1 ਅਕਤੂਬਰ ਤੋਂ ਲਾਗੂ ਹੋਣ ਜਾ ਰਹੇ ਹਨ ਇਹ ਨਿਯਮ, ਤੁਹਾਡੀ ਜੇਬ ਤੇ ਹੋਣਗੇ ਅਸਰ


1st October

ਪਹਿਲੀ ਅਕਤੂਬਰ ਤੋਂ ਕਈ ਤਰ੍ਹਾਂ ਦੇ ਬਦਲਾਅ ਹੋਣ ਵਾਲੇ ਹਨ, ਜਿਨ੍ਹਾਂ ਦਾ ਅਸਰ ਤੁਹਾਡੇ ‘ਤੇ ਪਵੇਗਾ। ਪਹਿਲੀ ਤਰੀਕ ਤੋਂ ਜਿੱਥੇ ਛੋਟੀਆਂ ਬਚਤ ਸਕੀਮਾਂ ‘ਤੇ ਜ਼ਿਆਦਾ ਵਿਆਜ ਮਿਲੇਗਾ, ਉੱਥੇ ਹੀ ਕਾਲ ਡ੍ਰਾਪ ਹੋਣ ‘ਤੇ ਮੋਬਾਇਲ ਕੰਪਨੀਆਂ ‘ਤੇ ਭਾਰੀ ਜੁਰਮਾਨਾ ਲੱਗੇਗਾ। ਰਸੋਈ ਗੈਸ ਵੀ ਮਹਿੰਗੀ ਹੋਣ ਦੇ ਆਸਾਰ ਹਨ। ਆਓ ਜਾਣਦੇ ਹਾਂ 1 ਅਕਤੂਬਰ ਤੋਂ ਕੀ-ਕੀ ਬਦਲ ਜਾਵੇਗਾ—

ਪੀ. ਪੀ. ਐੱਫ., ਸੁਕੰਨਿਆ ਸਮਰਿਧੀ ਅਤੇ KVP ‘ਤੇ ਮਿਲੇਗਾ ਜ਼ਿਆਦਾ ਵਿਆਜ

ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੀ ਤੀਜੀ ਤਿਮਾਹੀ ਯਾਨੀ ਅਕਤੂਬਰ ਤੋਂ ਦਸੰਬਰ ਤਿਮਾਹੀ ਲਈ ਛੋਟੀਆਂ ਬਚਤ ਸਕੀਮਾਂ ‘ਤੇ ਵਿਆਜ ਦਰਾਂ ਵਧਾਈਆਂ ਹਨ, ਜੋ ਇਕ ਅਕਤੂਬਰ ਤੋਂ ਲਾਗੂ ਹੋ ਜਾਣਗੀਆਂ। ਹੁਣ ਸੀਨੀਅਰ ਸਿਟੀਜ਼ਨ ਬਚਤ ਸਕੀਮ, ਰਾਸ਼ਟਰੀ ਬਚਤ ਸਰਟੀਫਿਕੇਟ (ਐੱਨ. ਐੱਸ. ਸੀ.), ਪਬਲਿਕ ਪ੍ਰੌਵੀਡੈਂਟ ਫੰਡ (ਪੀ. ਪੀ. ਐੱਫ.), ਕਿਸਾਨ ਵਿਕਾਸ ਪੱਤਰ (ਕੇ. ਵੀ. ਪੀ.), ਡਾਕਘਰ ਦੀ 5 ਸਾਲਾ ਟਾਈਮ ਡਿਪਾਜ਼ਿਟ (ਟੀ. ਡੀ.) ਅਤੇ ਸੁਕੰਨਿਆ ਸਮਰਿਧੀ ਯੋਜਨਾ ‘ਤੇ ਪਹਿਲਾਂ ਨਾਲੋਂ 0.40 ਫੀਸਦੀ ਜ਼ਿਆਦਾ ਵਿਆਜ ਮਿਲੇਗਾ।

ਰਸੋਈ ਗੈਸ ਹੋ ਸਕਦੀ ਹੈ ਮਹਿੰਗੀ, CNG ਦੇ ਵੀ ਵਧਣਗੇ ਰੇਟ

ਸਰਕਾਰ ਨੇ ਕੁਦਰਤੀ ਗੈਸ ਦੇ ਜ਼ਿਆਦਾਤਰ ਘਰੇਲੂ ਉਤਪਾਦਕਾਂ ਨੂੰ ਦਿੱਤੀ ਜਾਣ ਵਾਲੀ ਕੀਮਤ 3.06 ਡਾਲਰ ਪ੍ਰਤੀ ਇਕਾਈ (ਐੱਮ. ਐੱਮ. ਬੀ. ਟੀ. ਯੂ.) ਤੋਂ ਵਧਾ ਕੇ 3.36 ਡਾਲਰ ਪ੍ਰਤੀ ਇਕਾਈ ਕਰ ਦਿੱਤੀ ਗਈ ਹੈ। ਕੁਦਰਤੀ ਗੈਸ ਲਈ ਨਵੀਂ ਦਰ ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗੀ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਵਾਹਨਾਂ ਦੀ ਸੀ. ਐੱਨ. ਜੀ. ਅਤੇ ਘਰਾਂ ‘ਚ ਸਿੱਧੇ ਪਾਈਪ ਜ਼ਰੀਏ ਪਹੁੰਚਾਈ ਜਾਣ ਵਾਲੀ ਪੀ. ਐੱਨ. ਜੀ. ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਵਿਸ਼ਲੇਸ਼ਕਾਂ ਮੁਤਾਬਕ 1 ਅਕਤੂਬਰ ਤੋਂ ਸੀ. ਐੱਨ. ਜੀ. ਦੀ ਕੀਮਤ ‘ਚ 2 ਤੋਂ 2.50 ਰੁਪਏ ਤਕ ਦਾ ਵਾਧਾ ਹੋ ਸਕਦਾ ਹੈ। ਮੌਜੂਦਾ ਸਮੇਂ ਸੀ. ਐੱਨ. ਜੀ. ਦੀ ਕੀਮਤ 42.60 ਰੁਪਏ ਪ੍ਰਤੀ ਕਿਲੋਗ੍ਰਾਮ ਹੈ।ਰਸੋਈ ਗੈਸ 10-15 ਰੁਪਏ ਮਹਿੰਗੀ ਹੋ ਸਕਦੀ ਹੈ ਅਤੇ ਬਿਨਾਂ ਸਬਸਿਡੀ ਵਾਲੇ ਸਿਲੰਡਰ ਦੀ ਕੀਮਤ 80 ਰੁਪਏ ਤਕ ਵਧ ਸਕਦੀ ਹੈ।

ਏ. ਟੀ. ਐੱਫ. ‘ਤੇ 5 ਫੀਸਦੀ ਡਿਊਟੀ, ਹਵਾਈ ਸਫਰ ਹੋ ਸਕਦਾ ਹੈ ਮਹਿੰਗਾ

ਸਰਕਾਰ ਨੇ ਜਹਾਜ਼ ਈਂਧਣ (ਏ. ਟੀ. ਐੱਫ.) ‘ਤੇ ਕਸਟਮ ਡਿਊਟੀ 5 ਫੀਸਦੀ ਕਰ ਦਿੱਤੀ ਹੈ। ਪਹਿਲਾਂ ਇਸ ‘ਤੇ ਜ਼ੀਰੋ ਫੀਸਦੀ ਡਿਊਟੀ ਸੀ। ਹਵਾਈ ਜਹਾਜ਼ ਕੰਪਨੀਆਂ ਲਈ ਇਹ ਤਗੜਾ ਝਟਕਾ ਹੋ ਸਕਦਾ ਹੈ ਕਿਉਂਕਿ ਤੇਲ ਕੀਮਤਾਂ ਵਧਣ ਅਤੇ ਕਿਰਾਏ ਘਟ ਹੋਣ ਕਾਰਨ ਉਹ ਪਹਿਲਾਂ ਹੀ ਸੰਘਰਸ਼ ਕਰ ਰਹੀਆਂ ਹਨ। ਹਾਲਾਂਕਿ ਇੰਡਸਟਰੀ ਸੂਤਰਾਂ ਮੁਤਾਬਕ, ਕਸਟਮ ਡਿਊਟੀ ਲਾਉਣ ਨਾਲ ਏਅਰਲਾਈਨਾਂ ‘ਤੇ ਕੋਈ ਖਾਸ ਅਸਰ ਨਹੀਂ ਹੋਵੇਗਾ ਕਿਉਂਕਿ ਇੰਡੀਗੋ ਨੂੰ ਛੱਡ ਕੇ ਬਾਕੀ ਕੋਈ ਵੀ ਜਹਾਜ਼ ਕੰਪਨੀ ਤੇਲ ਇੰਪੋਰਟ ਨਹੀਂ ਕਰਦੀ ਹੈ, ਇੰਡੀਗੋ ਦਾ ਇੰਪੋਰਟ ਵੀ ਨਾਮਾਤਰ ਹੀ ਹੈ। ਹਾਲਾਂਕਿ ਜੇਕਰ ਅਕਤੂਬਰ ‘ਚ ਜਹਾਜ਼ ਈਂਧਣ ਮਹਿੰਗਾ ਹੁੰਦਾ ਹੈ, ਤਾਂ ਹਵਾਈ ਕਿਰਾਇਆਂ ‘ਚ ਵਾਧਾ ਹੋਣਾ ਸੰਭਵ ਹੈ। ਪਿਛਲੇ 12 ਮਹੀਨਿਆਂ ‘ਚ ਏ. ਟੀ. ਐੱਫ. ਦੀ ਕੀਮਤ 30 ਫੀਸਦੀ ਤੋਂ ਜ਼ਿਆਦਾ ਵਧ ਚੁੱਕੀ ਹੈ।

ਪਹਿਲੀ ਅਕਤੂਬਰ ਤੋਂ ਲਾਗੂ ਹੋਵੇਗਾ ਟੀ. ਡੀ. ਐੱਸ.

ਜੀ. ਐੱਸ. ਟੀ. ਤਹਿਤ ਸਰੋਤ ‘ਤੇ ਕੱਟਿਆ ਜਾਣਾ ਵਾਲਾ ਟੈਕਸ ਯਾਨੀ ਟੀ. ਡੀ. ਐੱਸ. ਅਤੇ ਸਰੋਤ ‘ਤੇ ਇਕੱਠਾ ਕੀਤਾ ਜਾਣਾ ਵਾਲਾ ਟੈਕਸ ਯਾਨੀ ਟੀ. ਸੀ. ਐੱਸ. ਪਹਿਲੀ ਅਕਤੂਬਰ ਤੋਂ ਲਾਗੂ ਹੋ ਜਾਣਗੇ। ਸੈਂਟਰਲ ਜੀ. ਐੱਸ. ਟੀ. ਐਕਟ ਤਹਿਤ ਨੋਟੀਫਾਈਡ ਸੰਸਥਾਵਾਂ ਨੂੰ ਹੁਣ 2.5 ਲੱਖ ਰੁਪਏ ਤੋਂ ਜ਼ਿਆਦਾ ਦੇ ਸਾਮਾਨ ਅਤੇ ਸੇਵਾਵਾਂ ਦੀ ਸਪਲਾਈ ‘ਤੇ 1 ਫੀਸਦੀ ਟੀ. ਡੀ. ਐੱਸ. ਕੁਲੈਕਟ ਕਰਨਾ ਹੋਵੇਗਾ। ਇਸ ਦੇ ਨਾਲ ਹੀ ਸੂਬਿਆਂ ਨੂੰ ਵੀ ਹੁਣ ਸੂਬਾ ਕਾਨੂੰਨਾਂ ਅਧੀਨ 1 ਫੀਸਦੀ ਟੀ. ਡੀ. ਐੱਸ. ਲਾਉਣਾ ਹੋਵੇਗਾ। ਈ-ਕਾਮਰਸ ਕੰਪਨੀਆਂ ਨੂੰ ਆਪਣੇ ਸਪਲਾਇਰ ਨੂੰ ਪੇਮੈਂਟ ਕਰਨ ਤੋਂ ਪਹਿਲਾਂ 1 ਫੀਸਦੀ ਟੀ. ਸੀ. ਐੱਸ. ਕੱਟਣਾ ਹੋਵੇਗਾ।

  • 2.4K
    Shares

LEAVE A REPLY