ਬੁੱਢੇ ਨਾਲੇ ਚ ਕੂੜਾ ਸੁੱਟਣ ਵਾਲਿਆਂ ਤੇ ਰਹੇਗੀ ਤੀਜੀ ਅੱਖ’ ਦੀ ਨਜ਼ਰ – ਬੁੱਢੇ ਨਾਲੇ ਦੇ ਕਿਨਾਰਿਆਂ ਤੇ ਕੈਮਰੇ ਲਾਉਣ ਦਾ ਲਿਤਾ ਗਿਆ ਫੈਸਲਾ


Buddha Nala

ਲੁਧਿਆਣਾ ਦੇ ਬੁੱਢੇ ਨਾਲੇ ਨੂੰ ਪ੍ਰਦੂਸ਼ਣ ਮੁਕਤ ਬਣਾਉਣ ਲਈ ਉਂਝ ਤਾਂ ਸੀਵਰੇਜ ਟ੍ਰੀਟਮੈਂਟ ਪਲਾਂਟ ਨੂੰ ਅਪਗ੍ਰੇਡੇਸ਼ਨ ਕਰਨ ਤੇ ਡਾਇੰਗ ਲਈ ਵੱਖ ਤੋਂ ਲਾਏ ਜਾ ਰਹੇ ਸੀ. ਈ. ਟੀ. ਪੀ. ਦੇ ਚਾਲੂ ਹੋਣ ਤੱਕ ਇੰਤਜ਼ਾਰ ਕਰਨਾ ਹੋਵੇਗਾ। ਹਾਲਾਂਕਿ ਉਸ ਤੋਂ ਪਹਿਲਾਂ ਨਗਰ ਨਿਗਮ ਕਮਿਸ਼ਨਰ ਨੇ ਬੁੱਢੇ ਨਾਲੇ ਦਾ ਜਾਇਜ਼ਾ ਲੈਣ ਦੌਰਾਨ ਸਾਹਮਣੇ ਆਈ ਕੂੜੇ ਦੀ ਸਮੱਸਿਆ ਦਾ ਹੱਲ ਕਰਨ ਲਈ ਕਿਨਾਰਿਆਂ ‘ਤੇ ਕੈਮਰੇ ਲਾਉਣ ਦਾ ਫੈਸਲਾ ਕੀਤਾ ਹੈ, ਜਿਸ ਨਾਲ ਕੂੜਾ ਸੁੱਟਣ ਵਾਲਿਆਂ ‘ਤੇ ਨਜ਼ਰ ਰੱਖੀ ਜਾਵੇਗੀ। ਇਸ ਸਬੰਧ ਵਿਚ ਯੋਜਨਾ ਤਿਆਰ ਕਰਨ ਦੇ ਨਿਰਦੇਸ਼ ਹੈਲਥ ਬਰਾਂਚ ਦੇ ਅਧਿਕਾਰੀਆਂ ਨੂੰ ਜਾਰੀ ਕਰ ਦਿੱਤੇ ਗਏ ਹਨ।

ਇਹ ਹੋਵੇਗੀ ਕਾਰਵਾਈ-ਬੁੱਢੇ ਨਾਲੇ ‘ਚ ਕੂੜਾ ਸੁੱਟਣ ਲਈ ਜ਼ਿੰਮੇਵਾਰ ਪਾਏ ਗਏ ਲੋਕਾਂ ਖਿਲਾਫ ਪੁਲਸ ਕੇਸ ਦਰਜ ਕਰਵਾਉਣ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਹਾਲਾਂਕਿ ਪਹਿਲਾਂ ਚਲਾਨ ਕੱਟ ਕੇ ਜੁਰਮਾਨਾ ਲਾਉਣ ਤੋਂ ਸ਼ੁਰੂਆਤ ਕੀਤੀ ਜਾਵੇਗੀ। ਇਸ ਬਾਰੇ ਨਵੇਂ ਸਾਲਿਡ ਵੇਸਟ ਮੈਨੇਜਮੈਂਟ ਨਿਯਮਾਂ ਦਾ ਪ੍ਰਬੰਧ ਰੱਖਿਆ ਗਿਆ ਹੈ।

ਹਾਈ ਕੋਰਟ ਦੇ ਨਿਰਦੇਸ਼ ‘ਤੇ ਨਹੀਂ ਹੋ ਸਕਿਆ ਅਮਲ – ਬੁੱਢੇ ਨਾਲੇ ‘ਚ ਕੂੜਾ ਸੁੱਟਣਾ ਬੰਦ ਕਰਨ ਦੇ ਨਿਰਦੇਸ਼ ਹਾਈ ਕੋਰਟ ਨੇ ਦਿੱਤੇ ਹੋਏ ਹਨ, ਜਿਸ ਤਹਿਤ ਕੰਢਿਆਂ ‘ਤੇ ਕਈ ਜਗ੍ਹਾ ਚਿਤਾਵਨੀ ਬੋਰਡ ਲਾਏ ਗਏ ਹਨ। ਇਥੋਂ ਤੱਕ ਕਿ ਜਾਗਰੂਕਤਾ ਰੈਲੀ ਕੱਢ ਕੇ ਕਿਨਾਰਿਆਂ ‘ਤੇ ਡਸਟਬਿਨ ਵੀ ਰੱਖਵਾਏ ਗਏ ਪਰ ਹਾਲਾਤ ‘ਚ ਕੋਈ ਸੁਧਾਰ ਨਹੀਂ ਹੋਇਆ ਹੈ। ਸਮਾਰਟ ਸਿਟੀ ਮਿਸ਼ਨ ਤੋਂ ਲਈ ਜਾਵੇਗੀ ਮਦਦ- ਬੁੱਢੇ ਨਾਲੇ ਦੇ ਕੰਢੇ ‘ਤੇ ਲਾਏ ਜਾਣ ਵਾਲੇ ਕੈਮਰਿਆਂ ਦੀ ਲਾਗਤ ਦਾ ਬੋਝ ਚੁੱਕਣ ਲਈ ਸਮਾਰਟ ਸਿਟੀ ਮਿਸ਼ਨ ਤੋਂ ਮਦਦ ਲਈ ਜਾਵੇਗੀ, ਜਿਸ ਬਾਰੇ ਵੱਖ ਤੋਂ ਪ੍ਰਸਤਾਵ ਤਿਆਰ ਕੀਤਾ ਜਾ ਰਿਹਾ ਹੈ।


LEAVE A REPLY