ਪੰਜਾਬ ਦੇ ਇਸ ਪਿੰਡ ਦੇ ਮੁੰਡੇ-ਕੁੜੀ ਨੇ ਕੀਤਾ ਇਸ਼ਕ ਤਾਂ ਨਹੀਂ ਓਹਨਾਂ ਦੀ ਖੈਰ – ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਕੀਤਾ ਇਹ ਮਤਾ ਪਾਸ


 

couples

ਮੁਕਤਸਰ ਦੇ ਨੇੜਲੇ ਪਿੰਡ ਵੱਟੂ ਦੇ ਵਾਸੀਆਂ ਨੇ ਮਤਾ ਪਾਸ ਕੀਤਾ ਹੈ ਕਿ ਜੇਕਰ ਪਿੰਡ ਦੇ ਕਿਸੇ ਮੁੰਡੇ-ਕੁੜੀ ਨੇ ਇਸ਼ਕ ਕੀਤਾ ਤਾਂ ਉਨ੍ਹਾਂ ਦੀ ਖੈਰ ਨਹੀਂ। ਪਿੰਡ ਵਾਲਿਆਂ ਨੇ ਗੁਰਦੁਆਰੇ ਵਿੱਚ ਇਕੱਠ ਕਰਕੇ ਮਤਾ ਪਾਸ ਕੀਤਾ ਕਿ ਇਸ਼ਕ ਕਰਨ ਵਾਲਿਆਂ ਤੇ ਉਨ੍ਹਾਂ ਦੇ ਮਾਪਿਆਂ ਦੇ ਬਾਈਕਾਟ ਦੇ ਨਾਲ-ਨਾਲ ਪ੍ਰੇਮੀ ਜੋੜਿਆਂ ਦਾ ਕਿਸੇ ਤਰ੍ਹਾਂ ਦਾ ਵੀ ਸਰੀਰਕ ਨੁਕਸਾਨ ਕਰਨ ਦੀ ਖੁੱਲ੍ਹ ਹੋਏਗੀ।

ਮਤਾ ਪਾਸ ਕਰਦੇ ਹੋਏ ਗ੍ਰੰਥੀ ਸਿੰਘ ਮਤਾ ਪੜ੍ਹ ਕੇ ਸੁਣਾਈਆ ਕਿ ਜੇਕਰ ਪਿੰਡ ਦਾ ਕੋਈ ਮੁੰਡਾ ਜਾਂ ਕੁੜੀ ਪ੍ਰੇਮ ਸਬੰਧ ਬਣਾਉਣ ਦੀ ਕੋਸ਼ਿਸ਼ ਕਰੇਗਾ ਜਾਂ ਪ੍ਰੇਮ ਵਿਆਹ ਕਰਾਉਣ ਦੀ ਕੋਸ਼ਿਸ਼ ਕਰੇਗਾ ਤਾਂ ਉਸ ਪ੍ਰੇਮੀ ਜੋੜੇ ਤੇ ਉਨ੍ਹਾਂ ਦਾ ਸਾਥ ਦੇਣ ਵਾਲੇ ਦੋਹਾਂ ਪਰਿਵਾਰਾਂ ਦਾ ਪਿੰਡ ਵੱਲੋਂ ਸੰਪੂਰਨ ਤੌਰ ’ਤੇ ਬਾਈਕਾਟ ਕੀਤਾ ਜਾਵੇਗਾ। ਇਸ ਤੋਂ ਬਿਨਾਂ ਜਿਸ ਘਰ ਦਾ ਮੁੰਡਾ ਜਾਂ ਕੁੜੀ ਅਤੇ ਮਾਪੇ ਇਹੋ-ਜਿਹਾ ਕੰਮ ਕਰਨਗੇ, ਉਨ੍ਹਾਂ ਦੀ ਜ਼ਮੀਨ ਜਾਂ ਘਰ-ਬਾਰ ਕੋਈ ਠੇਕੇ ’ਤੇ ਨਹੀਂ ਲਵੇਗਾ ਤੇ ਨਾ ਹੀ ਕੋਈ ਉਨ੍ਹਾਂ ਦਾ ਸਾਥ ਦੇਵੇਗਾ।

ਅਗਲੇ ਮਤੇ ਅਨੁਸਾਰ ਜੇਕਰ ਕੋਈ ਵੀ ਲੜਕਾ-ਲੜਕੀ ‘ਗਲਤ ਕਦਮ’ ਚੁੱਕਦਾ ਹੈ ਤੇ ਮਾਪਿਆਂ ਦੇ ਸਮਝਾਉਣ ’ਤੇ ਵੀ ਨਹੀਂ ਸਮਝਦਾ ਤਾਂ ਮਾਪੇ ਉਸ ਲੜਕੇ-ਲੜਕੀ ਦਾ ‘ਜੋ ਮਰਜ਼ੀ’ ਨੁਕਸਾਨ ਕਰ ਦੇਣ, ਸਾਰਾ ਪਿੰਡ ਮਾਪਿਆਂ ਦਾ ਸਾਥ ਦੇਵੇਗਾ। ਅਗਲੇ ਮਤੇ ਅਨੁਸਾਰ ਜਿਹੜਾ ਵੀ ਲੜਕਾ-ਲੜਕੀ ਗਲਤ ਕਦਮ ਚੁੱਕਦਾ ਹੈ ਤੇ ਮਾਪੇ ਸਾਥ ਦਿੰਦੇ ਹਨ ਤਾਂ ਕਿਸੇ ਕਚਿਹਰੀ ਵਿੱਚ ਕਿਸੇ ਸਰਪੰਚ, ਪੰਚ, ਨੰਬਰਦਾਰ ਦੀ ਲੋੜ ਪੈਂਦੀ ਹੈ ਤਾਂ ਕੋਈ ਸਾਥ ਨਹੀਂ ਦੇਵੇਗਾ ਤੇ ਦਸਤਖ਼ਤ ਨਹੀਂ ਕਰੇਗਾ। ਜੇਕਰ ਕਿਸੇ ਹੋਰ ਥਾਂ ਤੋਂ ਮੁੰਡਾ-ਕੁੜੀ ਗਲਤ ਹਰਕਤ ਕਰਕੇ ਪਿੰਡ ਆਉਂਦੇ ਹਨ ਤਾਂ ਪਨਾਹ ਦੇਣ ਵਾਲੇ ਨੂੰ ਵੀ ਬਰਾਬਰ ਦਾ ਦੋਸ਼ੀ ਮੰਨਿਆ ਜਾਵੇਗਾ।

ਇਸ ਬਾਰੇ ਪੁਲਿਸ ਦਾ ਕਹਿਣਾ ਹੈ ਕਿ ਪਿੰਡ ਵੱਟੂ ਦੀ ਇੱਕ ਨੂੰਹ ਆਪਣੇ ਛੋਟੇ ਬੱਚੇ ਸਣੇ ਪਿੰਡ ਦੇ ਹੀ ਮੁੰਡੇ ਨਾਲ ਫਰਾਰ ਹੋ ਗਈ ਹੈ। ਇਸ ਕਰਕੇ ਪਿੰਡ ਵਾਸੀ ਬਹੁਤ ਖ਼ਫਾ ਹਨ। ਪੁਲਿਸ ਫਰਾਰ ਜੋੜੇ ਦੀ ਭਾਲ ਕਰ ਰਹੀ ਹੈ। ਪਿੰਡ ਵੱਟੂ ਦੀ ਸਰਪੰਚ ਲਵਜੀਤ ਕੌਰ ਨੇ ਦੱਸਿਆ ਕਿ ਪੰਚਾਇਤ ਨੇ ਪ੍ਰੇਮੀ ਜੋੜਿਆਂ ਖ਼ਿਲਾਫ਼ ਕੋਈ ਮਤਾ ਨਹੀਂ ਪਾਸ ਕੀਤਾ। ਨਾ ਅਜਿਹਾ ਮਤਾ ਪੰਚਾਇਤ ਦੇ ਲੈਟਰ ਪੈਡ ’ਤੇ ਲਿਖਿਆ ਹੈ ਤੇ ਨਾ ਹੀ ਦਸਤਖ਼ਤ ਹੋਏ ਹਨ। ਇਹ ਫ਼ੈਸਲਾ ਗੁਰਦੁਆਰਾ ਕਮੇਟੀ ਤੇ ਪਿੰਡ ਵਾਸੀਆਂ ਦਾ ਹੈ।


LEAVE A REPLY