ਜਨਾਨਾ ਜੇਲ ਵਿੱਚ ਸਿਹਤ ਜਾਂਚ ਕੈਂਪ ਦੌਰਾਨ 203 ਕੈਦਣਾਂ ਅਤੇ ਬੰਦੀਆਂ ਦੀ ਜਾਂਚ – ਜ਼ਿਲਾ ਅਤੇ ਸੈਸ਼ਨਜ਼ ਜੱਜ ਗੁਰਬੀਰ ਸਿੰਘ ਵੱਲੋਂ ਕੈਂਪ ਦਾ ਜਾਇਜ਼ਾ


ਲੁਧਿਆਣਾ – ਸਥਾਨਕ ਜਨਾਨਾ ਜੇਲ ਵਿੱਚ ਬੰਦ ਕੈਦਣਾਂ ਅਤੇ ਬੰਦੀਆਂ ਦੀ ਸਿਹਤ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਵੱਲੋਂ ਸਿਹਤ ਜਾਂਚ ਕੈਂਪ ਦਾ ਆਯੋਜਨ ਕੀਤਾ ਗਿਆ, ਜਿਸ ਵਿੱਚ 203 ਕੈਦਣਾਂ ਤੇ ਬੰਦੀਆਂ ਅਤੇ 9 ਬੱਚਿਆਂ ਦੀ ਜਾਂਚ ਕੀਤੀ ਗਈ। ਇਸ ਕੈਂਪ ਦਾ ਜਾਇਜ਼ਾ ਲੈਣ ਲਈ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਚੇਅਰਮੈਨ-ਕਮ-ਜ਼ਿਲਾ ਅਤੇ ਸੈਸ਼ਨ ਜੱਜ ਸ੍ਰ. ਗੁਰਬੀਰ ਸਿੰਘ ਨੇ ਦੌਰਾ ਕੀਤਾ।

ਕੈਂਪ ਬਾਰੇ ਜਾਣਕਾਰੀ ਦਿੰਦਿਆਂ ਉਨਾਂ ਦੱਸਿਆ ਕਿ ਇਸ ਕੈਂਪ ਵਿੱਚ ਜਨਾਨਾ ਰੋਗ, ਦੰਦਾਂ, ਜਨਰਲ ਮੈਡੀਸਨ, ਸਰਜਰੀ, ਮੈਡੀਸਨ, ਅੱਖਾਂ, ਚਮੜੀ ਅਤੇ ਹੋਰ ਰੋਗਾਂ ਦੀ ਜਾਂਚ ਲਈ ਮਾਹਿਰ ਡਾਕਟਰ ਲਗਾਏ ਗਏ ਸਨ। ਜਿਨਾਂ ਵੱਲੋਂ ਜੇਲ ਵਿੱਚ ਬੰਦ ਕੈਦਣਾਂ ਅਤੇ ਬੰਦੀਆਂ ਦੀ ਸਿਹਤ ਜਾਂਚ ਕੀਤੀ ਗਈ ਹੈ। ਉਨਾਂ ਕਿਹਾ ਕਿ ਇਥੇ ਬੰਦ ਕੈਦਣਾਂ ਬੰਦੀਆਂ ਆਦਿ ਦੇ ਮੈਡੀਕਲ ਸੰਬੰਧੀ ਅਕਸਰ ਸਮੱਸਿਆ ਪੇਸ਼ ਆਉਂਦੀ ਸੀ, ਇਸ ਤੋਂ ਇਲਾਵਾ ਚੱਲ ਰਹੇ ਬਰਸਾਤ ਦੇ ਮੌਸਮ ਵਿੱਚ ਕਈ ਬਿਮਾਰੀਆਂ ਤੋਂ ਪੀੜਤ ਹੋ ਗਈਆਂ ਸਨ। ਜਿਸ ਨੂੰ ਧਿਆਨ ਵਿੱਚ ਰੱਖਦਿਆਂ ਹੀ ਇਹ ਕੈਂਪ ਦਾ ਆਯੋਜਨ ਕਰਵਾਇਆ ਗਿਆ ਹੈ।

ਉਨਾਂ ਕਿਹਾ ਕਿ ਇਸ ਕੈਂਪ ਵਿੱਚ ਜੋ ਵੀ ਬਿਮਾਰੀ ਪੀੜਤ ਸਾਹਮਣੇ ਆਉਣਗੇ, ਉਨਾਂ ਦੇ ਇਲਾਜ਼ ਲਈ ਉਪਰਾਲੇ ਕੀਤੇ ਜਾਣਗੇ। ਇਨਾਂ ਦਾ ਇਲਾਜ਼ ਸਰਕਾਰੀ ਹਸਪਤਾਲ ਵਿੱਚੋਂ ਕਰਵਾਇਆ ਜਾਵੇਗਾ, ਜੇਕਰ ਜ਼ਰੂਰਤ ਪਈ ਤਾਂ ਮਰੀਜ਼ਾਂ ਦਾ ਇਲਾਜ ਨਿੱਜੀ ਹਸਪਤਾਲਾਂ ਤੋਂ ਵੀ ਕਰਵਾਇਆ ਜਾਵੇਗਾ। ਇਸ ਕੈਂਪ ਨਾਲ ਇਨਾਂ ਨੂੰ ਭਾਰੀ ਲਾਭ ਮਿਲੇਗਾ।

ਇਸ ਮੌਕੇ ਹਾਜ਼ਰ ਸਿਹਤ ਵਿਭਾਗ ਦੇ ਡਾਕਟਰਾਂ ਨੂੰ ਹਦਾਇਤ ਕਰਦਿਆਂ ਉਨਾਂ ਕਿਹਾ ਕਿ ਜਨਾਨਾ ਜੇਲ ਵਿੱਚ ਕੈਦਣਾਂ ਅਤੇ ਬੰਦੀਆਂ ਦੀ ਵੱਖ-ਵੱਖ ਕਾਰਨਾਂ ਦੇ ਚੱਲਦਿਆਂ ਕੌਂਸਲਿੰਗ ਕਰਨ ਲਈ ਔਰਤ ਕਾਊਂਸਲਰ ਦੀ ਤਾਇਨਾਤੀ ਕੀਤੀ ਜਾਵੇ। ਇਸ ਤੋਂ ਇਲਾਵਾ ਹਫ਼ਤਾਵਰੀ ਜਾਂ 15 ਦਿਨਾਂ ਬਾਅਦ ਮਨੋਰੋਗਾਂ ਬਾਰੇ ਮਾਹਿਰ ਡਾਕਟਰ ਦੀ ਵਿਜ਼ਿਟ ਵੀ ਯਕੀਨੀ ਬਣਾਈ ਜਾਵੇ। ਇਸ ਮੌਕੇ ਉਨਾਂ ਮੁਸ਼ਕਿਲਾਂ ਵੀ ਪੁੱਛੀਆਂ ਅਤੇ ਹੱਲ ਕਰਨ ਦਾ ਭਰੋਸਾ ਦਿੱਤਾ। ਉਨਾਂ ਜੇਲ ਵਿੱਚ ਉਪਲੱਬਧ ਸਹੂਲਤਾਂ ਦਾ ਨਿਰੀਖਣ ਕਰਦਿਆਂ ਜੇਲ ਅਧਿਕਾਰੀਆਂ ਨੂੰ ਬਣਦੀਆਂ ਦਰੁਸਤੀਆਂ ਲਈ ਹਦਾਇਤ ਕੀਤੀ। ਇਸ ਮੌਕੇ ਜੱਜ ਸ੍ਰੀ ਵਿਕਰਾਂਤ ਕੁਮਾਰ ਸਿਵਲ ਜੱਜ ਸੀਨੀਅਰ ਡਵੀਜਨ, ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਲੁਧਿਆਣਾ ਦੇ ਸਕੱਤਰ-ਕਮ-ਚੀਫ਼ ਜੂਡੀਸ਼ੀਅਲ ਮੈਜਿਸਟ੍ਰੇਟ ਡਾ. ਗੁਰਪ੍ਰੀਤ ਕੌਰ, ਜੇਲ ਸੁਪਰਡੈਂਟ ਸ੍ਰੀਮਤੀ ਦਮਨਜੀਤ ਕੌਰ, ਕੇਂਦਰੀ ਜੇਲ ਸੁਪਰਡੈਂਟ ਸ੍ਰ. ਐੱਸ. ਐੱਸ. ਬੋਪਾਰਾਏ. ਡਾ. ਆਰ. ਕੇ. ਸ਼ਰਮਾ ਅਤੇ ਹੋਰ ਹਾਜ਼ਰ ਸਨ।


LEAVE A REPLY