ਰਾਜ ਪੱਧਰੀ ਆਜ਼ਾਦੀ ਦਿਵਸ ਸਮਾਗਮ ਵਿੱਚ 2000 ਤੋਂ ਵਧੇਰੇ ਬੱਚੇ ਦੇਣਗੇ ਪੇਸ਼ਕਾਰੀਆਂ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਰਾਸ਼ਟਰੀ ਝੰਡਾ ਲਹਿਰਾਉਣਗੇ


ਲੁਧਿਆਣਾ – ਇਸ ਵਾਰ 15 ਅਗਸਤ ਨੂੰ ਰਾਜ ਪੱਧਰੀ ਅਜ਼ਾਦੀ ਦਿਹਾੜਾ ਸਮਾਗਮ ਸਥਾਨਕ ਗੁਰੂ ਨਾਨਕ ਸਟੇਡੀਅਮ ਵਿਖੇ ਮਨਾਇਆ ਜਾਵੇਗਾ।ਜਿਸ ਵਿੱਚ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਣਗੇ ਅਤੇ ਰਾਸ਼ਟਰੀ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ।ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲਾਂ ਦੇ 2000 ਤੋਂ ਵਧੇਰੇ ਵਿਦਿਆਰਥੀ ਸੱਭਿਆਚਾਰਕ ਅਤੇ ਦੇਸ਼ ਭਗਤੀਆਂ ਨਾਲ ਸੰਬੰਧਤ ਪੇਸ਼ਕਾਰੀਆਂ ਪੇਸ਼ ਕਰਨਗੇ। ਇਸ ਤੋਂ ਇਲਾਵਾ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਹਜ਼ਾਰਾਂ ਦੀ ਗਿਣਤੀ ਵਿੱਚ ਬੱਚੇ ਇਸ ਰਾਜ ਪੱਧਰੀ ਸਮਾਗਮ ਦਾ ਹਿੱਸਾ ਬਣ ਸਕਣ।

ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅਜ਼ਾਦੀ ਦਿਹਾੜਾ ਸਮਾਗਮ ਦੀਆਂ ਤਿਆਰੀਆਂ ਸੰਬੰਧੀ ਗੁਰੂ ਨਾਨਕ ਸਟੇਡੀਅਮ ਵਿਖੇ ਰੱਖੀ ਮੀਟਿੰਗ ਦੌਰਾਨ ਅਧਿਕਾਰੀਆਂ ਨੂੰ ਦਿੱਤੀ।ਉਹਨਾਂ ਦੱਸਿਆ ਕਿ ਅਜ਼ਾਦੀ ਦਿਹਾੜੇ ‘ਤੇ ਕੀਤੇ ਜਾਣ ਵਾਲੇ ਰੰਗਾਰੰਗ ਸਮਾਗਮ ਦੀਆਂ ਰੀਹਰਸਲਾਂ ਮਿਤੀ 8 ਅਗਸਤ ਤੋਂ ਗੁਰੂ ਨਾਨਕ ਸਟੇਡੀਅਮ ਵਿਖੇ ਸ਼ੁਰੂ ਹੋ ਗਈਆਂ ਹਨ, ਜੋ ਕਿ 10 ਅਤੇ 11 ਅਗਸਤ ਨੂੰ ਵੀ ਕੀਤੀਆਂ ਜਾਣਗੀਆਂ ਅਤੇ ਅੰਤਿਮ ਤੇ ਫੁੱਲ ਡਰੈੱਸ ਰੀਹਰਸਲ 13 ਅਗਸਤ, 2018 ਨੂੰ ਹੋਵੇਗੀ।

ਉਹਨਾਂ ਦੱਸਿਆ ਕਿ ਇਸ ਵਾਰ ਸੱਭਿਆਚਾਰਕ ਸਮਾਗਮ ਵਧੇਰੇ ਰੌਚਿਕ ਤੇ ਪ੍ਰਭਾਵਸ਼ਾਲੀ ਹੋਵੇਗਾ ਅਤੇ ਮਾਰਚ ਪਾਸਟ, ਪੀ.ਟੀ.ਸ਼ੋਅ ਵਿੱਚ ਵੱਖ-ਵੱਖ ਸਕੂਲਾਂ ਦੇ ਵਿਦਿਆਰਥੀ ਭਾਗ ਲੈਣਗੇ ਤੇ ਹੋਰ ਵੀ ਕਈ ਤਰ•ਾਂ ਦੀਆਂ ਵੰਨਗੀਆਂ ਪੇਸ਼ ਕੀਤੀਆਂ ਜਾਣਗੀਆਂ।ਆਪਣੀਆਂ ਪੇਸ਼ਕਾਰੀਆਂ ਦੌਰਾਨ ਬੱਚੇ ਜਿੱਥੇ ਹਾਜ਼ਰ ਲੋਕਾਂ ਦਾ ਮਨੋਰੰਜਨ ਕਰਨਗੇ, ਉਥੇ ਹੀ ਉਹ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ ਵੱਖ-ਵੱਖ ਲੋਕ ਹਿੱਤ ਯੋਜਨਾਵਾਂ ਦਾ ਵੀ ਪ੍ਰਚਾਰ ਕਰਨਗੇ। ਬੱਚਿਆਂ ਵੱਲੋਂ ਆਪਣੀਆਂ ਪੇਸ਼ਕਾਰੀਆਂ ਦੌਰਾਨ ਹੱਥਾਂ ਵਿੱਚ ਪਲੇਅਕਾਰਡ ਅਤੇ ਹੋਰ ਸਮੱਗਰੀ ਫੜ•ੀ ਹੋਵੇਗੀ, ਜਿਸ ‘ਤੇ ਯੋਜਨਾਵਾਂ ਦਾ ਵੇਰਵਾ ਦਰਜ ਕੀਤਾ ਹੋਵੇਗਾ।

ਡਿਪਟੀ ਕਮਿਸ਼ਨਰ ਨੇ ਸਮੂਹ ਸਰਕਾਰੀ ਅਧਿਕਾਰੀਆਂ ਤੇ ਹੋਰ ਸੰਬੰਧਤਾਂ ਨੂੰ ਅਪੀਲ ਕੀਤੀ ਕਿ ਉਹ 15 ਅਗਸਤ ਅਜ਼ਾਦੀ ਦਿਹਾੜੇ ਸਮਾਗਮ ਨੂੰ ਸਫ਼ਲ ਬਣਾਉਣ ਲਈ ਤਨਦੇਹੀ ਨਾਲ ਕੰਮ ਕਰਨ।ਉਹਨਾਂ ਇਹ ਵੀ ਹਦਾਇਤ ਕੀਤੀ ਕਿ ਸਮਾਗਮ ਵਿੱਚ ਸਾਰੇ ਅਧਿਕਾਰੀਆਂ/ਕਰਮਚਾਰੀਆਂ ਦੀ ਹਾਜ਼ਰੀ ਲਾਜ਼ਮੀ ਹੋਵੇਗੀ ਅਤੇ ਸਮਾਗਮ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਰੀਵਿਊ ਮੀਟਿੰਗ 13 ਅਗਸਤ, 2018 ਨੂੰ ਹੋਵੇਗੀ। ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਅਸ਼ਵਨੀ ਕਪੂਰ, ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਵਧੀਕ ਡਿਪਟੀ ਕਮਿਸ਼ਨਰ ਖੰਨਾ ਸ੍ਰੀ ਅਜੇ ਸੂਦ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ ਪੁਲਿਸ ਸ੍ਰੀ ਸੁਰਿੰਦਰ ਲਾਂਬਾ ਅਤੇ ਹੋਰ ਅਧਿਕਾਰੀ ਹਾਜ਼ਰ ਸਨ।


LEAVE A REPLY