ਮੁਦਰਾ ਯੋਜਨਾ ਦਾ ਲਾਭ ਲੈਣ ਵਿੱਚ ਜ਼ਿਲਾ ਲੁਧਿਆਣਾ ਸਭ ਤੋਂ ਅੱਗੇ, ਵਿੱਤੀ ਸਾਲ 2017-18 ਵਿੱਚ 87 ਹਜ਼ਾਰ ਸੂਖ਼ਮ ਉੱਦਮੀਆਂ ਨੂੰ ਮੁਹੱਈਆ ਕਰਵਾਏ 863 ਕਰੋੜ ਰੁਪਏ ਦੇ ਕਰਜ਼ੇ


ADC Shena Aggarwal

ਲੁਧਿਆਣਾ – ਜ਼ਿਲਾ ਲੁਧਿਆਣਾ ਵਿੱਤੀ ਸਾਲ 2017-18 ਦੌਰਾਨ ‘ਪ੍ਰਧਾਨ ਮੰਤਰੀ ਮੁਦਰਾ ਯੋਜਨਾ’ ਦਾ ਭਰਪੂਰ ਲਾਭ ਲੈਣ ਵਿੱਚ ਸਫ਼ਲ ਰਿਹਾ ਹੈ। ਅਪ੍ਰੈੱਲ 2015 ਵਿੱਚ ਪੂਰੇ ਦੇਸ਼ ਵਿੱਚ ਲਾਗੂ ਹੋਈ ਇਸ ਕੇਂਦਰੀ ਯੋਜਨਾ ਤਹਿਤ ਉਨਾਂ ਸੂਖ਼ਮ ਕਾਰੋਬਾਰੀਆਂ ਨੂੰ 50 ਹਜ਼ਾਰ ਰੁਪਏ ਤੋਂ ਲੈ ਕੇ 10 ਲੱਖ ਰੁਪਏ ਤੱਕ ਦਾ ਕਰਜ਼ਾ ਦੇਣ ਦਾ ਪ੍ਰਬੰਧ ਹੈ, ਜੋ ਕਿ ਆਪਣੇ ਮੌਜੂਦਾ ਵਿੱਤੀ ਵਸੀਲਿਆਂ ਕਾਰਨ ਕਰਜ਼ਾ ਲੈਣ ਤੋਂ ਅਸਮਰੱਥ ਹੁੰਦੇ ਹਨ। ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਦੇ ਅਜਿਹੇ 87 ਹਜ਼ਾਰ ਕਾਰੋਬਾਰੀਆਂ ਨੂੰ 863 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ।

ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜ਼ਿਲਾ ਪ੍ਰਸਾਸ਼ਨ ਦੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਜ਼ਿਲਾ ਵਾਸੀਆਂ ਨੂੰ ਹਰੇਕ ਭਲਾਈ ਯੋਜਨਾ ਦਾ ਵੱਧ ਤੋਂ ਵੱਧ ਲਾਭ ਦਿਵਾਇਆ ਜਾ ਸਕੇ। ਮੁਦਰਾ ਯੋਜਨਾ ਸਮੇਤ ਸਾਰੀਆਂ ਯੋਜਨਾਵਾਂ ਦਾ ਯੋਗ ਲਾਭਪਾਤਰੀਆਂ ਨੂੰ ਲਾਭ ਦਿਵਾਉਣ ਲਈ ਬੈਂਕਾਂ ਨੂੰ ਬਕਾਇਦਾ ਟੀਚੇ ਨਿਰਧਾਰਤ ਕੀਤੇ ਗਏ ਹਨ। ਜਿਨਾਂ ਨੂੰ ਸਖ਼ਤ ਮਿਹਨਤ ਨਾਲ ਪ੍ਰਾਪਤ ਕੀਤਾ ਜਾ ਰਿਹਾ ਹੈ।
ਜਿੱਥੇ ਵਿੱਤੀ ਸਾਲ 2017-18 ਦੌਰਾਨ ਜ਼ਿਲਾ ਲੁਧਿਆਣਾ ਵਿੱਚ 87 ਹਜ਼ਾਰ ਕਾਰੋਬਾਰੀਆਂ ਨੂੰ 863 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਗਏ, ਉਥੇ ਹੀ ਚਾਲੂ ਵਿੱਤੀ ਸਾਲ 2018-19 ਦੌਰਾਨ ਵੀ ਜ਼ਿਲਾ ਲੁਧਿਆਣਾ ਇਸ ਯੋਜਨਾ ਦਾ ਲਾਭ ਲੈਣ ਵਿੱਚ ਬਾਕੀ ਜ਼ਿਲਾਆਂ ਨਾਲੋਂ ਕਾਫੀ ਅੱਗੇ ਹੈ।

ਉਨਾਂ ਦੱਸਿਆ ਕਿ ਮੌਜੂਦਾ ਵਿੱਤੀ ਸਾਲ ਵਿੱਚ ਸਤੰਬਰ ਮਹੀਨੇ ਤੱਕ ਜ਼ਿਲਾ ਲੁਧਿਆਣਾ 41932 ਕਾਰੋਬਾਰੀਆਂ ਨੂੰ 413.16 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾ ਕੇ ਪਹਿਲੇ ਸਥਾਨ ‘ਤੇ ਬਣਿਆ ਹੋਇਆ ਹੈ, ਜਦਕਿ ਬਠਿੰਡਾ ਦੂਜੇ, ਸੰਗਰੂਰ ਤੀਜੇ, ਜਲੰਧਰ ਚੌਥੇ ਅਤੇ ਸ੍ਰੀ ਮੁਕਤਸਰ ਸਾਹਿਬ ਪੰਜਵੇਂ ਸਥਾਨ ‘ਤੇ ਹੈ। ਸੂਬੇ ਭਰ ਵਿੱਚ ਇਸ ਯੋਜਨਾ ਤਹਿਤ ਚਾਲੂ ਵਿੱਤੀ ਸਾਲ ਦੌਰਾਨ 397084 ਕਾਰੋਬਾਰੀਆਂ ਨੂੰ 2843.35 ਕਰੋੜ ਰੁਪਏ ਦੇ ਕਰਜ਼ੇ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਡਾ. ਅਗਰਵਾਲ ਨੇ ਦੱਸਿਆ ਕਿ ਮੁਦਰਾ (ਮਾਈਕਰੋ ਯੂਨਿਟਸ ਡਿਵੈੱਲਪਮੈਂਟ ਐਂਡ ਰੀਫਾਈਨਾਂਸ ਏਜੰਸੀ) ਯੋਜਨਾ ਤਹਿਤ ਸੂਖ਼ਮ ਕਾਰੋਬਾਰੀਆਂ ਤਿੰਨ ਕੈਟੇਗਰੀਆਂ ਸ਼ਿਸ਼ੂ (50 ਹਜ਼ਾਰ ਰੁਪਏ ਤੱਕ), ਕਿਸ਼ੋਰ (50 ਹਜ਼ਾਰ ਤੋਂ 5 ਲੱਖ ਰੁਪਏ ਤੱਕ) ਅਤੇ ਤਰੁਣ ( 5 ਲੱਖ ਤੋਂ 10 ਲੱਖ ਰੁਪਏ ਤੱਕ) ਵਿੱਚ ਕਰਜ਼ਾ ਮੁਹੱਈਆ ਕਰਵਾਇਆ ਜਾਂਦਾ ਹੈ। ਇਹ ਕਰਜ਼ਾ ਮੈਨੂੰਫੈਕਚਰਿੰਗ, ਟਰੇਡਿੰਗ ਅਤੇ ਸਰਵਿਸ ਖੇਤਰ ਵਿੱਚ ਕੰਮ ਕਰਨ ਵਾਲੇ ਕਾਰੋਬਾਰੀਆਂ ਨੂੰ ਹੀ ਮਿਲਣਯੋਗ ਹੁੰਦਾ ਹੈ। ਉਨਾਂ ਕਿਹਾ ਕਿ ਸੂਖ਼ਮ ਕਾਰੋਬਾਰੀਆਂ ਨੂੰ ਚਾਹੀਦਾ ਹੈ ਕਿ ਉਹ ਆਪਣੇ ਕਾਰੋਬਾਰ ਨੂੰ ਸਥਾਪਤ/ਵਧਾਉਣ ਲਈ ਇਸ ਯੋਜਨਾ ਦਾ ਵੱਧ ਤੋਂ ਵੱਧ ਲਾਭ ਲੈਣ ਲਈ ਆਪਣੇ ਨੇੜਲੇ ਬੈਂਕ ਨਾਲ ਸੰਪਰਕ ਕਰਨਾ ਚਾਹੀਦਾ ਹੈ। ਯੋਗ ਲਾਭਪਾਤਰੀਆਂ ਨੂੰ ਭਰਪੂਰ ਲਾਭ ਮੁਹੱਈਆ ਕਰਾਉਣ ਲਈ ਸਮੂਹ ਬੈਂਕ ਪ੍ਰਬੰਧਕਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।


LEAVE A REPLY