ਨਾਰਵੇ ਦੇ ਵਫ਼ਦ ਨੇ ਖੋਜ ਖੇਤਰਾਂ ਵਿੱਚ ਸਾਂਝ ਲਈ ਕੀਤਾ ਪੀਏਯੂ ਦਾ ਦੌਰਾ


 

ਲੁਧਿਆਣਾ– ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਨਾਰਵੇ ਤੋਂ ਅੱਜ ਇੱਕ ਵਫ਼ਦ ਨੇ ਵਿਸ਼ੇਸ਼ ਰੂਪ ਵਿੱਚ ਦੌਰਾ ਕੀਤਾ । ਇਸ ਵਫ਼ਦ ਵਿੱਚ ਨਾਰਵੇ ਤੋਂ ਭਾਰਤ ਦੇ ਅੰਬੈਸਡਰ ਮਿ. ਨੀਲ ਰਾਗਨਾਰ ਕਾਮਸਵਾਗ, ਉਨਾਂ ਦੇ ਸਕੱਤਰ ਮਿ. ਅਰਲੈਂਡ ਡਰੈਗੈਟ ਅਤੇ ਸਲਾਹਕਾਰ ਮਿਸ ਉਨਡਿਸ ਵੀ ਸਿੰਘ ਸ਼ਾਮਲ ਸਨ । ਉਨਾਂ ਨੇ ਯੂਨੀਵਰਸਿਟੀ ਦੇ ਸੀਨੀਅਰ ਅਧਿਕਾਰੀਆਂ ਨਾਲ ਸਾਂਝ ਦੇ ਖੇਤਰਾਂ ਬਾਰੇ ਵਿਸ਼ੇਸ਼ ਰੂਪ ਵਿੱਚ ਚਰਚਾ ਕੀਤੀ । ਨਾਰਵੇ ਦੇ ਇਸ ਵਫ਼ਦ ਨੇ ਵਿਸ਼ੇਸ਼ ਰੂਪ ਵਿੱਚ ਕਿਹਾ ਕਿ ਅਸੀਂ ਖੋਜ ਅਤੇ ਵਿਕਾਸ, ਮੁੜ ਨਵਿਆਉਣਯੋਗ ਊਰਜਾ, ਵਾਤਾਵਰਣਿਕ ਨੀਤੀਆਂ ਵਰਗੇ ਮਸਲਿਆਂ ਤੇ ਸਾਂਝ ਦੇ ਖੇਤਰ ਲੱਭ ਰਹੇ ਹਾਂ । ਉਨਾਂ ਦੱਸਿਆ ਕਿ ਭਾਰਤ ਵਿੱਚ ਨਾਰਵੇ ਪ੍ਰਮੁੱਖ ਨਿਵੇਸ਼ਕਾਰਾਂ ਵਿਚੋਂ ਹੈ । ਮਿ. ਕਾਮਸਵਾਗ ਨੇ ਕਿਹਾ ਕਿ ਉਹ ਇਨਾਂ ਖੇਤਰਾਂ ਵਿੱਚ ਸਹਿਚਾਰ ਚਾਹੁੰਦੇ ਹਨ ਤਾਂ ਜੋ ਇੱਕ ਨਿਰੰਤਰ ਵਿਕਾਸ ਵੱਲ ਵਧਿਆ ਜਾ ਸਕੇ । ਇਸ ਵਿੱਚ ਪੀਏਯੂ ਵੱਡਾ ਯੋਗਦਾਨ ਪਾ ਸਕਦੀ ਹੈ । ਉਨਾਂ ਨੇ ਯੂਨੀਵਰਸਿਟੀ ਦੀ ਇਸ ਗੱਲ ਤੇ ਬਹੁਤ ਪ੍ਰਸ਼ੰਸ਼ਾ ਕੀਤੀ ਕਿ ਉਹ ਕਿਸਾਨਾਂ ਨੂੰ ਪਰਾਲੀ ਸਾੜਨ ਵਰਗੇ ਮੁੱਦਿਆਂ ਤੇ ਲਗਾਤਾਰ ਜਾਗਰੂਕ ਕਰ ਰਹੀ ਹੈ । ਉਨਾਂ ਆਸ ਜਿਤਾਈ ਕਿ ਅਜਿਹੇ ਖੇਤਰਾਂ ਵਿੱਚ ਤਕਨਾਲੋਜੀ ਦੇ ਵਿਕਾਸ ਨਾਲ ਮਸਲਿਆਂ ਤੇ ਹੱਲ ਪਾਇਆ ਜਾ ਸਕਦਾ ਹੈ ਅਤੇ ਪੀਏਯੂ ਲਗਾਤਾਰ ਅਜਿਹੀ ਤਕਨਾਲੋਜੀ ਵਿਕਸਤ ਕਰ ਰਹੀ ਹੈ । ਨਾਰਵੇ ਵਿੱਚ ਸਵੱਲਬਾਰਡ ਗਲੋਬਲ ਸੀਡ ਵਾਲਟ ਦੀ ਗੱਲ ਕਰਦਿਆਂ ਉਨਾਂ ਕਿਹਾ ਕਿ ਅਜਿਹੇ ਬੀਜ ਬੈਂਕਾਂ ਵਿੱਚ ਭਾਰਤ ਦੀ ਮਹੱਤਵਪੂਰਨ ਦੇਣ ਹੈ ।

ਵਫ਼ਦ ਦੇ ਇਨਾਂ ਮੈਂਬਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਪੀਏਯੂ ਦੇ ਰਜਿਸਟਰਾਰ ਡਾ. ਰਾਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਕਿਸਾਨੀ ਸੰਬੰਧੀ ਨੀਤੀਆਂ ਵਿੱਚ ਮੁਢਲੇ ਮੁੱਦੇ ਉਨਾਂ ਦੀ ਆਮਦਨ ਵਧਾਉਣ,ਫ਼ਸਲਾਂ ਦੇ ਚੰਗੇ ਮੁੱਲ ਮਿਲਣ ਅਤੇ ਲਾਜ਼ਮੀ ਵੱਟਤ ਦੇ ਹਨ । ਉਨਾਂ ਦੱਸਿਆ ਕਿ ਪੰਜਾਬ ਵਿੱਚ ਫ਼ਸਲਾਂ ਦਾ ਝਾੜ ਲਗਾਤਾਰ ਵਧ ਰਿਹਾ ਹੈ ਪਰ ਇਸ ਵੇਲੇ ਲੋੜ ਇਨਾਂ ਅਨਾਜਾਂ ਤੋਂ ਪਦਾਰਥ ਬਣਾਉਣ ਲਈ ਪ੍ਰੋਸੈਸਿੰਗ ਉਦਯੋਗ ਦੀ ਹੈ । ਉਨਾਂ ਖੇਤੀ ਖੋਜ ਲਈ ਕੌਮੀ ਪੱਧਰ ਤੇ ਮਿਲਣ ਵਾਲੇ ਫੰਡਾਂ ਵਿੱਚ ਵਾਧੇ ਦੀ ਲੋੜ ਬਾਰੇ ਵੀ ਦੱਸਿਆ । ਡਾ. ਸਿੱਧੂ ਨੇ ਸਾਂਝੇ ਖੋਜ ਅਤੇ ਐਚ ਆਰ ਪ੍ਰੋਗਰਾਮਾਂ ਬਾਰੇ ਵੀ ਜਾਣਕਾਰੀ ਦਿੱਤੀ ਜਿੱਥੇ ਦੋਵਾਂ ਦੇਸ਼ਾਂ ਦੀ ਖੇਤੀ ਦੇ ਵਿਕਾਸ ਲਈ ਸਾਂਝੇ ਖੇਤਰਾਂ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ । ਇਸ ਮਗਰੋਂ ਇਸ ਵਫ਼ਦ ਨੇ ਪਲਾਂਟ ਬਰੀਡਿੰਗ ਵਿਭਾਗ ਦੇ ਫ਼ਸਲ ਨੁਮਾਇਸ਼ਾਂ ਦਾ ਵੀ ਦੌਰਾ ਕੀਤਾ । ਸ਼ੁਰੂ ਵਿੱਚ ਖੇਤੀਬਾੜੀ ਕਾਲਜ ਦੇ ਡੀਨ ਡਾ. ਐਸ. ਐਸ. ਕੁੱਕਲ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਿਰਦੇਸ਼ਕ ਖੋਜ ਡਾ. ਨਵਤੇਜ ਸਿੰਘ ਬੈਂਸ ਨੇ ਪੀਏਯੂ ਦੀਆਂ ਖੋਜ ਗਤੀਵਿਧੀਆਂ ਤੋਂ ਇਸ ਵਫ਼ਦ ਨੂੰ ਜਾਣੂੰ ਕਰਵਾਇਆ ।

  • 1
    Share

LEAVE A REPLY