱਕ ਲਗਾਇਆ ਜਾ ਰਿਹਾ ਹੈ, ਜਿਸ ਵਿੱਚ ਵੱਖ-ਵੱਖ 866 ਕੰਪਨੀਆਂ ਵੱਲੋਂ 76166 ਨੌਜਵਾਨਾਂ ਨੂੰ ਨੌਕਰੀ ਦੇਣ ਦਾ ਟੀਚਾ ਹੈ।

ਇਨਾਂ ਰੋਜ਼ਗਾਰ ਮੇਲਿਆਂ ਬਾਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਲੁਧਿਆਣਾ ਵਿਖੇ ਇਹ ਰੋਜ਼ਗਾਰ ਮੇਲੇ ਸਰਕਾਰੀ ਆਈ.ਟੀ.ਆਈ (ਲੜਕੇ) ਲੁਧਿਆਣਾ, ਸਰਕਾਰੀ ਟੈਕਸਟਾਈਲ ਕੈਮਿਸਟਰੀ ਐਂਡ ਨਿੰਟਿੰਗ ਅਕੈਡਮੀ ਰਿਸ਼ੀ ਨਗਰ, ਗੁਰੂ ਨਾਨਕ ਦੇਵ ਪੋਲੀਟੈਕਨਿਕ ਗਿੱਲ ਰੋਡ ਲੁਧਿਆਣਾ ਵਿਖੇ 19 ਨਵੰਬਰ ਤੋਂ 22 ਨਵੰਬਰ ਤੱਕ ਲੱਗਣਗੇ। ਉਨਾਂ ਕਿਹਾ ਕਿ ਭਾਵੇਂ ਕਿ ਇਹ ਮੈਗਾ ਰੋਜ਼ਗਾਰ ਮੇਲੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਲਗਾਏ ਜਾ ਰਹੇ ਹਨ ਪਰ ਨੌਜਵਾਨਾਂ ਨੂੰ ਲੁਧਿਆਣਾ ਵਿਖੇ ਨੌਕਰੀਆਂ ਪ੍ਰਾਪਤ ਕਰਨ ਦੇ ਸਭ ਤੋਂ ਵਧੇਰੇ ਮੌਕੇ ਹਨ ਕਿਉਂਕਿ ਇਕੱਲੇ ਲੁਧਿਆਣਾ ਸ਼ਹਿਰ ਨਾਲ ਸਬੰਧਤ ਸਨਅਤੀ ਇਕਾਈਆਂ ਨੂੰ ਹੀ 65 ਹਜ਼ਾਰ ਤੋਂ ਵਧੇਰੇ ਕਾਮਿਆਂ ਦੀ ਜ਼ਰੂਰਤ ਹੈ।ਲੁਧਿਆਣਾ ਵਿਖੇ ਪਹੁੰਚਣ ਵਾਲੀਆਂ ਜ਼ਿਆਦਾਤਰ ਕੰਪਨੀਆਂ ਅੰਤਰਰਾਸ਼ਟਰੀ ਪੱਧਰ ਦੀਆਂ ਹਨ, ਜਿੱਥੇ ਨੌਜਵਾਨ ਚੰਗੇ ਪੈਕੇਜ਼ ਵੀ ਪ੍ਰਾਪਤ ਕਰ ਸਕਣਗੇ।

ਸ਼੍ਰੀ ਅਗਰਵਾਲ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਇਨਾਂ 4 ਰੋਜ਼ਾ ਮੈਗਾ ਰੋਜ਼ਗਾਰ ਮੇਲਿਆਂ ਦਾ ਭਰਪੂਰ ਲਾਹਾ ਲੈਣ। ਉਨਾਂ ਵੱਖ-ਵੱਖ ਵਿਭਾਗਾਂ ਨੂੰ ਇਨਾਂ ਰੋਜ਼ਗਾਰ ਮੇਲਿਆਂ ਨੂੰ ਸਫ਼ਲ ਕਰਨ ਲਈ ਹਰ ਸੰਭਵ ਯਤਨ ਕਰਨ ਦੀ ਹਦਾਇਤ ਕੀਤੀ।ਇਸ ਮੌਕੇ ਉਨਾਂ ਵੱਖ-ਵੱਖ ਅਧਿਕਾਰੀਆਂ ਨਾਲ ਤਿਆਰੀਆਂ ਸਬੰਧੀ ਰਿਵਿਊ ਮੀਟਿੰਗ ਵੀ ਕੀਤੀ।


LEAVE A REPLY