ਰਾਸ਼ਟਰੀ ਏਕਤਾ ਸੰਮੇਲਨ ਦੌਰਾਨ ਕੱਟੜਤਾ ਨੂੰ ਖ਼ਤਮ ਕਰਕੇ ਭਾਈਚਾਰਕ ਸਾਂਝ ਵਧਾਉਣ ਦਾ ਸੱਦਾ


ਲੁਧਿਆਣਾ – ਪੰਜਾਬ ਰਾਜ ਘੱਟ ਗਿਣਤੀਆਂ ਕਮਿਸ਼ਨ ਦੇ ਮੈਂਬਰਾਂ ਵੱਲੋਂ ਦਿੱਤੇ ਸੱਦੇ ’ਤੇ ਅੱਜ ਸਥਾਨਕ ਦਾਣਾ ਮੰਡੀ ਜਲੰਧਰ ਬਾਈਪਾਸ ਵਿਖੇ ਆਯੋਜਿਤ ਕੀਤੇ ‘ਰਾਸ਼ਟਰੀ ਏਕਤਾ ਸੰਮੇਲਨ’ ਵਿੱਚ ਸ਼ਾਮਿਲ ਸਾਰੇ ਹੀ ਧਰਮਾਂ ਦੇ ਆਗੂਆਂ ਨੇ ਇੱਕਮੱਤ ਹੁੰਦਿਆਂ ਸਮੂਹ ਦੇਸ਼ ਵਾਸੀਆਂ ਨੂੰ ਨਸਲੀ ਕੱਟੜਵਾਦ ਨੂੰ ਖਤਮ ਕਰਨ ਅਤੇ ਭਾਈਚਾਰਕ ਸਾਂਝ ਨੂੰ ਹੋਰ ਵਧਾਉਣ ਦਾ ਸੱਦਾ ਦਿੱਤਾ ਹੈ।

ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਦੇਸ਼ ਵਿੱਚੋਂ ਨਸਲੀ ਕੱਟੜਵਾਦ ਖਤਮ ਕਰਨ ਅਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਦੀਆਂ ਤੰਦਾਂ ਮਜਬੂਤ ਕਰਨ ਲਈ ਅੱਜ ਇਹ ਸਾਰੇ ਭਾਈਚਾਰਿਆਂ ਦਾ ਸਾਂਝਾ ਪ੍ਰੋਗਰਾਮ ਆਯੋਜਿਤ ਕੀਤਾ ਗਿਆ ਹੈ। ਅਜਿਹੇ ਸਮਾਗਮ ਦੇਸ਼ ਵਾਸੀਆਂ ਵਿੱਚ ਆਪਸੀ ਸਾਂਝ ਪ੍ਰਪੱਕ ਕਰਨ ਅਤੇ ਏਕਤਾ ਬਣਾਈ ਰੱਖਣ ਵਿੱਚ ਮੀਲ ਪੱਥਰ ਸਾਬਤ ਹੋਣਗੇ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਪੰਜਾਬ ਕਾਂਗਰਸ ਦੇ ਅਸਲੀ ਕਪਤਾਨ ਹਨ ਕਿਉਂਕ ਜੇਕਰ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਬਣੀ ਹੈ ਤਾਂ ਉਹ ਉਹਨਾਂ ਦੀ ਅਗਵਾਈ ਵਿੱਚ ਹੀ ਬਣੀ ਹੈ।

ਸਮਾਗਮ ਨੂੰ ਸੰਬੋਧਨ ਕਰਦਿਆਂ ਕਮਿਸ਼ਨ ਦੇ ਮੈਂਬਰ ਅਬਦੁੱਲ ਸ਼ਕੂਰ ਮਾਂਗਟ ਨੇ ਕਿਹਾ ਕਿ ਦੇਸ਼ ਵਿੱਚੋਂ ਨਸਲੀ ਕੱਟੜਵਾਦ ਖਤਮ ਕਰਨ ਅਤੇ ਅਮਨ-ਸ਼ਾਂਤੀ ਤੇ ਭਾਈਚਾਰਕ ਸਾਂਝ ਹੋਰ ਮਜਬੂਤ ਕਰਨ ਨਾਲ ਨਾ ਕੇਵਲ ਦੇਸ਼ ਵਿੱਚ ਸਾਂਤੀ ਬਣੀ ਰਹੇਗੀ, ਬਲਕਿ ਦੇਸ਼ ਬਹੁਤ ਤੇਜ਼ੀ ਨਾਲ ਹਰ ਖੇਤਰ ਵਿੱਚ ਵਿਕਾਸ ਕਰੇਗਾ। ਉਹਨਾਂ ਕਿਹਾ ਕਿ ਦੇਸ਼ ਵਿੱਚ ਸਦੀਆਂ ਤੋਂ ਸਾਰੇ ਧਰਮਾਂ ਅਤੇ ਨਸਲਾਂ ਦੇ ਲੋਕ ਆਪਸੀ ਪਿਆਰ ਅਤੇ ਮਿਲਵਰਤਣ ਨਾਲ ਰਹਿੰਦੇ ਆ ਰਹੇ ਹਨ, ਇਸ ਸਾਂਝ ਨੂੰ ਤੋੜਨ ਦੀਆਂ ਯਤਨਾਂ ਨੂੰ ਸਫ਼ਲ ਨਹੀਂ ਹੋਣ ਦਿੱਤਾ ਜਾਵੇਗਾ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੰਜੇ ਤਲਵਾੜ, ਮੁਨੱਵਰ ਮਸੀਹ ਚੇਅਰਮੈਨ ਘੱਟ ਗਿਣਤੀ ਕਮਿਸ਼ਨ ਪੰਜਾਬ, ਮੌਲਾਨਾ ਸਈਅਦ ਅਰਸ਼ਦ ਮੱਦਨੀ, ਅਲਬਰਟ ਦੂਆ ਮੈਂਬਰ ਘੱਟ ਗਿਣਤੀ ਕਮਿਸ਼ਨ, ਕੌਂਸਲਰ ਮਮਤਾ ਆਸ਼ੂ, ਮੁਫਤੀ-ਏ-ਆਜ਼ਮ ਪੰਜਾਬ ਇਫ਼ਤਕਾਰ ਉਲ ਹਸਨ, ਅਬਦੁੱਲ ਸ਼ਕੂਰ ਥਿੰਦ, ਬਾਬਾ ਲੱਖਾ ਸਿੰਘ ਨਾਨਕਸਰ, ਪਿ੍ਰਤਪਾਲ ਸਿੰੰਘ ਪਾਲੀ ਪ੍ਰਧਾਨ ਗੁਰੁਦੁਆਰਾ ਦੁੱਖ ਨਿਵਾਰਨ ਸਾਹਿਬ ਲੁਧਿਆਣਾ, ਸਵਾਮੀ ਦਯਾਨੰਦ ਸਰਸਵਤੀ ਅਤੇ ਸ਼ੰਕਰਾਚਾਰੀਆ ਪ੍ਰਮੋਦ ਕਿ੍ਰਸ਼ਨਮ, ਸਮਾਜ ਰਤਨ ਹੀਰਾ ਲਾਲ ਜੈਨ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ। ਸੰਮੇਲਨ ਦੌਰਾਨ ਵੱਖ-ਵੱਖ ਫਿਰਕਿਆਂ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕਰਕੇ ਏਕਤਾ ਦਾ ਸੁਨੇਹਾ ਦਿੱਤਾ।


LEAVE A REPLY