ਪੁਲਿਸ ਨੂੰ ਪੰਜਾਬ ਵਿੱਚ ਮੁੜ ਖਾਲਿਸਤਾਨੀ ਲਹਿਰ ਉੱਭਰਨ ਦਾ ਡਰ


terrorism

ਪੁਲਿਸ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਮੁੜ ਖਾਲਿਸਤਾਨੀ ਲਹਿਰ ਉੱਭਰ ਰਹੀ ਹੈ। ਪੁਲਿਸ ਨੇ ਇਹ ਦਾਅਵਾ ਪਿਛਲੇ ਦਿਨਾਂ ਵਿੱਚ ਕੁਝ ਨੌਜਾਵਾਨਾਂ ਦੀ ਗ੍ਰਿਫਤਾਰੀ ਮਗਰੋਂ ਕੀਤਾ ਹੈ ਜਿਨ੍ਹਾਂ ਕੋਲੋਂ ਅਸਲਾ ਬਰਾਮਦ ਹੋਇਆ ਹੈ। ਪੁਲਿਸ ਇਨ੍ਹਾਂ ਦੇ ਤਾਰ ਵਿਦੇਸ਼ਾਂ ਵਿੱਚ ਬੈਠੇ ਖਾਲਿਸਤਾਨੀ ਲੀਡਰਾਂ ਨਾਲ ਜੋੜ ਰਹੀ ਹੈ। ਕਲ ਸ਼ਬਨਮਦੀਪ ਸਿੰਘ ਉਰਫ਼ ਮਨਿੰਦਰ ਲਾਹੌਰੀਆ ਨਾਂ ਦੇ ਨੌਜਵਾਨ ਦੀ ਗ੍ਰਿਫ਼ਤਾਰੀ ਮਗਰੋਂ ਡੀਜੀਪੀ ਸੁਰੇਸ਼ ਅਰੋੜਾ ਨੇ ਕਿਹਾ ਕਿ ਇਸ ਗ੍ਰਿਫ਼ਤਾਰੀ ਤੋਂ ਸਾਫ਼ ਹੋ ਗਿਆ ਹੈ ਕਿ ਹਿੰਸਾ, ਸਾੜ-ਫੂਕ ਜਿਹੀਆਂ ਗਤੀਵਿਧੀਆਂ ਰਾਹੀਂ ਐਸਐਫਜੇ ਰੈਫਰੈਂਡਮ 2020 ਨੂੰ ਉਤਸ਼ਾਹਿਤ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੀਆਂ ਦੇਸ਼ ਵਿਰੋਧੀ ਤੇ ਫਿਰਕੂ ਤਾਕਤਾਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਜਾਵੇਦ ਖ਼ਾਨ ਨੇ ਸ਼ਬਨਮਦੀਪ ਨੂੰ ਮਿੱਥ ਕੇ ਹੱਤਿਆਵਾਂ ਕਰਨ ਦਾ ਕੰਮ ਸੌਂਪਿਆ ਤੇ ਅਜਿਹੀ ਹਰੇਕ ਵਾਰਦਾਤ ਲਈ 10 ਲੱਖ ਰੁਪਏ ਦੇਣ ਵਾਅਦਾ ਕੀਤਾ ਸੀ।

sfj supporter arrested

ਕਾਬਲੇਗੌਰ ਹੈ ਕਿ ਪਟਿਆਲਾ ਪੁਲਿਸ ਨੇ ਦਾਅਵਾ ਕੀਤਾ ਹੈ ਕਿ ਆਈਐਸਆਈ ਦੀ ਹਮਾਇਤ ਪ੍ਰਾਪਤ ਤੇ ਸਿੱਖਸ ਫਾਰ ਜਸਟਿਸ ਦੇ ਹਮਾਇਤੀ ਨੌਜਵਾਨ ਸ਼ਬਨਮਦੀਪ ਸਿੰਘ ਉਰਫ਼ ਮਨਿੰਦਰ ਲਾਹੌਰੀਆ ਸ਼ੇਰੂ ਉਰਫ਼ ਦੀਪ ਨੂੰ ਗ੍ਰਿਫ਼ਤਾਰ ਕਰਕੇ ਉਸ ਦੇ ਕਬਜ਼ੇ ਵਿੱਚੋਂ ਪਿਸਤੌਲ ਤੇ ਕਾਰਤੂਸਾਂ ਸਮੇਤ ਹੈਂਡ ਗ੍ਰਨੇਡ ਬਰਾਮਦ ਕੀਤਾ ਹੈ। ਪਿੰਡ ਦਫਤਰੀਵਾਲਾ (ਜ਼ਿਲ੍ਹਾ ਪਟਿਆਲਾ) ਵਾਸੀ ਸ਼ਬਨਮਦੀਪ ਦੀ ਪਟਿਆਲਾ ਸ਼ਹਿਰ ਦੇ ਭੀੜ ਭੜੱਕੇ ਵਾਲੇ ਇਲਾਕੇ ਵਿੱਚ ਧਮਾਕਾ ਕਰਨ ਦੀ ਯੋਜਨਾ ਸੀ।

ਪੁਲਿਸ ਮੁਤਾਬਕ ਉਸ ਨੂੰ ਕਥਿਤ ਤੌਰ ਤੇ ਵਿਦੇਸ਼ ਤੋਂ ਦਸ ਲੱਖ ਰੁਪਏ ਮਿਲਣੇ ਸਨ ਤੇ ਪੰਜਾਹ ਹਜ਼ਾਰ ਰੁਪਏ ਪੇਸ਼ਗੀ ਮਿਲ ਚੁੱਕੇ ਸਨ। ਉਹ ਖਾਲਿਸਤਾਨ ਗਦਰ ਫੋਰਸ ਦਾ ਆਗੂ ਦੱਸਿਆ ਗਿਆ ਹੈ। ਉਸ ਨੂੰ ਪਟਿਆਲਾ ਦੀ ਅਦਾਲਤ ਚ ਪੇਸ਼ ਕੀਤਾ ਗਿਆ ਜਿਥੋਂ ਪੰਜ ਦਿਨ ਦੇ ਪੁਲੀਸ ਰਿਮਾਂਡ ਤੇ ਭੇਜ ਦਿੱਤਾ ਗਿਆ। ਪਟਿਆਲਾ ਦੇ ਐਸਐਸਪੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਸ ਨੂੰ ਸਥਾਨਕ ਲਾਹੌਰੀ ਗੇਟ ਇਲਾਕੇ ਵਿਚੋਂ ਕਾਬੂ ਕੀਤਾ ਗਿਆ ਹੈ। ਉਸ ਖ਼ਿਲਾਫ਼ ਰਾਜਸਥਾਨ ਵਿਚ ਕੇਸ ਦਰਜ ਹੈ, ਜਿਸ ਵਿਚੋਂ ਉਹ ਜ਼ਮਾਨਤ ਤੇ ਰਿਹਾਅ ਹੋ ਕੇ ਆਇਆ ਹੈ।


LEAVE A REPLY