ਅਕਾਲੀ ਭਾਜਪਾ ਗਠਜੋੜ ਬਣਿਆ ‘ਵਰਕਰ ਵਿਹੂਣਾ’-ਰਵਨੀਤ ਸਿੰਘ ਬਿੱਟੂ


Ravneet Singh Bittu

ਲੁਧਿਆਣਾ – ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਹੈ ਕਿ ਅਕਾਲੀ ਭਾਜਪਾ ਗਠਜੋੜ ਵੱਲੋਂ ਅੱਜ ਲੁਧਿਆਣਾ ਵਿਖੇ ਦਿੱਤਾ ਗਿਆ ਧਰਨਾ ਬੇਹੱਦ ਫਲਾਪ ਸ਼ੋਅ ਸਾਬਿਤ ਹੋਇਆ, ਜਿਸ ਨਾਲ ਇਨਾਂ ਪਾਰਟੀਆਂ ਦੇ ਆਗੂਆਂ ਦੇ ਚਿਹਰੇ ਲੋਕਾਂ ਸਾਹਮਣੇ ਨੰਗੇ ਹੋ ਗਏ ਹਨ। ਉਨਾਂ ਕਿਹਾ ਕਿ ਇਸ ਧਰਨੇ ਵਿੱਚ ਸਿਰਫ਼ ਦੋਵਾਂ ਪਾਰਟੀਆਂ ਦੇ ਨੇਤਾਵਾਂ ਨੇ ਹੀ ਭਾਗ ਲਿਆ, ਜਦਕਿ ਵਰਕਰ ਕਿਤੇ ਵੀ ਨਜ਼ਰ ਨਹੀਂ ਆਏ। ਜਿਸ ਤੋਂ ਸਪੱਸ਼ਟ ਹੋ ਗਿਆ ਹੈ ਕਿ ਇਹ ਦੋਵੇਂ ਪਾਰਟੀਆਂ ਹੁਣ ਵਰਕਰਾਂ ਤੋਂ ਸੱਖਣੀਆਂ (ਵਿਹੂਣੀਆਂ) ਹੋ ਚੁੱਕੀਆਂ ਹਨ। ਧਰਨੇ ਦੌਰਾਨ ਦੋਵਾਂ ਪਾਰਟੀਆਂ ਦੇ ਨੇਤਾ ਸਿਰਫ਼ ਫੋਟੋ ਖਿਚਵਾਉਂਦੇ ਹੀ ਨਜ਼ਰ ਆਏ ਤਾਂ ਕਿ ਉਨਾਂ ਦੇ ਰਾਜਸੀ ਆਕਾ ਖੁਸ਼ ਹੋ ਜਾਣ।

ਸ੍ਰ. ਬਿੱਟੂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਹਨ, ਜਦੋਂ ਇਹ ਦੋਵੇਂ ਪਾਰਟੀਆਂ ਬਿਲਕੁਲ ਵਰਕਰਾਂ ਤੋਂ ਰਹਿਤ ਹੋ ਜਾਣਗੀਆਂ। ਇਨਾਂ ਪਾਰਟੀਆਂ ਦੇ ਨੇਤਾਵਾਂ ਨੂੰ ਵੋਟਰਾਂ ਨੇ ਹੀ ਨਹੀਂ ਨਕਾਰ ਦਿੱਤਾ ਹੈ, ਸਗੋਂ ਹੁਣ ਵਰਕਰ ਵੀ ਨਕਾਰਨ ਲੱਗ ਚੁੱਕੇ ਹਨ। ਉਨਾਂ ਕਿਹਾ ਕਿ ਪਿਛਲੀ ਸਰਕਾਰ ਵੇਲੇ ਜਦੋਂ ਕਾਂਗਰਸ ਪਾਰਟੀ ਵੱਲੋਂ ਧਰਨੇ ਲਗਾਏ ਜਾਂਦੇ ਸਨ ਜਾਂ ਲੋਕ ਵਿਰੋਧੀ ਫੈਸਲਿਆਂ ਦਾ ਵਿਰੋਧ ਕੀਤਾ ਜਾਂਦਾ ਸੀ ਤਾਂ ਹਜ਼ਾਰਾਂ ਦੀ ਗਿਣਤੀ ਵਿੱਚ ਵਰਕਰ ਪਹੁੰਚਦੇ ਸਨ। ਪਰ ਹੁਣ ਅਕਾਲੀ ਭਾਜਪਾ ਗਠਜੋੜ ਦੇ ਵਰਕਰ ਨੇਤਾਵਾਂ ਨਾਲ ਤੁਰਨੋਂ ਹਟ ਗਏ ਹਨ। ਸ੍ਰ. ਬਿੱਟੂ ਨੇ ਅੱਜ ਦੇ ਧਰਨੇ ਨੂੰ ਡਰਾਮਾ ਕਰਾਰ ਦਿੰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਨੂੰ ਅਜਿਹੇ ਡਰਾਮੇ ਛੱਡ ਕੇ ਸੂਬੇ ਦੇ ਵਿਕਾਸ ਲਈ ਕੈਪਟਨ ਸਰਕਾਰ ਦਾ ਸਹਿਯੋਗ ਕਰਨਾ ਚਾਹੀਦਾ ਹੈ ਨਹੀਂ ਤਾਂ ਲੋਕ ਇਨਾਂ ਪਾਰਟੀਆਂ ਨੂੰ ਪੂਰੀ ਤਰਾਂ ਹੂੰਝ ਕੇ ਰੱਖ ਦੇਣਗੇ। ਓਨਾਂ ਕਿਹਾ ਕਿ ਇਸ ਗਠਜੋੜ ਦੀ ਸਰਕਾਰ ਦੇ 10 ਸਾਲਾਂ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਫੰਡਾਂ ਦੀ ਰੱਜ ਕੇ ਦੁਰਵਰਤੋਂ ਕੀਤੀ ਗਈ, ਜਿਸ ਦਾ ਨਤੀਜਾ ਇਹ ਹੋਇਆ ਕਿ ਸ਼ਹਿਰ ਵੱਡੇ ਪੱਧਰ ‘ਤੇ ਵਿਕਾਸ ਪੱਖੋਂ ਪਛੜ ਗਿਆ।

  • 719
    Shares

LEAVE A REPLY