ਮੰਡੀ ਬੋਰਡ ਨੇ ਕਾਰੋਬਾਰੀਆਂ ਨੂੰ ਜਾਰੀ ਕੀਤੇ ਨੋਟਿਸ , ਕਾਰੋਬਾਰੀ ਆਪਣੀ ਬਾਊਂਡਰੀ ਲਾਈਨ ‘ਚ ਰੱਖਣ ਸਾਮਾਨ


ਲੁਧਿਆਣਾ– ਜਲੰਧਰ ਬਾਈਪਾਸ ਚੌਕ ਦੇ ਨਾਲ ਲਗਦੀ ਏਸ਼ੀਆ ਦੀ ਸਭ ਤੋਂ ਵੱਡੀ ਸਬਜ਼ੀ ਮੰਡੀ ਵਿਚ ਬੀਤੇ ਦਿਨੀਂ ਹੋਏ ਇਕ ਭਿਆਨਕ ਅਗਨੀਕਾਂਡ ਕਾਰਨ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਮੰਡੀ ਵਿਚ ਫਲਾਂ ਅਤੇ ਸਬਜ਼ੀਆਂ ਦਾ ਕਾਰੋਬਾਰ ਕਰਨ ਵਾਲੇ ਕਥਿਤ ਡੇਢ ਦਰਜਨ ਦੇ ਕਰੀਬ ਕਾਰੋਬਾਰੀਆਂ ਨੂੰ ਨੋਟਿਸ ਜਾਰੀ ਕਰ ਕੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਮੰਡੀ ਵਿਚ ਭਵਿੱਖ ਦੇ ਦਿਨਾਂ ‘ਚ ਕੋਈ ਅਜਿਹੀ ਅਣਹੋਣੀ ਘਟਨਾ ਵਾਪਰਦੀ ਹੈ ਤਾਂ ਉਸ ਦੀ ਪੂਰੀ ਜ਼ਿੰਮੇਵਾਰੀ ਘਟਨਾ ਦੇ ਜ਼ਿੰਮੇਵਾਰ ਕਾਰੋਬਾਰੀਆਂ ਦੇ ਮੋਢੇ ‘ਤੇ ਹੀ ਫਿਕਸ ਕੀਤੀ ਜਾਵੇਗੀ ਅਤੇ ਹਾਦਸੇ ਦੌਰਾਨ ਹੋਣ ਵਾਲੇ ਜਾਨੀ ਅਤੇ ਮਾਲੀ ਨੁਕਸਾਨ ਦੀ ਭਰਪਾਈ ਦੇ ਨਾਲ ਹੀ ਕਾਰੋਬਾਰੀ ਨੂੰ ਵਿਭਾਗੀ ਕਾਰਵਾਈ ਦੇ ਨਾਲ ਹੀ ਜੁਰਮਾਨਾ ਵੀ ਭਰਨਾ ਪਵੇਗਾ। ਇਥੇ ਦੱਸਣਾ ਜ਼ਰੂਰੀ ਹੋਵੇਗਾ ਕਿ ਬੀਤੀ 6 ਫਰਵਰੀ ਦੀ ਸਵੇਰ ਸਬਜ਼ੀ ਮੰਡੀ ਵਿਚ ਪਏ ਪਲਾਸਟਿਕ ਦੇ ਕ੍ਰੇਟਸ ‘ਚ ਲੱਗੀ ਅੱਗ ਕਾਰਨ ਲੱਖਾਂ ਰੁਪਏ ਦਾ ਸਾਮਾਨ ਸੜ ਦੇ ਸੁਆਹ ਹੋ ਗਿਆ ਸੀ, ਜਿਸ ਵਿਚ ਫਾਇਰ ਬ੍ਰਿਗੇਡ ਕਰਮਚਾਰੀਆਂ ਦੀ ਟੀਮ ਨੇ ਘੰਟਿਆਂਬੱਧੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾ ਲਿਆ ਸੀ ਪਰ ਮੰਡੀ ‘ਚ ਹੋਏ ਉਕਤ ਅਗਨੀਕਾਂਡ ਕਾਰਨ ਵਿਭਾਗੀ ਅਧਿਕਾਰੀਆਂ ਅਤੇ ਪ੍ਰਸ਼ਾਸਨ ਦੀ ਬੜੀ ਕਿਰਕਿਰੀ ਹੋਈ ਹੈ ਕਿ ਇੰਨੇ ਵੱਡੇ ਜਨਤਕ ਸਥਾਨ ‘ਤੇ ਵਿਭਾਗ ਵੱਲੋਂ ਅੱਗ ਲੱਗਣ ਵਰਗੇ ਹਾਦਸਿਆਂ ਨਾਲ ਨਜਿੱਠਣ ਲਈ ਕੋਈ ਯੋਗ ਪ੍ਰਬੰਧ ਤੱਕ ਨਹੀਂ ਕੀਤੇ ਹਨ। ਹਾਲਾਂਕਿ ਇਥੇ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ‘ਚ ਲੋਕ ਸਬਜ਼ੀਆਂ ਅਤੇ ਫਲਾਂ ਦੀ ਖਰੀਦਦਾਰੀ ਕਰਨ ਆਉਂਦੇ ਹਨ, ਜਿਸ ‘ਚ ਵੱਡੀ ਗਿਣਤੀ ਵਿਚ ਬਜ਼ੁਰਗਾਂ ਅਤੇ ਔਰਤਾਂ ਦੀ ਹੁੰਦੀ ਹੈ।

ਜੇਕਰ ਸਿੱਕੇ ਦਾ ਦੂਜਾ ਪਹਿਲੂ ਦੇਖਿਆ ਜਾਵੇ ਤਾਂ ਕਰੋੜਾਂ ਰੁਪਏ ਦਾ ਸਾਲਾਨਾ ਕਰ ਚੁਕਾਉਣ ਵਾਲੇ ਸਬਜ਼ੀ ਮੰਡੀ ਦੇ ਕਾਰੋਬਾਰੀ ਮੰਡੀ ਵਿਚ ਬੁਨਿਆਦੀ ਸਹੂਲਤਾਂ ਤੱਕ ਨੂੰ ਤਰਸ ਰਹੇ ਹਨ, ਜਿਸ ਵਿਚ ਪੀਣ ਲਈ ਸਾਫ ਪਾਣੀ ਅਤੇ ਪਖਾਨੇ ਦੀ ਸਹੂਲਤ ਨਾ ਹੋਣਾ ਮੁੱਖ ਰੂਪ ਵਿਚ ਸ਼ਾਮਲ ਹੈ। ਅਜਿਹਾ ਕਹਿਣਾ ਹੈ ਮੰਡੀ ‘ਚ ਕਾਰੋਬਾਰ ਚਲਾ ਰਹੇ ਕਾਰੋਬਾਰੀ ਸੁਰਿੰਦਰ ਸਿੰਘ, ਕਰਤਾਰ ਸਿੰਘ, ਗੁਰਪ੍ਰੀਤ ਸਿੰਘ, ਹੈਪੀ ਅਤੇ ਇੰਦਰਜੀਤ ਕੁਮਾਰ ਦਾ। ਉਨ੍ਹਾਂ ਦੱਸਿਆ ਕਿ ਮੰਡੀ ਵਿਚ ਪੰਜਾਬ ਸਮੇਤ ਹੋਰਨਾਂ ਗੁਆਂਢੀ ਰਾਜਾਂ ਅਤੇ ਦਿੱਲੀ ਦੇ ਪ੍ਰਮੁੱਖ ਕਾਰੋਬਾਰੀ ਵੀ ਵਪਾਰ ਕਰਨ ਲਈ ਆਉਂਦੇ ਹਨ ਅਤੇ ਰੋਜ਼ਾਨਾ ਮੰਡੀ ‘ਚ ਕਰੋੜਾਂ ਰੁਪਏ ਦਾ ਕਾਰੋਬਾਰ ਹੁੰਦਾ ਹੈ। ਇਸ ਵਿਚ ਮਾਰਕੀਟ ਕਮੇਟੀ ਦੇ ਕਰ ਦੇ ਰੂਪ ਵਿਚ 4 ਫੀਸਦੀ ਮਾਰਕੀਟ ਫੀਸ ਅਦਾ ਕੀਤੀ ਜਾ ਰਹੀ ਹੈ ਪਰ ਫਿਰ ਵੀ ਸਹੂਲਤਾਂ ਦੇ ਨਾਂ ‘ਤੇ ਕਾਰੋਬਾਰੀਆਂ ਲਈ ਕੋਈ ਖਾਸ ਪ੍ਰਬੰਧ ਨਹੀਂ ਕੀਤੇ ਗਏ ਹਨ।

  • 2.4K
    Shares

LEAVE A REPLY