ਲੋਕ ਸਭਾ ਚੋਣਾਂ 2019- ਵੋਟ ਦੇ ਸਹੀ ਇਸਤੇਮਾਲ ਲਈ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਚੁਕਾਈ ਸਹੁੰ


 

ਲੁਧਿਆਣਾ – ਅਗਾਮੀ ਲੋਕ ਸਭਾ ਚੋਣਾਂ 2019 ਦੇ ਮੱਦੇਨਜ਼ਰ ਕਲ ਜ਼ਿਲਾ ਪ੍ਰਸ਼ਾਸਨ ਵਲੋਂ ਵਿਦਿਆਰਥੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਵੋਟ ਦੇ ਸਹੀ ਅਤੇ ਬਿਨਾ ਕਿਸੇ ਡਰ ਦੇ ਇਸਤੇਮਾਲ ਲਈ ਸਹੁੰ ਚੁਕਾਈ ਗਈ। ਇਸ ਸਮਾਗਮ ਵਿੱਚ ਜ਼ਿਲਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਲੁਧਿਆਣਾ ਸ਼੍ਰੀ ਪ੍ਰਦੀਪ ਕੁਮਾਰ ਅਗਰਵਾਲ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ।

ਸਮਾਗਮ ਨੂੰ ਸੰਬੋਧਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਦੇਸ਼ ਦੇ ਢਾਂਚਾਗਤ ਬੁਨਿਆਦੀ ਵਿਕਾਸ ਵਿੱਚ ਨੌਜਵਾਨ ਵਰਗ ਦਾ ਅਹਿਮ ਯੋਗਦਾਨ ਹੈ। ਪਰ ਭਾਰਤ ਦੇਸ਼ ਦਾ ਅਸਲ ਵਿਕਾਸ ਉਸ ਵੇਲੇ ਤੱਕ ਨਹੀਂ ਹੋ ਸਕਦਾ, ਜਦੋਂ ਤੱਕ ਇਥੋਂ ਦੀ ਲੋਕਤੰਤਰੀ ਪ੍ਰਣਾਲੀ ਨੂੰ ਮਜ਼ਬੂਤ ਨਾ ਕੀਤਾ ਜਾਵੇ। ਉਨਾਂ ਨੌਜਵਾਨ ਵਰਗ ਨੂੰ ਸੱਦਾ ਦਿੱਤਾ ਕਿ ਉਹ ਆਗਾਮੀ 19 ਮਈ, 2019 ਨੂੰ ਆਪਣੀ ਵੋਟ ਦੇ ਅਧਿਕਾਰ ਦੀ ਸਹੀ ਵਰਤੋਂ ਜਰੂਰ ਕਰਨ ਤਾਂ ਜੋ ਵਿਸ਼ਵ ਦੇ ਸਭ ਤੋਂ ਵੱਡੇ ਲੋਕਤੰਤਰੀ ਦੇਸ਼ ਨੂੰ ਹੋਰ ਮਜ਼ਬੂਤ ਕੀਤਾ ਜਾ ਸਕੇ। ਉਨਾਂ ਦੱਸਿਆ ਕਿ ਭਾਰਤੀ ਚੋਣ ਕਮਿਸ਼ਨ ਵੱਲੋਂ ਚੋਣਾਂ ਵਿੱਚ ਹਰੇਕ ਵਰਗ ਦੀ ਸ਼ਮੂਲੀਅਤ ਯਕੀਨੀ ਬਣਾਉਣ ਲਈ ਵੋਟਾਂ ਵਾਲੇ ਦਿਨ ਤਨਖ਼ਾਹ ਸਮੇਤ ਛੁੱਟੀ ਦਾ ਪ੍ਰਬੰਧ ਕੀਤਾ ਜਾਂਦਾ ਹੈ।

ਉਨਾਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਵੱਲੋਂ ਚੋਣਾਂ ਵਿੱਚ ਵੋਟਰਾਂ ਦੀ ਵੱਧ ਤੋਂ ਵੱਧ ਭਾਗੀਦਾਰੀ ਯਕੀਨੀ ਬਣਾਉਣ ਲਈ ਸਵੀਪ ਗਤੀਵਿਧੀਆਂ ‘ਤੇ ਸਭ ਤੋਂ ਵਧੇਰੇ ਜ਼ੋਰ ਦਿੱਤਾ ਜਾ ਰਿਹਾ ਹੈ। ਜਿਸ ਸਬੰਧੀ ਜਿੱਥੇ ਜ਼ਿਲੇ ਦੇ ਸਾਰੇ ਵਿਧਾਨ ਸਭਾ ਹਲਕਿਆਂ ਵਿੱਚ ਵੋਟਰਾਂ ਨੂੰ ਜਾਗਰੂਕ ਕਰਨ ਲਈ ਥਾਂ-ਥਾਂ ‘ਤੇ ਈ.ਵੀ.ਐੱਮ/ਵੀ.ਵੀ.ਪੀ.ਏ.ਟੀ. ਬਾਰੇ ਅਤੇ ਚੋਣ ਸਰਗਰਮੀਆਂ ਬਾਰੇ ਜਾਗਰੂਕਤਾ ਕੈਂਪ ਲਗਾਏ ਜਾ ਰਹੇ ਹਨ, ਉਥੇ ਹੀ ਹਰੇਕ ਵਿਧਾਨ ਸਭਾ ਹਲਕੇ ਵਿੱਚ ਜਾਗਰੂਕਤਾ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਹੈ।

ਉਨਾਂ ਕਿਹਾ ਕਿ ਇਸ ਵਾਰ ਵੋਟਾਂ ਪਾਉਣ ਦਾ ਕੰਮ ਵੀ. ਵੀ. ਪੀ. ਏ. ਟੀ. ਮਸ਼ੀਨਾਂ ਨਾਲ ਹੋਵੇਗਾ। ਲਗਾਏ ਜਾ ਰਹੇ ਇਨਾਂ ਕੈਂਪਾਂ ਵਿੱਚ ਵੋਟਰਾਂ/ਆਮ ਜਨਤਾ ਨੂੰ ਵਿਸ਼ਵਾਸ ਦਿਵਾਇਆ ਜਾ ਰਿਹਾ ਹੈ ਕਿ ਉਹ ਜਿਸ ਬਟਨ ਨੂੰ ਦਬਾਉਂਦੇ ਹਨ ਉਸੇ ਉਮੀਦਵਾਰ ਨੂੰ ਹੀ ਵੋਟ ਪੈਂਦੀ ਹੈ।ਇਸ ਮਕਸਦ ਲਈ ਭਾਰਤ ਚੋਣ ਕਮਿਸ਼ਨ ਵੱਲੋਂ ਇਸ ਵਾਰ ਹਰੇਕ ਪੋਲਿੰਗ ਬੂਥ ‘ਤੇ ਈ.ਵੀ.ਐੱਮ ਮਸ਼ੀਨ ਦੇ ਨਾਲ ਵੀ.ਵੀ.ਪੀ.ਏ.ਟੀ. ਵਿੱਚ ਸੱਤ ਸੈਕਿੰਡ ਲਈ ਉਸੇ ਉਮੀਦਵਾਰ ਦਾ ਚੋਣ ਨਾਮ ਅਤੇ ਲੜੀ ਵਿੱਚ ਨੰਬਰ ਦਿਖਾਈ ਦਿੰਦਾ ਹੈ, ਜਿਸ ਨੂੰ ਉਸਨੇ ਵੋਟ ਪਾਈ ਹੁੰਦੀ ਹੈ।

ਇਸ ਮੌਕੇ ‘ਤੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ (ਜਗਰਾਓ) ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਜ਼ਿਲੇ ਦੇ ਸਮੂਹ ਸਹਾਇਕ ਰਿਟਰਨਿੰਗ ਅਫਸਰ ਅਤੇ ਜ਼ਿਲਾ ਲੋਕ ਸੰਪਰਕ ਅਫਸਰ ਲੁਧਿਆਣਾ ਸ਼੍ਰੀ ਪ੍ਰਭਦੀਪ ਸਿੰਘ ਨੱਥੋਵਾਲ ਹਾਜ਼ਰ ਸਨ।


LEAVE A REPLY