ਘਰ ਘਰ ਰੋਜ਼ਗਾਰ ਯੋਜਨਾ- 150 ਤੋਂ ਵੱਧ ਕੰਪਨੀਆਂ ਵੱਲੋਂ ਕੀਤੀ ਗਈ ਨੌਜਵਾਨਾਂ ਦੀ ਵੱਖ-ਵੱਖ ਨੌਕਰੀਆਂ ਲਈ ਚੋਣ, ਹਜ਼ਾਰਾਂ ਨੌਜਵਾਨਾਂ ਨੇ ਆਪਣੇ ਆਪ ਨੂੰ ਨੌਕਰੀਆਂ ਲਈ ਕੀਤਾ ਰਜਿਸਟਰ


ਲੁਧਿਆਣਾ – ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਲਗਾਏ ਜਾ ਰਹੇ ਰੋਜ਼ਗਾਰ ਮੇਲੇ ਦੇ ਅੱਜ ਪਹਿਲੇ ਦਿਨ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਵਿਖੇ ਆਯੋਜਿਤ ਕੀਤੇ ਗਏ ਮੇਲੇ ‘ਚ 150 ਤੋਂ ਵੱਧ ਕੰਪਨੀਆਂ ਵੱਲੋਂ ਬੇਰੋਜ਼ਗਾਰ ਨੌਜਵਾਨਾਂ ਦੀ ਚੋਣ ਕੀਤੀ ਗਈ ਅਤੇ ਅੱਜ ਮੇਲੇ ਦੌਰਾਨ ਤਕਰੀਬਨ 3 ਹਜ਼ਾਰ ਤੋਂ ਵੱਧ ਨੌਜਵਾਨਾਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ।

ਡਿਪਟੀ ਕਮਿਸ਼ਨਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜ਼ਿਲ੍ਹੇ ਦੀਆਂ ਸਾਰੀਆਂ ਸਬ-ਡਵੀਜ਼ਨਾਂ ਵਿੱਚ ਰੋਜ਼ਗਾਰ ਮੇਲੇ ਆਯੋਜਿਤ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਦਾ ਮੁੱਖ ਨਿਸ਼ਾਨਾ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਦੱਸਿਆ ਕਿ ਮਿਤੀ 16 ਫਰਵਰੀ ਨੂੰ ਦੋ ਰੋਜਗਾਰ ਮੇਲੇ ਸੁਆਮੀ ਗੰਗਾ ਗਿਰੀ ਕਾਲਜ਼ ਗੌਂਦਵਾਲ ਨੇੜੇ ਰਾਏਕੋਟ ਅਤੇ ਮਿਤੀ 16 ਫਰਵਰੀ ਨੂੰ ਹੀ ਸਰਕਾਰੀ ਆਈ.ਟੀ.ਆਈ (ਲੜਕੀਆਂ) ਸਮਰਾਲਾ ਵਿਖੇ, ਮਿਤੀ 17 ਫਰਵਰੀ ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਜਗਰਾਂਓ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਪਾਇਲ ਵਿਖੇ, ਮਿਤੀ 22 ਫਰਵਰੀ ਨੂੰ ਗੁਲਜਾਰ ਗਰੁੱਪ ਆਫ਼ ਇੰਸਟੀਚਿਊਟ ਖੰਨਾ ਅਤੇ 22 ਫਰਵਰੀ ਨੂੰ ਹੀ ਗੌਰਮਿੰਟ ਇੰਸਟੀਚਿਊਟ ਟੈਕਸਟਾਈਲ ਕਮਿਸਟਰੀ ਐਂਡ ਨਿਟਿੰਗ ਟੈਕਨਾਲਜੀ ਰਿਸ਼ੀ ਨਗਰ ਲੁਧਿਆਣਾ ਵਿਖੇ ਆਯੋਜਿਤ ਕੀਤੇ ਜਾਣਗੇ।

ਡਿਪਟੀ ਕਮਿਸ਼ਨਰ ਨੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਇਹਨਾਂ ਮੇਲਿਆਂ ਦਾ ਨੌਜਵਾਨਾਂ ਨੂੰ ਵੱਧ ਤੋ ਵੱਧ ਲਾਭ ਦਿਵਾਉਣ ਲਈ ਯਤਨ ਕੀਤੇ ਜਾਣ। ਉਹਨਾਂ ਦੱਸਿਆ ਕਿ ਇਹਨਾਂ ਮੇਲਿਆਂ ਵਿੱਚ ਲੁਧਿਆਣਾ ਅਤੇ ਪੰਜਾਬ ਦੀਆਂ ਨਾਮਵਰ ਕੰਪਨੀਆਂ ਦੇ ਨੁਮਾਇੰਦੇ ਨੌਜਵਾਨਾਂ ਨੂੰ ਭਰਤੀ ਕਰਨ ਲਈ ਆ ਰਹੇ ਹਨ। ਉਹਨਾਂ ਉਮੀਦ ਪ੍ਰਗਟਾਈ ਕਿ ਇਹਨਾਂ ਮੇਲਿਆਂ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਯੋਗਤਾ ਮੁਤਾਬਿਕ ਕੰਪਨੀਆਂ ਰੋਜਗਾਰ ਦੇਣਗੀਆਂ। ਉਹਨਾਂ ਬੇ-ਰੋਜਗਾਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ-ਆਪ ਨੂੰ ਵੈਬਸਾਈਟ www.ghargharrozgar.punjab.gov.in ‘ਤੇ ਰਜਿਸਟਰਡ ਕਰਨ ਅਤੇ ਵੱਧ ਤੋ ਵੱਧ ਲਾਭ ਉਠਾਉਣ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ ਜਗਰਾਓ ਸ਼੍ਰੀਮਤੀ ਨੀਰੂ ਕਤਿਆਲ ਗੁਪਤਾ, ਐਸਡੀਐਮ ਪੱਛਮੀ ਸ਼੍ਰੀ ਦਮਨਜੀਤ ਸਿੰਘ ਮਾਨ, ਏ.ਈ.ਟੀ.ਸੀ. ਲੁਧਿਆਣਾ-2 ਸ਼੍ਰੀ ਨਵਰਾਜ ਸਿੰਘ ਬਰਾੜ, ਤਹਿਸੀਲਦਾਰ ਲੁਧਿਆਣਾ ਪੱਛਮੀ ਸ਼੍ਰੀ ਅਜੀਤਪਾਲ ਸਿੰਘ ਚਾਹਲ ਅਤੇ ਸਰਕਾਰੀ ਆਈਟੀਆਈ ਗਿੱਲ ਰੋਡ ਲੁਧਿਆਣਾ ਦੇ ਪ੍ਰਿੰਸੀਪਲ ਸ਼੍ਰੀ ਜਸਵੰਤ ਸਿੰਘ ਭੱਠਲ ਹਾਜ਼ਰ ਸਨ।


LEAVE A REPLY