ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਖੁੱਲ੍ਹੇ ਵਿੱਚ ਪਖਾਨਾ ਕਰਨ ਦੀ ਸਮੱਸਿਆ ਤੋਂ ਮੁਕਤ ਬਣੇਗਾ ਲੁਧਿਆਣਾ – ਰਵਨੀਤ ਬਿੱਟੂ


ਲੁਧਿਆਣਾ – ਸਰਕਾਰ ਨੇ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਲੁਧਿਆਣਾ ਨੂੰ ਖੁੱਲ੍ਹੇ ਵਿਚ ਪਖਾਨਾ ਕਰਨ ਤੋਂ ਮੁਕਤ ਬਣਾਉਣ ਦਾ ਟਾਰਗੈੱਟ ਰੱਖਿਆ ਹੈ, ਜਿਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਮ. ਪੀ. ਰਵਨੀਤ ਸਿੰਘ ਬਿੱਟੂ ਨੇ ਦੱਸਿਆ ਕਿ ਯੋਜਨਾ ਦੀ ਸ਼ੁਰੂਆਤ ਵਿਚ 200 ਪੁਆਇੰਟਾਂ ‘ਤੇ ਪੋਰਟੇਬਲ ਟਾਇਲਟ ਲਾਏ ਜਾਣਗੇ। ਬਿੱਟੂ ਨੇ ਦੱਸਿਆ ਕਿ ਹਵਾ ਅਤੇ ਪਾਣੀ ਤੋਂ ਇਲਾਵਾ ਵਾਤਾਵਰਣ ਵਿਚ ਪ੍ਰਦੂਸ਼ਣ ਦੇ ਦੂਜੇ ਕਾਰਨਾਂ ਦਾ ਹੱਲ ਕਰਨ ਲਈ ਲੋਕਾਂ ਦਾ ਸਹਿਯੋਗ ਮੰਗਿਆ ਜਾ ਰਿਹਾ ਹੈ। ਇਸ ਦੇ ਤਹਿਤ ਜਾਗਰੂਕਤਾ ਮੁਹਿੰਮ ਚਲਾਉਣ ਤੋਂ ਇਲਾਵਾ ਪੰਜਾਬ ਸਰਕਾਰ ਨੇ ਆਪਣੇ ਤੌਰ ‘ਤੇ ਵੀ ਯਤਨ ਤੇਜ਼ ਕਰ ਦਿੱਤੇ ਹਨ, ਜਿਸ ਲਈ 12 ਵਿਭਾਗਾਂ ਨੂੰ ਕੰਮ ‘ਤੇ ਲਾਇਆ ਗਿਆ ਹੈ ਅਤੇ ਇਨ੍ਹਾਂ ਦੀ ਪ੍ਰੋਗ੍ਰੈੱਸ ਨੂੰ ਆਪ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਰੀਵਿਊ ਕੀਤਾ ਜਾ ਰਿਹਾ ਹੈ। ਬਿੱਟੂ ਨੇ ਦੱਸਿਆ ਕਿ ਇਸ ਯੋਜਨਾ ਤਹਿਤ ਲੁਧਿਆਣਾ ਦੇ 95 ਵਾਰਡਾਂ ਨੂੰ ਖੁੱਲ੍ਹੇ ਵਿਚ ਪਖਾਨਾ ਮੁਕਤ ਬਣਾਇਆ ਜਾ ਰਿਹਾ ਹੈ, ਕਿਉਂਕਿ ਖੁੱਲ੍ਹੇ ਵਿਚ ਸ਼ੌਚ ਕਾਰਨ ਕਾਫੀ ਬੀਮਾਰੀਆਂ ਫੈਲ ਰਹੀਆਂ ਹਨ, ਜਿਸ ਵਿਚ ਸਭ ਤੋਂ ਜ਼ਿਆਦਾ ਸਮੱਸਿਆ ਝੁੱਗੀਆਂ-ਝੌਂਪੜੀਆਂ ਵਾਲੇ ਆਊਟਰ ਇਲਾਕਿਆਂ ਵਿਚ ਆ ਰਹੀ ਹੈ, ਜਿਸ ਸਮੱਸਿਆ ਦਾ ਹੱਲ ਕਰਨ ਲਈ 200 ਥਾਵਾਂ ‘ਤੇ ਪੋਰਟੇਬਲ ਟਾਇਲਟ ਲਾਏ ਜਾਣਗੇ। ਇਸ ਸਬੰਧੀ ਨਗਰ ਨਿਗਮ ਵੱਲੋਂ ਸਾਈਟ ਦੀ ਚੋਣ ਕਰ ਕੇ ਸਾਰੀ ਟੈਂਡਰ ਪ੍ਰਕਿਰਿਆ ਮੁਕੰਮਲ ਕਰ ਲਈ ਗਈ ਹੈ ਅਤੇ ਇਕ ਮਹੀਨੇ ਵਿਚ ਯੋਜਨਾ ਨੂੰ ਪੂਰੀ ਤਰ੍ਹਾਂ ਲਾਗੂ ਕਰ ਦਿੱਤਾ ਜਾਵੇਗਾ।

ਯੋਜਨਾ ‘ਤੇ ਇਕ ਨਜ਼ਰ
ਪ੍ਰਾਜੈਕਟ ‘ਤੇ ਆਵੇਗੀ 40 ਲੱਖ ਦੀ ਲਾਗਤ।
ਸਲੱਮ ਇਲਾਕਿਆਂ ‘ਤੇ ਰਹੇਗਾ ਫੋਕਸ।
ਇਕ ਪੁਆਇੰਟ ‘ਤੇ ਲੱਗਣਗੇ 5 ਟਾਇਲਟ ਸੈੱਟ।
ਪੁਰਸ਼ਾਂ ਅਤੇ ਔਰਤਾਂ ਲਈ ਬਣਨਗੇ ਵੱਖਰੇ ਯੂਨਿਟ।
ਸਮਾਰਟ ਸਿਟੀ ਤਹਿਤ ਬਣਨਗੇ 50 ਮਾਡਰਨ ਟਾਇਲਟ
ਬਿੱਟੂ ਨੇ ਕਿਹਾ ਕਿ ਖੁੱਲ੍ਹੇ ਵਿਚ ਪਖਾਨੇ ਦੀ ਸਮੱਸਿਆ ਖਤਮ ਕਰਨ ਦੇ ਪਹਿਲੂ ਨੂੰ ਸਮਾਰਟ ਸਿਟੀ ਮਿਸ਼ਨ ਦਾ ਹਿੱਸਾ ਵੀ ਬਣਾਇਆ ਗਿਆ ਹੈ, ਜਿਸ ਦੇ ਤਹਿਤ 50 ਥਾਈਂ ਮਾਡਰਨ ਟਾਇਲਟ ਬਣਾਉਣ ਦੀ ਯੋਜਨਾ ‘ਤੇ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

  • 1
    Share

LEAVE A REPLY