ਸ਼ਹਿਰ ਲੁਧਿਆਣਾ ਦੇ ਸਾਰੇ 137 ਸਕੂਲ ਬਣਨਗੇ ਸਮਾਰਟ ਸਕੂਲ – ਰਵਨੀਤ ਸਿੰਘ ਬਿੱਟੂ


ਲੁਧਿਆਣਾ – ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ਹਿਰ ਲੁਧਿਆਣਾ ਦੇ ਸਾਰੇ 137 ਸਰਕਾਰੀ ਸਕੂਲਾਂ ਨੂੰ ਸਮਾਰਟ ਬਣਾਇਆ ਜਾ ਰਿਹਾ ਹੈ। ਇਸ ਮੰਤਵ ਲਈ ਪੰਜਾਬ ਸਰਕਾਰ ਵੱਲੋਂ 6.28 ਕਰੋੜ ਰੁਪਏ ਦੀ ਰਾਸ਼ੀ ਜਾਰੀ ਵੀ ਕਰ ਦਿੱਤੀ ਗਈ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਉਨ੍ਹਾਂ ਅੱਜ ਸਥਾਨਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਸਥਿਤ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਵਿਖੇ ਵਿਦਿਆਰਥਣਾਂ ਨੂੰ ਮਾਈ ਭਾਗੋ ਵਿਦਿਆ ਯੋਜਨਾ ਤਹਿਤ ਮੁਫ਼ਤ ਸਾਈਕਲਾਂ ਦੀ ਵੰਡ ਕਰਨ ਦੌਰਾਨ ਕੀਤਾ।

ਸ੍ਰ. ਬਿੱਟੂ ਨੇ ਕਿਹਾ ਕਿ ਸ਼ਹਿਰ ਲੁਧਿਆਣਾ ਦੇ ਹਰੇਕ ਸਰਕਾਰੀ ਸਕੂਲ ਨੂੰ ਪ੍ਰਤੀ ਸਕੂਲ 10 ਲੱਖ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ, ਜਿਸ ਨਾਲ ਇਨ੍ਹਾਂ ਸਕੂਲਾਂ ਵਿੱਚ ਉਹ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ, ਜੋ ਕਿ ਇੱਕ ਸਮਾਰਟ ਸਕੂਲ ਵਿੱਚ ਹੋਣੀਆਂ ਚਾਹੀਦੀਆਂ ਹਨ। ਇਹ ਕੰਮ ਤੁਰੰਤ ਸ਼ੁਰੂ ਹੋ ਗਏ ਹਨ, ਜਿਨ੍ਹਾਂ ਨੂੰ ਮਾਰਚ ਮਹੀਨੇ ਦੇ ਵਿੱਚ ਮੁਕੰਮਲ ਕਰਨ ਦਾ ਟੀਚਾ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਸਕੂਲ ਅਗਲੇ ਵਿਦਿਅਕ ਵਰ੍ਹੇ ਤੋਂ ਸਮਾਰਟ ਸਕੂਲ ਵਜੋਂ ਵਿਦਿਆ ਮੁਹੱਈਆ ਕਰਾਉਣਗੇ।

ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਮਾਈ ਭਾਗੋ ਵਿਦਿਆ ਯੋਜਨਾ ਤਹਿਤ ਜ਼ਿਲ੍ਹਾ ਲੁਧਿਆਣਾ ਦੀਆਂ ਵਿਦਿਆਰਥਣਾਂ ਨੂੰ ਇਸੇ ਵਿਦਿਅਕ ਵਰੇ੍ਹ ਦੌਰਾਨ 12704 ਮੁਫ਼ਤ ਸਾਈਕਲਾਂ ਦੀ ਵੰਡ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਇਨ੍ਹਾਂ ਸਾਈਕਲਾਂ ਦੀ ਵੰਡ ਕੀਤੀ ਜਾ ਚੁੱਕੀ ਹੈ, ਜਦਕਿ ਰਹਿੰਦੇ ਸਾਈਕਲ ਵੀ ਜਲਦੀ ਹੀ ਵੰਡੇ ਜਾ ਰਹੇ ਹਨ। ਇਸ ਮੌਕੇ ਉਨ੍ਹਾਂ ਸਕੂਲ ਦੀਆਂ ਵਿਦਿਆਰਥਣਾਂ ਨੂੰ 400 ਤੋਂ ਵਧੇਰੇ ਸਾਈਕਲਾਂ ਦੀ ਵੰਡ ਕੀਤੀ। ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਬਪੱਖੀ ਵਿਕਾਸ ਲਈ ਕੀਤੇ ਜਾ ਰਹੇ ਯਤਨਾਂ ਤਹਿਤ ਸਿੱਖਿਆ ’ਤੇ ਸਭ ਤੋਂ ਵਧੇਰੇ ਤਵੱਜੋਂ ਦਿੱਤੀ ਜਾ ਰਹੀ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸੀਨੀਅਰ ਕਾਂਗਰਸੀ ਆਗੂ ਸ੍ਰ. ਕਮਲਜੀਤ ਸਿੰਘ ਕੜਵਲ, ਸਕੂਲ ਪਿ੍ਰੰਸੀਪਲ ਸ੍ਰੀ ਸੰਜੀਵ ਥਾਪਰ, ਸ੍ਰੀਮਤੀ ਰਮਨੀਕ ਕੌਰ, ਅਧਿਆਪਕ ਅਤੇ ਵੱਡੀ ਗਿਣਤੀ ਵਿੱਚ ਵਿਦਿਆਰਥੀ ਹਾਜ਼ਰ ਸਨ।


LEAVE A REPLY