ਇੰਡੋਨੇਸ਼ੀਆ ਚ ਆਏ 7.5 ਦੀ ਤੀਬਰਤਾ ਵਾਲੇ ਜ਼ਬਰਦਸਤ ਭੂਚਾਲ ਅਤੇ ਸੁਨਾਮੀ ਨਾਲ ਹੋਈ 832 ਤੋਂ ਵੱਧ ਮੌਤਾਂ


More Than Eight Hundred Person Died in Earthquake and Tsunami at Indonesia

ਇੰਡੋਨੇਸ਼ੀਆ ਵਿੱਚ ਬੀਤੇ ਸ਼ੁੱਕਰਾਵਰ ਨੂੰ ਆਈ ਸੁਨਾਮੀ ਤੇ ਭੂਚਾਲ ਕਾਰਨ ਹੁਣ ਤਕ 832 ਮੌਤਾਂ ਦੀ ਪੁਸ਼ਟੀ ਹੋ ਗਈ ਹੈ ਤੇ ਸੈਂਕੜੇ ਲੋਕ ਜ਼ਖ਼ਮੀ ਹਨ। ਦੋ ਦਿਨ ਪਹਿਲਾਂ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਵਿੱਚ 7.5 ਦੀ ਤੀਬਰਤਾ ਵਾਲਾ ਜ਼ਬਰਦਸਤ ਭੂਚਾਲ ਆਇਆ ਸੀ, ਜਿਸ ਤੋਂ ਬਾਅਦ ਉੱਠੀ ਸੁਨਾਮੀ ਨੇ ਦੇਸ਼ ਵਿੱਚ ਵੱਡੀ ਤਬਾਹੀ ਲਿਆਂਦੀ ਹੈ। ਇਸ ਤੋਂ ਪਹਿਲਾਂ 384 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਸੀ, ਪਰ ਹੁਣ ਮੌਤਾਂ ਦਾ ਅੰਕੜਾ ਵਧ ਗਿਆ ਹੈ। ਇੰਡੋਨੇਸ਼ੀਆ ‘ਚ ਇਸ ਸਾਲ ਦੀ ਇਹ ਸਭ ਤੋਂ ਵੱਡੀ ਕੁਦਰਤੀ ਆਫ਼ਤ ਹੈ।

ਇੰਡੋਨੇਸ਼ੀਆ ਦੀ ਆਫ਼ਤ ਪ੍ਰਬੰਧਨ ਏਜੰਸੀ ਦੇ ਬੁਲਾਰੇ ਸੁਤਪੋ ਪੁਰਵੋ ਨੁਗਰੋਹੂ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਸੁਨਾਮੀ ਤੇ ਭੂਚਾਲ ਕਾਰਨ ਮੌਤਾਂ ਦੀ ਗਿਣਤੀ 384 ਤੋਂ ਵਧ ਕੇ 832 ਹੋ ਗਈ ਹੈ ਤੇ 540 ਲੋਕ ਗੰਭੀਰ ਜ਼ਖ਼ਮੀ ਹਨ। ਉਨ੍ਹਾਂ ਦੱਸਿਆ ਕਿ ਭੂਚਾਲ ਕਾਰਨ ਬਹੁਤ ਸਾਰੀਆਂ ਇਮਾਰਤਾਂ ਢਹਿ ਗਈਆਂ ਤੇ ਸੈਂਕੜੇ ਲੋਕ ਬੇਘਰ ਹੋ ਗਏ। ਬੇਘਰ ਹੋਏ ਲੋਕਾਂ ਨੂੰ ਰਾਹਤ ਕੈਂਪਾਂ ਵਿੱਚ ਠਾਹਰ ਦਿੱਤੀ ਗਈ ਹੈ। ਸੁਨਾਮੀ ਨੇ ਇੰਡੋਨੇਸ਼ੀਆ ਦੇ ਸਮੁੰਦਰੀ ਕੰਢੇ ‘ਤੇ ਵੱਸੇ ਤਕਰੀਬਨ ਸਾਢੇ ਤਿੰਨ ਲੱਖ ਦੀ ਵਸੋਂ ਵਾਲੇ ਸ਼ਹਿਰ ਪਾਲੂ ਨੂੰ ਬੁਰੀ ਤਰ੍ਹਾਂ ਝੰਜੋੜ ਕੇ ਰੱਖ ਦਿੱਤਾ ਹੈ। ਇਸ ਕੁਦਰਤੀ ਆਫ਼ਤ ਕਾਰਨ ਬਿਜਲੀ ਤੇ ਸੰਚਾਰ ਸੇਵਾਵਾਂ ਠੱਪ ਹੋ ਗਈਆਂ ਹਨ। ਨੁਗਰੋਹੂ ਨੇ ਦੱਸਿਆ ਕਿ ਕਈ ਥਾਈਂ ਸੁਨਾਮੀ ਦੀਆਂ ਲਹਿਰਾਂ ਛੇ ਮੀਟਰ ਤਕ ਉੱਚੀਆਂ ਸਨ।

ਜ਼ਿਕਰਯੋਗ ਹੈ ਕਿ ਇੰਡੋਨੇਸ਼ੀਆ ਦੁਨੀਆ ਦੇ ਅਜਿਹੇ ਖੇਤਰਾਂ ਵਿੱਚੋਂ ਇੱਕ ਹੈ ਜਿੱਥੇ ਸਭ ਤੋਂ ਵੱਧ ਭੂਚਾਲ ਆਉਂਦੇ ਹਨ। ਇਸੇ ਸਾਲ ਦੀ ਸ਼ੁਰੂਆਤ ਵਿੱਚ ਆਏ ਭੂਚਾਲ ਵਿੱਚ ਵੀ 550 ਲੋਕਾਂ ਦੀ ਮੌਤ ਹੋ ਗਈ ਸੀ ਤੇ ਤਕਰੀਬਨ 1,500 ਜ਼ਖ਼ਮੀ ਹੋ ਗਏ ਸਨ। ਇਸ ਦੌਰਾਨ 4,00,000 ਲੋਕ ਬੇਘਰ ਹੋ ਗਏ ਸਨ। ਸਾਲ 2004 ਵਿੱਚ ਦੇਸ਼ ਦੇ ਸੁਮਾਤਰਾ ਵਿੱਚ ਇੱਥੋਂ ਦੇ ਇਤਿਹਾਸ ਦਾ ਸਭ ਤੋਂ ਵੱਡਾ ਤੇ ਦੁਨੀਆ ਵਿੱਚ ਤੀਜਾ ਸਭ ਤੋਂ ਖ਼ਤਰਨਾਕ ਭੂਚਾਲ ਆਇਆ ਸੀ। ਰਿਕਟਰ ਪੈਮਾਨੇ ‘ਤੇ ਇਸ ਦੀ ਤੀਬਰਤਾ 9.1 ਦਰਜ ਕੀਤੀ ਗਈ ਸੀ। ਇਸ ਦੌਰਾਨ ਤਕਰੀਬਨ 2,20,000 ਲੋਕਾਂ ਦੀ ਮੌਤ ਹੋ ਗਈ ਸੀ।

  • 2.4K
    Shares

LEAVE A REPLY