ਪਨਬੱਸ ਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਹੜਤਾਲ ਖਤਮ ਹੋਈ, ਕੱਲ੍ਹ ਤੋਂ ਦੌੜਣਗੀਆਂ ਰੋਡਵੇਜ਼ ਦੀਆਂ 1300 ਬੱਸਾਂ


PUNBUS employees Strike Ends

ਪੰਜਾਬ ਰੋਡਵੇਜ਼ (ਪਨਬੱਸ) ਦੇ ਠੇਕੇ ‘ਤੇ ਕੰਮ ਕਰਦੇ ਡਰਾਈਵਰਾਂ ਤੇ ਕੰਡਕਟਰਾਂ ਦੀ ਪਿਛਲੇ ਤਿੰਨ ਦਿਨਾਂ ਤੋਂ ਚੱਲ ਰਹੀ ਹੜਤਾਲ ਅੱਜ ਖਤਮ ਹੋ ਗਈ ਹੈ। ਟਰਾਂਸਪੋਰਟ ਮੰਤਰੀ ਅਰਣਾ ਚੌਧਰੀ ਨਾਲ 26 ਤਰੀਕ ਨੂੰ ਮੀਟਿੰਗ ਦਾ ਸਮਾਂ ਮਿਲਣ ਤੋਂ ਬਾਅਦ ਹੜਤਾਲ ਸਮਾਪਤ ਹੋ ਗਈ ਹੈ। ਪਨਬੱਸ ਦੇ ਡਰਾਈਵਰਾਂ ਤੇ ਕੰਡਕਟਰਾਂ ਨੇ ਵੀਰਵਾਰ ਤੋਂ ਬੱਸਾਂ ਆਪਣੇ ਰੂਟਾਂ ‘ਤੇ ਲਿਜਾਣ ਦਾ ਐਲਾਨ ਕਰ ਦਿੱਤਾ ਹੈ। ਇਸ ਨਾਲ ਪੰਜਾਬ ਰੋਡਵੇਜ਼ ਤੇ ਟਰਾਂਸਪੋਰਟ ਵਿਭਾਗ ਦੇ ਅਧਿਕਾਰੀਆਂ ਨੇ ਵੀ ਸੁੱਖ ਦਾ ਸਾਹ ਲਿਆ ਹੈ।

ਉਧਰ, ਪਨਬੱਸ ਯੂਨੀਅਨ ਨੇ ਬਕਾਇਦਾ ਚਿਤਾਵਨੀ ਦਿੱਤੀ ਹੈ ਕਿ ਜੇਕਰ 26 ਜੁਲਾਈ ਨੂੰ ਮੀਟਿੰਗ ਦਾ ਕੋਈ ਸਿੱਟਾ ਨਾ ਨਿਕਲਿਆ ਤਾਂ ਉਹ ਤਿੱਖਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਪਨਬੱਸ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਸਰਕਾਰ ਉਨ੍ਹਾਂ ਦੀਆਂ ਵਾਜ਼ਬ ਮੰਗਾਂ ਨਹੀਂ ਮੰਨ ਰਹੀ। ਹੋਰ ਤਾਂ ਹੋਰ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਵੀ ਮੰਨਣ ਤੋਂ ਇਨਕਾਰ ਕਰ ਰਹੀ ਹੈ। ਇਸ ਤਰ੍ਹਾਂ ਉਨ੍ਹਾਂ ਨਾਲ ਧੱਕਾ ਹੋ ਰਿਹਾ ਹੈ। ਉਨ੍ਹਾਂ ਨੂੰ ਬਰਾਬਰ ਤਨਖਾਹ ਨਹੀਂ ਮਿਲ ਰਹੀ ਜੋ ਰੋਡਵੇਜ਼ ਨੇ ਉਨ੍ਹਾਂ ਨੂੰ ਨੌਕਰੀ ਦੇਣ ਤੋਂ ਪਹਿਲਾਂ ਦੇਣ ਦਾ ਵਾਅਦਾ ਕੀਤਾ ਸੀ। ਕਾਬਲੇਗੌਰ ਹੈ ਕਿ ਪੰਜਾਬ ਰੋਡਵੇਜ਼ ਦੀਆਂ 1300 ਦੇ ਕਰੀਬ ਬੱਸਾਂ ਨੂੰ ਠੇਕੇ ‘ਤੇ ਰੱਖੇ 4500 ਦੇ ਕਰੀਬ ਡਰਾਈਵਰ ਤੇ ਕੰਡਕਟਰ ਵੱਖ-ਵੱਖ ਰੂਟਾਂ ਤੇ ਚਲਾਉਂਦੇ ਹਨ। ਇਹ ਬੱਸਾਂ ਪਿਛਲੇ ਤਿੰਨ ਦਿਨਾਂ ਤੋਂ ਪਨਬੱਸ ਯੂਨੀਅਨ ਦੀ ਹੜਤਾਲ ਕਾਰਨ ਬੰਦ ਪਈਆਂ ਸਨ। ਪੰਜਾਬ ਰੋਡਵੇਜ਼ ਦੇ ਸਾਰੇ ਡਿਪੂਆਂ ਉੱਪਰ ਪਨਬੱਸ ਯੂਨੀਅਨ ਦੇ ਆਗੂ ਧਰਨਿਆਂ ‘ਤੇ ਬੈਠੇ ਸਨ।


LEAVE A REPLY