ਜਾਣੋਂ ਆਖਿਰ ਕਿਉਂ ਡਾਲਰ ਦੇ ਮੁਕਾਬਲੇ ਰੁਪਇਆ ਪਿਆ ਮੂਧੇ ਮੂੰਹ


Know why Rupees Goes down as Compared to Dollar

ਕੇਂਦਰ ਸਰਕਾਰ ਨੇ ਰੁਪਏ ਦੀ ਗਿਰਾਵਟ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕਰਨ ਦਾ ਭਰੋਸਾ ਜਤਾਇਆ ਹੈ। ਡਾਲਰ ਦੇ ਮੁਕਾਬਲੇ ਰੁਪਇਆ ਬੁੱਧਵਾਰ ਨੂੰ ਰਿਕਾਰਡ 72.91 ਦੇ ਪੱਧਰ ‘ਤੇ ਡਿੱਗਣ ਤੋਂ ਬਾਅਦ ਸੰਭਲਿਆ ਤੇ 72.19 ਰੁਪਏ ਪ੍ਰਤੀ ਡਾਲਰ ‘ਤੇ ਬੰਦ ਹੋਇਆ। ਅੱਜ ਜੇ ਕਾਰੋਬਾਰ ‘ਚ ਡਾਲਰ ਦੇ ਮੁਕਾਬਲੇ ਰੁਪਏ ‘ਚ ਥੋੜ੍ਹਾ ਸੁਧਾਰ ਦੇਖਣ ਨੂੰ ਮਿਲਿਆ ਹੈ ਤੇ ਰੁਪਇਆ 71.85 ਤੇ ਬੰਦ ਹੋਇਆ ਹੈ।

ਰੁਪਏ ਦੀ ਗਿਰਾਵਟ ਦਾ ਅਰਥ:

ਰੁਪਏ ਦੀ ਗਿਰਾਵਟ ਦਾ ਮਤਲਬ ਡਾਲਰ ਦੇ ਮੁਕਾਬਲੇ ਰੁਪਏ ‘ਚ ਕਮਜ਼ੋਰੀ ਆਉਣਾ ਹੈ। ਸਰਲ ਭਾਸ਼ਾ ਵਿੱਚ ਕਹੀਏ ਤਾਂ ਇਸ ਸਾਲ ਜਨਵਰੀ ‘ਚ ਜਿੱਥੇ ਇੱਕ ਡਾਲਰ ਲਈ 63.64 ਰੁਪਏ ਦੇਣੇ ਹੁੰਦੇ ਸਨ ਉੱਥੇ ਹੁਣ 72 ਰੁਪਏ ਦੇਣੇ ਪੈਂਦੇ ਹਨ।

ਕਿਉਂ ਆ ਰਹੀ ਰੁਪਏ ‘ਚ ਗਿਰਾਵਟ:

ਮੁਦਰਾ ਵਿਸ਼ਲੇਸ਼ਕ ਅਨੁਜ ਗੁਪਤਾ ਨੇ ਰੁਪਏ ‘ਚ ਆਈ ਗਿਰਾਵਟ ਤੇ ਕਿਹਾ ਕਿ ਭਾਰਤ ਨੂੰ ਕੱਚੇ ਤੇਲ ਦੀ ਬਰਾਮਦਗੀ ਲਈ ਕਾਫੀ ਡਾਲਰਾਂ ਦੀ ਲੋੜ ਪੈਂਦੀ ਹੈ। ਹਾਲ ਹੀ ‘ਚ ਤੇਲ ਦੀਆਂ ਕੀਮਤਾਂ ‘ਚ ਜ਼ੋਰਦਾਰ ਵਾਧਾ ਹੋਇਆ ਹੈ ਜਿਸ ਨਾਲ ਡਾਲਰ ਦੀ ਮੰਗ ਵਧ ਗਈ। ਦੂਜੇ ਪਾਸੇ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਨਿਵੇਸ਼ ‘ਚ ਕਟੌਤੀ ਕਰਨ ਨਾਲ ਦੇਸ਼ ‘ਚੋਂ ਡਾਲਰ ਦਾ ਬਾਹਰ ਵੱਧ ਜਾ ਰਹੇ ਹਨ ਤੇ ਆ ਘੱਟ ਰਹੇ ਹਨ, ਜਿਸ ਨਾਲ ਡਾਲਰ ਦੀ ਸਪਲਾਈ ਘੱਟ ਗਈ ਹੈ।

ਚਾਲੂ ਖਾਤੇ ਦਾ ਘਾਟਾ ਵਧਿਆ:

ਦਰਾਮਦ ਜ਼ਿਆਦਾ ਹੋਣ ਤੇ ਬਰਾਮਦ ਘੱਟ ਹੋਣ ਨਾਲ ਚਾਲੂ ਖਾਤੇ ਦਾ ਘਾਟਾ ਵਧ ਗਿਆ ਹੈ। ਰੁਪਏ ਦੀ ਕਮਜ਼ੋਰੀ ਦਾ ਇਹ ਇੱਕ ਵੱਡਾ ਕਾਰਨ ਹੈ। ਤਾਜ਼ਾ ਅੰਕੜਿਆਂ ਮੁਤਾਬਕ ਚਾਲੂ ਖਾਤੇ ਦਾ ਘਾਟਾ ਤਕਰੀਬਨ 18 ਅਰਬ ਡਾਲਰ ਹੋ ਗਿਆ ਹੈ। ਜੁਲਾਈ ‘ਚ ਭਾਰਤ ਦਾ ਦਰਾਮਦ ਬਿੱਲ 43.79 ਅਰਬ ਡਾਲਰ ਤੇ ਬਰਾਮਦ 25.77 ਅਰਬ ਡਾਲਰ ਰਿਹਾ। ਵਿਦੇਸ਼ੀ ਮੁਦਰਾ ਦਾ ਭੰਡਾਰ ਵੀ ਲਗਾਤਾਰ ਘੱਟਦਾ ਜਾ ਰਿਹਾ ਹੈ। 31 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਨੂੰ ਵਿਦੇਸ਼ੀ ਮੁਦਰਾ ਭੰਡਾਰ 1.19 ਅਰਬ ਡਾਲਰ ਘੱਟ ਕੇ 400.10 ਅਰਬ ਡਾਲਰ ਰਹਿ ਗਿਆ।

ਰਾਜਨੀਤਿਕ ਅਸਥਿਰਤਾ ਨਾਲ ਵੀ ਰੁਪਏ ‘ਚ ਆਈ ਕਮਜ਼ੋਰੀ:

ਰਾਜਨੀਤਿਕ ਅਸਥਿਰਤਾ ਦਾ ਮਾਹੌਲ ਬਣਨ ਨਾਲ ਵੀ ਰੁਪਏ ‘ਚ ਕਮਜ਼ੋਰੀ ਆਈ ਹੈ। ਆਰਥਿਕ ਵਿਕਾਸ ਦੇ ਅੰਕੜੇ ਕਮਜ਼ੋਰ ਰਹਿਣ ਦਾ ਵੀ ਅਸਰ ਹੈ ਤੇ ਦੇਸੀ ਮੁਦਰਾ ਡਾਲਰ ਮੁਕਾਬਲੇ ਕਮਜ਼ੋਰ ਹੋ ਰਹੀ ਹੈ।

ਅਮਰੀਕੀ ਅਰਥਚਾਰਾ ਮਜ਼ਬੂਤ ਹੋਣ ਨਾਲ ਡਾਲਰ ਮਜ਼ਬੂਤ:

ਅਮਰੀਕੀ ਅਰਥ-ਵਿਵਸਥਾ ‘ਚ ਲਗਾਤਾਰ ਮਜ਼ਬੂਤੀ ਦੇ ਸੰਕੇਤ ਮਿਲ ਰਹੇ ਹਨ ਜਿਸ ਨਾਲ ਡਾਲਰ ਦੁਨੀਆ ਦੀਆਂ ਪ੍ਰਮੁੱਖ ਮੁਦਰਾਵਾਂ ਮੁਕਾਬਲੇ ਮਜ਼ਬੂਤ ਹੋਇਆ ਹੈ। ਅਮਰੀਕੀ ਅਰਥਵਿਵਸਥਾ ‘ਚ ਮਜ਼ਬੂਤੀ ਆਉਣ ਦੀ ਵਜ੍ਹਾ ਨਾਲ ਵਿਦੇਸ਼ੀ ਨਿਵੇਸ਼ਕ ਭਾਰਤੀ ਬਜ਼ਾਰ ਚੋਂ ਆਪਣਾ ਪੈਸਾ ਕੱਢ ਕੇ ਲਿਜਾ ਰਹੇ ਹਨ।

  • 1
    Share

LEAVE A REPLY