ਡਿਪਟੀ ਕਮਿਸ਼ਨਰ ਵੱਲੋਂ ਪੋਸ਼ਣ ਅਭਿਆਨ ਅਤੇ ਹੋਰ ਲੋਕ ਹਿੱਤ ਯੋਜਨਾਵਾਂ ਦੀ ਸਮੀਖਿਆ


ਲੁਧਿਆਣਾ- ਜ਼ਿਲਾ ਲੁਧਿਆਣਾ ਨੂੰ ਕੁਪੋਸ਼ਣ ਮੁਕਤ ਬਣਾਉਣ ਲਈ ਚਾਲੂ ਯੋਜਨਾਵਾਂ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਆਪਣੇ ਦਫ਼ਤਰ ਵਿਖੇ ਸੰਬੰਧਤ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਮੀਟਿੰਗ ਦੌਰਾਨ ਨੈਸ਼ਨਲ ਨਿਊਟਰੀਸ਼ਨ ਮਿਸ਼ਨ ਤਹਿਤ ਸ਼ੁਰੂ ਕੀਤੇ ਗਏ ਪੋਸ਼ਣ ਅਭਿਆਨ ਅਤੇ ਹੋਰ ਯੋਜਨਾਵਾਂ (ਜਿਵੇਂਕਿ ਪ੍ਰਧਾਨ ਮੰਤਰੀ ਮਾਤਰੂ ਵੰਦਨਾ ਯੋਜਨਾ, ਆਂਗਣਵਾੜੀ ਸੇਵਾਵਾਂ, ਨੈਸ਼ਨਲ ਕਰੈੱਚ ਯੋਜਨਾ, ਜਵਾਨ ਲੜਕੀਆਂ ਸੰਬੰਧੀ ਯੋਜਨਾ, ਨੈਸ਼ਨਲ ਹੈੱਲਥ ਮਿਸ਼ਨ, ਰਾਸ਼ਟਰੀ ਬਾਲ ਸਵਸਥ ਕਾਰਿਆਕ੍ਰਮ, ਮਿਡ ਡੇਅ ਮੀਲ ਅਤੇ ਸਵੱਛ ਭਾਰਤ ਮਿਸ਼ਨ) ਨੂੰ ਜ਼ਮੀਨੀ ਪੱਧਰ ‘ਤੇ ਚੰਗੀ ਤਰਾਂ ਲਾਗੂ ਕਰਨ ਬਾਰੇ ਵਿਚਾਰਾਂ ਕੀਤੀਆਂ ਗਈਆਂ। ਮੀਟਿੰਗ ਦੌਰਾਨ ਸ੍ਰੀ ਅਗਰਵਾਲ ਨੇ ਸਿੱਖਿਆ, ਸਿਹਤ ਅਤੇ ਸਮਾਜਿਸ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਨਾਂ ਸਾਰੀਆਂ ਯੋਜਨਾਵਾਂ ਨੂੰ ਜ਼ਮੀਨੀ ਪੱਧਰ ‘ਤੇ ਸਹੀ ਭਾਵਨਾ ਨਾਲ ਲਾਗੂ ਕਰਨ ਲਈ ਆਪਸੀ ਤਾਲਮੇਲ ਰੱਖਿਆ ਜਾਵੇ। ਉਨਾਂ ਕਿਹਾ ਕਿ ਲੋਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਨ ਲਈ ਇੱਕ ਵਿਸ਼ੇਸ਼ ਮੁਹਿੰਮ ਆਰੰਭੀ ਜਾਵੇਗੀ। ਤਾਂ ਜੋ ਬੱਚਿਆਂ ਨੂੰ ਉੱਚਿਤ ਪੋਸ਼ਣ ਮਿਲ ਸਕੇ। ਉਨਾਂ ਕਿਹਾ ਕਿ ਪੋਸ਼ਣ ਅਭਿਆਨ ਯੋਜਨਾ ਇੱਕ ਬਹੁਤ ਵੀ ਵਧੀਆ ਯੋਜਨਾ ਹੈ, ਜਿਸ ਨਾਲ ਔਰਤਾਂ ਅਤੇ ਬੱਚਿਆਂ ਵਿੱਚੋਂ ਕੁਪੋਸ਼ਣ ਦੀ ਬਿਮਾਰੀ ਨੂੰ ਦੂਰ ਕੀਤਾ ਜਾ ਸਕਦਾ ਹੈ। ਜਿਸ ਲਈ ਜ਼ਿਲਾ ਪ੍ਰਸਾਸ਼ਨ ਵੱਲੋਂ ਕੋਈ ਵੀ ਕਸਰ ਬਾਕੀ ਨਹੀਂ ਛੱਡੀ ਜਾਵੇਗੀ।

ਡਿਪਟੀ ਕਮਿਸ਼ਨਰ ਨੇ ਜ਼ਿਲਾ ਪ੍ਰੋਗਰਾਮ ਅਫ਼ਸਰ ਸ੍ਰੀਮਤੀ ਰੁਪਿੰਦਰ ਕੌਰ ਨੂੰ ਹਦਾਇਤ ਕੀਤੀ ਉਹ ਯਕੀਨੀ ਬਣਾਉਣ ਕਿ ਸਕੂਲੋਂ ਵਿਰਵੀਆਂ 11 ਤੋਂ 14 ਸਾਲ ਤੱਕ ਦੀਆਂ ਲੜਕੀਆਂ ਦਾ ਸਕੂਲਾਂ ਵਿੱਚ ਦਾਖ਼ਲਾ ਜਲਦ ਤੋਂ ਜਲਦ ਹੋ ਜਾਵੇ। ਸ੍ਰੀਮਤੀ ਰੁਪਿੰਦਰ ਕੌਰ ਨੇ ਕਿਹਾ ਕਿ ਇਸ ਸੰਬੰਧੀ ਸੈਮੀਨਾਰਾਂ, ਵਰਕਸ਼ਾਪਾਂ, ਚਿੱਤਰ ਕਲਾ ਮੁਕਾਬਲੇ, ਪ੍ਰਭਾਤ ਫੇਰੀਆਂ ਅਤੇ ਮੀਟਿੰਗਾਂ ਕਰਕੇ ਗਰਭਵਤੀ ਔਰਤਾਂ, ਮਾਵਾਂ ਅਤੇ ਹੋਰਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ। ਇਥੇ ਇਹ ਦੱਸਣਯੋਗ ਹੈ ਕਿ ਲੁਧਿਆਣਾ ਸਮੇਤ ਸੂਬੇ ਦੇ 4 ਜ਼ਿਲਿਆਂ ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ ਅਤੇ ਮਾਨਸਾ ਵਿੱਚ ਪੋਸ਼ਣ ਅਭਿਆਨ ਸ਼ੁਰੂ ਕੀਤਾ ਹੋਇਆ ਹੈ। ਜਿਸ ਨੂੰ ਸਹੀ ਤਰੀਕੇ ਨਾਲ ਲਾਗੂ ਕਰਨ ਲਈ ਇਸਤਰੀ ਅਤੇ ਬਾਲ ਵਿਕਾਸ ਵਿਭਾਗ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ ਤਿਮਾਹੀ ਮੀਟਿੰਗਾਂ ਕਰਨ ਲਈ ਕਿਹਾ ਗਿਆ ਹੈ। ਇਹ ਮੀਟਿੰਗਾਂ ਹਰ ਸਾਲ 10 ਜਨਵਰੀ, 10 ਅਪ੍ਰੈੱਲ, 10 ਜੁਲਾਈ ਅਤੇ 10 ਅਕਤੂਬਰ ਨੂੰ ਹੋਇਆ ਕਰਨਗੀਆਂ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵ) ਸ੍ਰੀਮਤੀ ਸ਼ੇਨਾ ਅਗਰਵਾਲ, ਸ੍ਰੀ ਸ਼ਿਵ ਕੁਮਾਰ ਡਿਪਟੀ ਡਾਇਰੈਕਟਰ ਸਥਾਨਕ ਸਰਕਾਰਾਂ ਵਿਭਾਗ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।

  • 7
    Shares

LEAVE A REPLY