ਕਣਕ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਘਟਾਉਣ ਲਈ ਇਹ ਕੰਮ ਜ਼ਰੂਰ ਕਰੋ


ਲੁਧਿਆਣਾ– ਕਣਕ ਦੀ ਫ਼ਸਲ ਵਿੱਚ ਨਦੀਨਾਂ ਦੀ ਰੋਕਥਾਮ ਦੇ ਵੱਖ-ਵੱਖ ਢੰਗ ਅਪਨਾਉਣ ਤੋਂ ਬਾਅਦ ਅਜੇ ਵੀ ਕਣਕ ਦੇ ਖੇਤ ਵਿੱਚ ਗੁੱਲੀ ਡੰਡੇ ਦੇ ਬੂਟੇ ਬਚ ਗਏ ਹਨ ਜੋ ਕਿ ਇਸ ਸਮੇਂ ਕਣਕ ਦੀ ਫ਼ਸਲ ਤੋਂ ਉਪਰ ਦਿਸ ਰਹੇ ਹਨ । ਗੁੱਲੀ ਡੰਡੇ ਦੇ ਇਹ ਬੂਟੇ ਜ਼ਿਆਦਾਤਰ ਨਦੀਨ ਨਾਸ਼ਕਾਂ ਪ੍ਰਤਿ ਸਹਿਣਸ਼ੀਲਤਾ ਵਾਲੇ ਹਨ। ਜੇਕਰ ਇਹ ਬੂਟਿਆਂ ਦਾ ਬੀਜ ਬਣ ਗਿਆ ਤਾਂ ਅਗਲੇ ਸਾਲ ਨਦੀਨ ਦੀ ਸਮੱਸਿਆ ਹੋਰ ਵੀ ਜ਼ਿਆਦਾ ਵਧ ਜਾਵੇਗੀ । ਇਹ ਗੱਲ ਅੱਜ ਇਥੇ ਪੀਏਯੂ ਦੇ ਪਸਾਰ ਮਾਹਿਰ ਡਾ. ਮੱਖਣ ਸਿੰਘ ਭੁੱਲਰ ਨੇ ਗੁੱਲੀ ਡੰਡੇ ਦੀ ਸਮੱਸਿਆ ਨੂੰ ਵਿਚਾਰਦਿਆਂ ਕਹੀ । ਉਨਾਂ ਕਿਸਾਨ ਭਰਾਵਾਂ ਨੂੰ ਕਿਹਾ ਕਿ ਇਹ ਬਚੇ ਹੋਏ ਨਦੀਨਾਂ ਦੇ ਬੂਟਿਆਂ ਦੇ ਸਿੱਟੇ ਬੀਜ ਪੱਕਣ ਤੋਂ ਪਹਿਲਾਂ ਦਾਤੀ ਨਾਲ ਕੱਟ ਦਿਉ । ਇਸ ਤਰਾਂ ਕਰਨ ਨਾਲ ਕਣਕ ਦੀ ਅਗਲੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਕਾਫ਼ੀ ਘਟ ਜਾਵੇਗੀ । ਦੂਸਰਾ ਕਿਸਾਨ ਵੀਰਾਂ ਨੂੰ ਚਾਹੀਦਾ ਹੈ ਕਿ ਝੋਨੇ ਦੀਆਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਪੀ ਆਰ 126, ਪੀ ਆਰ 124, ਪੀ ਆਰ 122 ਅਤੇ ਪੀ ਆਰ 121 ਦੀ ਕਾਸ਼ਤ ਕਰਨ । ਇਹ ਕਿਸਮਾਂ ਅੱਧ ਅਕਤੂਬਰ ਤੱਕ ਖੇਤ ਵਿਹਲਾ ਕਰ ਦਿੰਦੀਆਂ ਹਨ ਅਤੇ ਇਹਨਾਂ ਖੇਤਾਂ ਵਿੱਚ ਅਕਤੂਬਰ ਦੇ ਅਖੀਰ ਤੱਕ ਕਣਕ ਦੀ ਬਿਜਾਈ ਹੋ ਜਾਂਦੀ ਹੈ ।

ਇਸ ਸਮੇਂ ਬੀਜੀ ਕਣਕ ਦੀ ਫ਼ਸਲ ਗੁੱਲੀ ਡੰਡੇ ਦੇ ਪਹਿਲੇ ਲੌਅ ਜੋ ਕਿ ਸਭ ਤੋਂ ਜ਼ਿਆਦਾ ਖਤਰਨਾਕ ਹੈ, ਤੋਂ ਬਚ ਜਾਵੇਗੀ । ਜੇਕਰ ਉਪਰ ਦਿੱਤੇ ਦੋਨੋਂ ਕੰਮ ਕਰ ਲਏ ਜਾਣ ਜਿਵੇਂ ਕਿ ਇਸ ਸਮੇਂ ਗੁੱਲੀ ਡੰਡੇ ਨੂੰ ਬੀਜ ਬਨਾਉਣ ਤੋਂ ਰੋਕਣਾ ਅਤੇ ਝੋਨੇ ਦੀਆਂ ਅਗੇਤੀਆਂ ਪੱਕਣ ਵਾਲੀਆਂ ਕਿਸਮਾਂ ਦੀ ਕਾਸ਼ਤ ਕਰਨਾ, ਤਾਂ ਅਗਲੇ ਸਾਲ ਦੀ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਬਹੁਤ ਘਟ ਜਾਵੇਗੀ ।

  • 1
    Share

LEAVE A REPLY