ਭਾਰਤੀ ਫੌਜ ਦੇ ਆਪਰੇਸ਼ਨ ਸਦਭਾਵਨਾ ਤਹਿਤ ਕਸ਼ਮੀਰੀ ਕਿਸਾਨ ਲੁਧਿਆਣਾ ਦੌਰੇ ਤੇ, ਕਸ਼ਮੀਰੀ ਨੌਜਵਾਨਾਂ ਨੂੰ ਵੱਖਵਾਦੀ ਸੋਚ ਨਾਲੋਂ ਨਿਖੇੜ ਕੇ ਦੇਸ਼ ਦੇ ਵਿਕਾਸ ਨਾਲ ਜੋੜਨ ਦਾ ਟੀਚਾ- ਬਿ੍ਰਗੇਡੀਅਰ ਮਨੀਸ਼ ਅਰੋੜਾ


ਲੁਧਿਆਣਾ – ਭਾਰਤੀ ਫੌਜ ਵੱਲੋਂ ਸ਼ੁਰੂ ਕੀਤੇ ਗਏ ਆਪਰੇਸ਼ਨ ਸਦਭਾਵਨਾ ਤਹਿਤ ਜੰਮੂ ਅਤੇ ਕਸ਼ਮੀਰ ਸੂਬੇ ਦੇ 19 ਨੌਜਵਾਨ ਕਿਸਾਨ ਇਨ੍ਹੀਂ ਦਿਨੀਂ ਲੁਧਿਆਣਾ ਦੇ ਦੌਰੇ ਤੇ ਹਨ। ਇਥੇ ਇਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਨਵੀਂਆਂ ਤਕਨੀਕਾਂ ਬਾਰੇ ਗਿਆਨ ਹਾਸਿਲ ਕਰਨਗੇ। ਇਨ੍ਹਾਂ ਕਿਸਾਨਾਂ ਦਾ ਸਵਾਗਤ ਕਰਨ ਲਈ ਸਥਾਨਕ ਢੋਲੇਵਾਲ ਮਿਲਟਰੀ ਕੈਂਪ ਵਿਖੇ ਇੱਕ ਦਾਅਵਤ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ ਸਟੇਸ਼ਨ ਕਮਾਂਡਰ ਬਿ੍ਰਗੇਡੀਅਰ ਮਨੀਸ਼ ਅਰੋੜਾ ਨੇ ਇਨ੍ਹਾਂ ਕਿਸਾਨਾਂ ਦਾ ਸਵਾਗਤ ਕੀਤਾ।

ਬਿ੍ਰਗੇਡੀਅਰ ਅਰੋੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਭਾਰਤੀ ਫੌਜ ਵੱਲੋਂ ਕਸ਼ਮੀਰੀ ਨੌਜਵਾਨਾਂ ਨੂੰ ਦੇਸ਼ ਦੇ ਵਿਕਾਸ ਵਿੱਚ ਸਰਗਰਮ ਯੋਗਦਾਨ ਪਾਉਣ ਲਈ ਲਗਾਤਾਰ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਆਪਰੇਸ਼ਨ ਸਦਭਾਵਨਾ ਤਹਿਤ ਨੌਜਵਾਨਾਂ ਨੂੰ ਵੱਖਵਾਦੀ ਸੋਚ ਤੋਂ ਪਰ੍ਹੇ ਹਟ ਕੇ ਆਪਣੀ ਉਪਜੀਵਕਾ ਪੈਦਾ ਕਰਨ ਅਤੇ ਉਸਦਾ ਵਿਕਾਸ ਕਰਨ ਲਈ ਮੌਕੇ ਮੁਹੱਈਆ ਕਰਵਾਏ ਜਾਂਦੇ ਹਨ। ਇਸ ਪ੍ਰੋਗਰਾਮ ਤਹਿਤ ਹੀ ਇਹ ਨੌਜਵਾਨ ਕਿਸਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਬਾਗਬਾਨੀ ਵਿਭਾਗ ਵੱਲੋਂ ਇਜ਼ਾਦ ਕੀਤੀਆਂ ਗਈਆਂ ਨਵੀਂਆਂ ਤਕਨੀਕਾਂ ਬਾਰੇ ਜਾਣਕਾਰੀ ਹਾਸਿਲ ਕਰਨਗੇ ਅਤੇ ਵੱਖ-ਵੱਖ ਖੇਤਾਂ ਦਾ ਦੌਰਾ ਕਰਨਗੇ।

ਉਨ੍ਹਾਂ ਦੱਸਿਆ ਕਿ ਇਹ ਕਿਸਾਨ ਜ਼ਿਲ੍ਹਾ ਬੁਡਗਾਮ (ਜੰਮੂ ਕਸ਼ਮੀਰ) ਦੇ ਵੱਖ-ਵੱਖ ਪਿੰਡਾਂ ਨਾਲ ਸੰਬੰਧਤ ਹਨ, ਜੋ ਕਿ ਉਥੇ ਸੇਬ, ਅਖਰੋਟ, ਚੌਲ ਅਤੇ ਹੋਰ ਫ਼ਲਾਂ ਦੀ ਖੇਤੀ ਕਰਦੇ ਹਨ। ਪੰਜਾਬ ਦੇ ਮੁਕਾਬਲੇ ਜੰਮੂ ਕਸ਼ਮੀਰ ਵਿੱਚ ਖੇਤੀ ਤਕਨੀਕ ਦੀ ਬਹੁਤ ਵੱਡੀ ਘਾਟ ਹੈ। ਜੰਮੂ ਕਸ਼ਮੀਰ ਦੇ ਕਿਸਾਨਾਂ ਨੂੰ ਵੱਖਵਾਦੀ ਸੋਚ ਤੋਂ ਨਿਖੇੜਨ ਅਤੇ ਉਨ੍ਹਾਂ ਨੂੰ ਖੇਤੀ ਨਾਲ ਜੋੜਨ ਦੇ ਮਕਸਦ ਨਾਲ ਹੀ ਭਾਰਤੀ ਫੌਜ ਵੱਲੋਂ ਪਿਛਲੇ ਸਾਲ ਆਪਰੇਸ਼ਨ ਸਦਭਾਵਨਾ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੂੰ ਬਹੁਤ ਸਫ਼ਲਤਾ ਮਿਲੀ ਸੀ। ਇਹ ਕਿਸਾਨ ਪੀ. ਏ. ਯੂ. ਦੀਆਂ ਤਕਨੀਕਾਂ ਸਿੱਖ ਕੇ ਆਪਣੇ ਸੂਬੇ ਵਿੱਚ ਆਧੁਨਿਕ ਤਰੀਕਿਆਂ ਨਾਲ ਖੇਤੀ ਕਰਨਗੇ ਤਾਂ ਸੂਬੇ ਦਾ ਖੇਤੀਬਾੜੀ ਖੇਤਰ ਵਿੱਚ ਵਿਕਾਸ ਹੋਵੇਗਾ।

ਸ੍ਰੀ. ਅਰੋੜਾ ਨੇ ਕਿਹਾ ਕਿ ਇਸ ਆਪਰੇਸ਼ਨ ਪਿੱਛੇ ਇਹ ਵੀ ਮਕਸਦ ਹੈ ਕਿ ਇਸ ਤਰ੍ਹਾਂ ਕਸ਼ਮੀਰੀ ਨੌਜਵਾਨਾਂ ਨੂੰ ਦੂਜੇ ਸੂਬਿਆਂ ਵਿੱਚ ਜਾ ਕੇ ਉਥੋਂ ਦੇ ਵਿਕਾਸ ਮਾਡਲ ਨੂੰ ਦੇਖਣ ਦਾ ਮੌਕਾ ਮਿਲਦਾ ਹੈ ਤਾਂ ਜੋ ਉਹਨਾਂ ਨੂੰ ਪਤਾ ਲੱਗੇ ਕਿ ਕਿਸ ਤਰ੍ਹਾਂ ਬਾਕੀ ਸੂਬਿਆਂ ਦੇ ਮੁਕਾਬਲੇ ਉਨ੍ਹਾਂ ਦੇ ਸੂਬੇ ਦਾ ਵਿਕਾਸ ਕਾਫੀ ਪਛੜ ਗਿਆ ਹੈ। ਇਸ ਤਰ੍ਹਾਂ ਉਹ ਆਪਣੇ ਸੂਬੇ ਦੇ ਵਿਕਾਸ ਲਈ ਵਧੇਰੇ ਯਤਨ ਕਰਦੇ ਹਨ। ਇਹ ਕਿਸਾਨ 6 ਦਸੰਬਰ ਤੱਕ ਜ਼ਿਲ੍ਹਾ ਲੁਧਿਆਣਾ ਵਿੱਚ ਰਹਿਣਗੇ, ਜਦਕਿ 7 ਦਸੰਬਰ ਨੂੰ ਚੰਡੀਗੜ੍ਹ ਦਾ ਦੌਰਾ ਕਰਨਗੇ। ਉਨ੍ਹਾਂ ਇਨ੍ਹਾਂ ਕਿਸਾਨਾਂ ਨੂੰ ਇਸ ਦੌਰੇ ਦੌਰਾਨ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ।


LEAVE A REPLY