ਗੈਂਗਸਟਰ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੀਆਂ ਫੋਨ ਕਾਲਾਂ ਨੇ ਪਾਇਆ ਲੁਧਿਆਣਾ ਦੇ ਪ੍ਰਾਪਰਟੀ ਡੀਲਰਾਂ ਨੂੰ ਭੜਥੂ


Gangsters

ਲੁਧਿਆਣਾ – ਮ੍ਰਿਤਕ ਗੈਂਗਸਟਰ ਸੁੱਖਾ ਕਾਹਲਵਾਂ ਤੇ ਵਿੱਕੀ ਗੌਂਡਰ ਦੇ ਨਾਂ ਤੋਂ ਫੋਨ ਕਾਲਾਂ ਨੇ ਦਹਿਸ਼ਤ ਮਚਾ ਦਿੱਤੀ ਹੈ। ਇਹ ਫੋਨ ਲਗਾਤਾਰ ਲੁਧਿਆਣਾ ਦੇ ਪ੍ਰਾਪਰਟੀ ਡੀਲਰਾਂ ਨੂੰ ਆ ਰਹੇ ਹਨ ਜਿਨ੍ਹਾਂ ਵਿੱਚ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਧਮਕੀ ਦੇਣ ਵਾਲਾ ਫੋਨ ਕਰਕੇ ਆਪਣੇ ਆਪ ਨੂੰ ਗੈਂਗਸਟਰਾਂ ਦਾ ਸਾਥੀ ਦੱਸ ਰਿਹਾ ਹੈ ਤੇ ਫਿਰੌਤੀ ਮੰਗ ਰਿਹਾ ਹੈ।

ਹੈਰਾਨੀ ਵਾਲੀ ਗੱਲ ਇਹ ਹੈ ਕਿ ਫੋਨ ਕਰਨ ਵਾਲਾ ਆਪਣੀ ਪਛਾਣ ਤਾਂ ਗੈਂਗਸਟਰਾਂ ਦੇ ਸਾਥੀ ਵਜੋਂ ਕਰਾਉਂਦਾ ਹੈ, ਪਰ ਗੱਲ ਦੀ ਸ਼ੁਰੂਆਤ ‘ਭਾਜੀ’ ਕਹਿ ਕੇ ਕਰਦਾ ਹੈ। ਪੁਲਿਸ ਨੇ ਸਿੱਟਾ ਕੱਢਿਆ ਹੈ ਕਿ ਫੋਨ ਕਰਨ ਵਾਲਾ ‘ਅਨਾੜੀ’ ਹੈ ਤੇ ਪੈਸੇ ਕਮਾਉਣ ਦੇ ਲਾਲਚ ਵਿੱਚ ਅਜਿਹਾ ਕਰ ਰਿਹਾ ਹੈ।

ਲੁਧਿਆਣਾ ਦੇ ਕਰੀਬ ਅੱਠ ਪ੍ਰਾਪਰਟੀ ਡੀਲਰਾਂ ਨੂੰ ਇਸ ਤਰ੍ਹਾਂ ਦੇ ਫੋਨ ਦੋ ਦਿਨਾਂ ਤੋਂ ਆ ਰਹੇ ਹਨ। ਫ਼ਿਲਹਾਲ ਮਾਮਲੇ ਦੀ ਤਫ਼ਤੀਸ਼ ਏਸੀਪੀ ਕ੍ਰਾਈਮ ਸੁਰਿੰਦਰ ਮੋਹਨ ਤੇ ਉਨ੍ਹਾਂ ਦੀ ਟੀਮ ਵੱਲੋਂ ਕੀਤੀ ਜਾ ਰਹੀ ਹੈ। ਮਾਮਲੇ ਦੀ ਮੁੱਢਲੀ ਪੜਤਾਲ ਵਿੱਚ ਸਾਹਮਣੇ ਆਇਆ ਹੈ ਕਿ ਜਿਨ੍ਹਾਂ ਪ੍ਰਾਪਰਟੀ ਡੀਲਰਾਂ ਦੇ ਦਫ਼ਤਰਾਂ ਬਾਹਰ ਲੱਗੇ ਬੋਰਡਾਂ ’ਤੇ ਫੋਨ ਨੰਬਰ ਲਿਖੇ ਹੋਏ ਹਨ, ਉਨ੍ਹਾਂ ਨੂੰ ਹੀ ਪਿਛਲੇ ਕੁਝ ਦਿਨਾਂ ਤੋਂ ਗੈਂਗਸਟਰਾਂ ਦਾ ਡਰਾਵਾ ਦੇ ਕੇ ਫੋਨ ਕੀਤੇ ਜਾ ਰਹੇ ਹਨ।

ਫੋਨ ਕਰਨ ਵਾਲਾ ਧਮਕੀ ਦੇ ਰਿਹਾ ਹੈ ਕਿ ਉਸ ਨੂੰ ਪੈਸੇ ਦਿੱਤੇ ਜਾਣ, ਨਹੀਂ ਤਾਂ ਉਨ੍ਹਾਂ ਦੇ ਪਰਿਵਾਰ ਨੂੰ ਖ਼ਤਮ ਕਰ ਦਿੱਤਾ ਜਾਵੇਗਾ। ਪੁਲਿਸ ਨੂੰ ਇਸ ਸਬੰਧੀ ਸੱਤ ਸ਼ਿਕਾਇਤਾਂ ਮਿਲੀਆਂ ਹਨ ਤੇ ਸਾਰੇ ਪ੍ਰਾਪਰਟੀ ਦੇ ਕਾਰੋਬਾਰ ਨਾਲ ਜੁੜੇ ਹੋਏ ਹਨ। ਫੋਨ ਵੀ ਉਨ੍ਹਾਂ ਨੰਬਰਾਂ ’ਤੇ ਆਏ ਹਨ ਜੋ ਦਫ਼ਤਰਾਂ ਦੇ ਬਾਹਰ ਬੋਰਡਾਂ ’ਤੇ ਲਿਖੇ ਹੋਏ ਹਨ।

ਗੈਂਗਸਟਰ ਸੁੱਖਾ ਕਾਹਲਵਾਂ ਦਾ ਨਾਂ ਲਿਆ ਜਾ ਰਿਹਾ ਜਦਕਿ ਉਸ ਦੀ ਮੌਤ ਹੋ ਚੁੱਕੀ ਹੈ। ਇੱਕ ਫਿਰੋਜ਼ਪੁਰ ਦੇ ਗੈਂਗਸਟਰ ਦਾ ਨਾਂ ਲੈ ਕੇ ਵੀ ਫਿਰੌਤੀ ਮੰਗੀ ਗਈ ਹੈ। ਜਾਂਚ ਵਿਚ ਸਾਹਮਣੇ ਆਇਆ ਹੈ ਕਿ ਨੰਬਰ ਯੂਪੀ ਦਾ ਹੈ ਤੇ ਉਸ ਦੀ ਲੋਕੇਸ਼ਨ ਫਿਰੋਜ਼ਪੁਰ ਦੀ ਆ ਰਹੀ ਹੈ।


LEAVE A REPLY