ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵਲੋਂ ਮਸ਼ਾਲ ਮਾਰਚ ਕਰਨ ਉਪਰੰਤ ਪੰਜਾਬ ਸਰਕਾਰ ਅਤੇ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਦੀ ਅਰਥੀ ਮੰਤਰੀ ਦੇ ਘਰ ਅੱਗੇ ਫੂਕੀ ਗਈ


ਲੁਧਿਆਣਾ – 65% ਤੋਂ 75% ਤੱਕ ਤਨਖਾਹ ਕਟੋਤੀ,ਅਧਿਆਪਕ ਆਗੂਆਂ ਨੂੰ ਸਸਪੈਂਡ ਕਰਨ,ਰੈਗੂਲਰਾਈਜ਼ੇਸ਼ਨ ਦੇ ਨਾਮ ਤੇ ਅਖੌਤੀ ਨੋਟੀਫਿਕੇਸ਼ਨ ਕਰਨ ਅਤੇ ਅਧਿਆਪਕਾਂ ਦੀ ਜਬਰੀ ਟਰਾਂਸਫਰ ਕਰਨ ਦਾ ਰੋਸ ਜਤਾਉਣ ਲਈ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵਲੋਂ ਮਸ਼ਾਲ ਮਾਰਚ ਕਰਨ ਉਪਰੰਤ ਕੈਬਨਿਟ ਮੰਤਰੀ ਦੇ ਘਰ ਅੱਗੇ ਅਰਥੀ ਫੂਕੀ ਗਈ।ਚਤਰ ਸਿੰਘ ਪਾਰਕ ਤੋਂ ਲੈ ਕੇ ਈ.ਐੱਸ.ਆਈ. ਚੌਕ ਤੱਕ ਜਾਮ ਕਰਕੇ ਕੀਤਾ ਗਿਆ ਰੋਹ ਭਰਪੂਰ ਮਸ਼ਾਲ ਮਾਰਚ ਅਤੇ ਮਰਨ ਵਰਤ ਤੇ ਬੈਠੇ ਸਾਥੀਆਂ ਦੇ ਦਿੜ੍ਹ ਸੰਕਲਪ ਨੂੰ ਸਲਾਮ ਕਰਦਿਆਂ ਅਕਾਸ਼ ਗੂੰਜਦੇ ਨਾਅਰੇ ਲਗਾਏ ਗਏ। ਮਸ਼ਾਲ ਮਾਰਚ ਕਰਦੇ ਸਮੇਂ ਸਰਕਾਰ ਦੀ ਇਸ ਲੋਕ ਮਾਰੂ ਪਾਲਸੀ ਨੂੰ ਉਜਾਗਰ ਕਰਦੇ ਪਰਚੇ ਵੰਡੇ ਗਏ । ਆਮ ਲੋਕਾਂ ਨੇ ਵੀ ਪੰਜਾਬ ਸਰਕਾਰ ਦੇ ਹਿਟਲਰ ਰਵੱਈਏ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ।

ਅਧਿਆਪਕਾਂ ਦੇ ਪਰਿਵਾਰਾਂ ਨੇ ਮਸ਼ਾਲਾਂ ਚੱਕੀਆਂ ਅਤੇ ਸਰਕਾਰ ਨੂੰ ਵੰਗਾਰਦਿਆਂ ਕਿਹਾ ਕਿ ਸਰਕਾਰਾਂ ਲੋਕ ਭਲਾਈ ਲਈ ਬਣਾਈਆਂ ਜਾਂਦੀਆਂ ਹਨ ਨਾ ਕਿ ਲੋਕਾਂ ਦੇ ਗਲੇ ਘੁੱਟਣ ਲਈ । ਚੰਗੇ ਭਵਿੰਖ ਦੇ ਲਈ ਹਰ ਵਰਗ ਸਰਕਾਰਾਂ ਕੋਲੋਂ ਵਧੀਆ ਰੁਜ਼ਗਾਰ ਦੀ ਆਸ ਰੱਖਦਾ ਹੈ ਪਰ ਪੰਜਾਬ ਸਰਕਾਰ ਲੋਕਾਂ ਦੀਆਂ ਉਮੀਦਾਂ ਤੇ ਖਰੀ ਨਾ ਉੱਤਰਦੀ ਹੋਈ ਪਹਿਲਾਂ ਵਾਲੇ ਰੁਜ਼ਗਾਰ ਨੂੰ ਵੀ ਖੋਹਣ ਦੀ ਕੋਸ਼ਿਸ਼ ਕਰ ਰਹੀ ਹੈ। ਪੰਜਾਬ ਸਰਕਾਰ ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ ਦੇ ਨਾਮ ਤੇ ਪਰਿਵਾਰਾਂ ਦਾ ਉਜਾੜਾ ਕਰਨ ਤੇ ਉਤਾਰੂ ਹੋ । ਪਰ ਪੜ੍ਹੇ ਲਿਖੇ ਵਰਗ ਨੂੰ ਅਤੇ ਉਨ੍ਹਾਂ ਦੇ ਪਰਿਵਾਰਾਂ ਦਾ ਗਲਾ ਘੁੱਟਣ ਵਾਲੀ ਸਰਕਾਰ ਅਤੇ ਇਸਦੇ ਮੰਤਰੀ ਆਪਣਾ ਪੜਿਆ ਵਿਚਾਰ ਲੈਣ ।

ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਯਾਦ ਰੱਖੇ ਕਿ ਹਾਲੇ ਵੀ ਪੰਜਾਬੀਆਂ ਦੀ ਅਣਖ ਨਹੀਂ ਮਰੀ ਹੈ, ਉਨ੍ਹਾਂ ਦੀ ਗੈਰਤ ਜਿੰਦਾ ਹੈ ਇਸ ਲਈ ਉਹ ਆਪਣੇ ਬੱਚਿਆਂ ਦੇ ਭਵਿੱਖ ਲਈ ਅਤੇ ਪਰਿਵਾਰਾਂ ਦੀ ਭਲਾਈ ਲਈ ਆਪਣੀ ਜਾਨ ਤੱਕ ਦੀ ਬਾਜ਼ੀ ਲਾ ਦੇਣਗੇ ਅਤੇ ਪੂਰੀ ਤਨਖਾਹ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋ ਕੇ ਹੀ ਰਹਿਣਗੇ । ਜੀਣ ਮਰਨ ਦੀ ਲੜਾਈ,ਮਰਨ ਵਰਤ ਤੇ ਬੈਠੇ ਸਾਥੀਆਂ,ਸਾਰੇ ਅਧਿਆਪਕ ਵਰਗ ਅਤੇ ਕੁੱਲ ਸਮਾਜ ਦੀ ਵੀ ਹੈ । ਅਧਿਆਪਕਾਂ ਨੇ ਕਿਹਾ ਕਿ ਸਸਪੈਂਡ,ਟਰਾਂਸਫਰ ਕਰਕੇ ਹੱਕ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਹਰ ਸਰਕਾਰੀ ਕੋਸ਼ਿਸ਼ ਦਾ ਠੋਕਵਾਂ ਜਵਾਬ ਦਿੱਤਾ ਜਾਵੇਗਾ। ਪੂਰੀ ਤਨਖਾਹ,ਸਾਰੇ ਭੱਤੇ,ਸਾਰੀਆਂ ਸਹੂਲਤਾਂ ਸਮੇਤ ਪੈਨਸ਼ਨਰੀ ਲਾਭਾਂ ਦੇ ਪਿਛਲੀਆਂ ਸੇਵਾਵਾਂ ਦਾ ਲਾਭ ਦਿੰਦੇ ਹੋਏ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਰੈਗੂਲਰ ਕਰਵਾਉਣ ਸਮੇਤ ਸਾਰੀਆਂ ਮੰਗਾਂ ਦੇ ਪੂਰਨ ਹੱਲ ਤੱਕ ਸਾਂਝਾ ਅਧਿਆਪਕ ਮੋਰਚਾ ਪੂਰਾ ਤਾਣ ਲਾਵੇਗਾ।

ਆਗੂਆਂ ਨੇ ਦੱਸਿਆ ਕਿ ਪਹਿਲਾਂ ਤੋਂ ਹੀ ਸਥਾਪਿਤ ਨਿਯਮ ਕਾਨੂੰਨ, ਪਿਛਲੇ ਲਗਭਗ 10-10 ਸਾਲਾਂ ਤੋਂ ਸਿੱਖਿਆ ਵਿਭਾਗ ਵਿੱਚ ਸੇਵਾਵਾਂ ਨਿਭਾ ਰਹੇ ਐੱਸ.ਐੱਸ.ਏ./ਰਮਸਾ/ਮਾਡਲ/ਆਦਰਸ਼ ਸਕੂਲਾਂ ਦੇ ਅਧਿਆਪਕਾਂ ਦਾ ਵੱਖਰਾ ਕਾਡਰ ਬਣਾਉਣ ਦੀ ਮਨਾਹੀ ਦੇ ਨਾਲ ਨਾਲ ਸਮੂਹ ਅਧਿਆਪਕਾਂ ਲਈ ਇੱਕੋ ਜਿਹੀਆ ਸੇਵਾ ਸ਼ਰਤਾਂ ਅਤੇ ਇੱਕੋ ਜਿਹੀਆਂ ਸਹੂਲਤਾਂ ਦੀ ਗਵਾਹੀ ਭਰਦੇ ਹਨ ਇਨ੍ਹਾਂ ਸਥਾਪਿਤ ਨਿਯਮਾਂ ਕਾਨੂੰਨਾਂ ਨੂੰ ਛਿੱਕੇ ਟੰਗ ਕੇ, 65% ਤੋਂ 75% ਤੱਕ ਤਨਖ਼ਾਹ ਘਟਾਉਣਾ ਸਰਕਾਰ ਦੇ ਲੋਕ ਵਿਰੋਧੀ ਲੋਕ ਵਿਰੋਧੀ ਚਿਹਰੇ ਨੂੰ ਨਸ਼ਰ ਕਰਦਾ ਹੈ । ਇਸ ਫੈਸਲੇ ਨੂੰ ਅਧਿਆਪਕ,ਉਨ੍ਹਾਂ ਦੇ ਪਰਿਵਾਰ,ਜਥੇਬੰਦਕ ਲੋਕ,ਕਿਸਾਨ,ਮਜ਼ਦੂਰ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਨਗੇ।

ਅਧਿਆਪਕਾਂ ਨੇ ਸਮਾਜ ਦੇ ਵੱਖ ਵੱਖ ਤਬਕਿਆਂ ਨੂੰ ਵੀ ਅਪੀਲ ਕੀਤੀ ਕਿ ਸਰਕਾਰ ਦੁਆਰਾ ਇਸ ਤਰ੍ਹਾਂ ਲੋਕਤੰਤਰ ਦਾ ਗਲਾ ਘੁੱਟ ਕੇ ਮਨਮਰਜ਼ੀ ਦੀਆਂ ਨੀਤੀਆਂ ਥੋਪਣ ਦਾ ਵਧ ਰਿਹਾ ਵਰਤਾਰਾ ਆਉਣ ਵਾਲੇ ਸਮੇਂ ਵਿੱਚ ਸਮਾਜ ਦੇ ਹਰ ਹਿੱਸੇ ਲਈ ਨੁਕਸਾਨਦੇਹ ਹੋਵੇਗਾ। ਇਸ ਲਈ ਸਮਾਜ ਦੇ ਹਰੇਕ ਹਿੱਸੇ ਨੂੰ ਪਾਰਟੀ ਰਾਜਨੀਤੀ ਤੋਂ ਉੱਪਰ ਉੱਠ ਕੇ ਸੰਘਰਸ਼ੀ ਲੋਕਾਂ ਦਾ ਡਟ ਕੇ ਸਾਥ ਦੇਣਾ ਚਾਹੀਦਾ ਹੈ ਤਾਂ ਜੋ ਲੋਕ ਹਿੱਤਾਂ ਅਤੇ ਸਿਹਤ ਅਤੇ ਸਿੱਖਿਆ ਜਿਹੀਆਂ ਸੁਵਿਧਾਵਾਂ ਨੂੰ ਆਮ ਲੋਕਾਂ ਲਈ ਬਚਾਇਆ ਜਾ ਸਕੇ। ਇਸ ਮੌਕੇ ਮੈਡਮ ਨਵਨੀਤ ਕੌਰ,ਜਗਦੀਸ਼ ਮੈਡਮ,ਮੀਨੂੰ ਮੈਡਮ, ਸੁਨੀਤਾ ਮੈਡਮ,ਮੈਡਮ ਪ੍ਰੇਰਨਾ,ਰਜਿੰਦਰ ਮੈਡਮ ਬੁਆਣੀ,ਚਰਨ ਸਿੰਘ ਸਰਾਭਾ,ਪ੍ਰਵੀਨ ਕੁਮਾਰ,ਹਰਦੇਵ ਸਿੰਘ ਮੁੱਲਾਂਪੁਰ,ਗੁਰਪ੍ਰੀਤ ਸਿੰਘ ਖੰਨਾ,ਨਰਿੰਦਰ ਸਿੰਘ ਨਿੰਦੀ,ਟਹਿਲ ਸਿੰਘ,ਹਰਵਿੰਦਰ ਬਿਲਗਾ,ਬਿਕਰਮਜੀਤ ਸਿੰਘ ਕੱਦੋਂ,ਜੋਗਿੰਦਰ ਆਜ਼ਾਦ,ਦਲਜੀਤ ਸਮਰਾਲਾ,ਗੁਰਪ੍ਰੀਤ ਸਿੰਘ ਖੰਨਾ,ਜਗਮੇਲ ਸਿੰਘ,ਜਸਵੰਤ ਸਿੰਘ ਜਗਰਾਉਂ,ਮਲਕੀਤ ਸਿੰਘ ਜਗਰਾਉਂ,ਚਰਨ ਸਿੰਘ ਨੂਰਪੁਰਾ,ਕਮਲਜੀਤ ਸਿੰਘ,ਅਮਨਦੀਪ ਸਿੰਘ ਦੱਧਾਹੂਰ,ਰਾਜਵੀਰ ਸਮਰਾਲਾ,ਗਗਨਦੀਪ ਸਿੰਘ ਰੌਂਤਾ,ਜਗਜੀਤ ਸਿੰਘ, ਜਗਦੀਪ ਸਿੰਘ,ਇਕਬਾਲ ਸਿੰਘ,ਚਰਨਜੀਤ ਸਿੰਘ,ਅੰਕੁਸ਼ ਸ਼ਰਮਾ ਆਦਿ ਅਧਿਆਪਕ ਆਗੂ ਹਾਜ਼ਰ ਸਨ ।


LEAVE A REPLY