ਪੰਜਾਬ ਸਰਕਾਰ ਦੀ ਨਸ਼ਾ ਮੁਕਤੀ ਮੁਹਿੰਮ ਦਾ ਨਿੱਜੀ ਨਸ਼ਾ ਛੁਡਾਊ ਕੇਂਦਰ ਵੀ ਕਰਨਗੇ ਸਹਿਯੋਗ – ਨਸ਼ੇ ਦੇ ਆਦੀ ਮਰੀਜ਼ਾਂ ਦੀ ਓ. ਪੀ. ਡੀ., ਟੈਸਟ ਅਤੇ ਕੌਂਸਲਿੰਗ ਮੁਫ਼ਤ ਕਰਨ ਦਾ ਐਲਾਨ


ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਨਸ਼ਾ-ਮੁਕਤ ਕਰਨ ਲਈ ਸ਼ੁਰੂ ਕੀਤੀ ਗਈ ਵਿਸ਼ੇਸ਼ ਮੁਹਿੰਮ ਦਾ ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੇ ਮੁੱਖੀਆਂ ਨੇ ਵੀ ਸਹਿਯੋਗ ਕਰਨ ਦਾ ਐਲਾਨ ਕੀਤਾ ਹੈ। ਅੱਜ ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਦੀ ਅਗਵਾਈ ਵਿੱਚ ਸਥਾਨਕ ਸਰਕਟ ਹਾਊਸ ਵਿਖੇ ਹੋਈ ਮੀਟਿੰਗ ਦੌਰਾਨ ਜ਼ਿਲ•ਾ ਲੁਧਿਆਣਾ ਦੇ ਸਮੂਹ ਮਨੋਰੋਗ ਮਾਹਿਰ ਡਾਕਟਰਾਂ ਨੇ ਭਰੋਸਾ ਦਿੱਤਾ ਕਿ ਉਹ ਭਵਿੱਖ ਵਿੱਚ ਨਸ਼ਾ ਛੱਡਣ ਦੇ ਇਛੁੱਕ ਮਰੀਜ਼ਾਂ ਦੀ ਓ. ਪੀ. ਡੀ., ਟੈਸਟ ਅਤੇ ਕੌਂਸਲਿੰਗ ਬਿਲਕੁਲ ਮੁਫ਼ਤ ਕਰਨਗੇ। ਇਹ ਮੀਟਿੰਗ ਸ੍ਰ. ਬਿੱਟੂ ਦੇ ਵਿਸ਼ੇਸ਼ ਉੱਦਮ ਨਾਲ ਆਯੋਜਿਤ ਕੀਤੀ ਗਈ, ਜੋ ਕਿ ਨਸ਼ਾਮੁਕਤੀ ਦੀ ਦਿਸ਼ਾ ਵਿੱਚ ਬਹੁਤ ਹੀ ਸਫ਼ਲ ਰਹੀ। ਦੱਸਣਯੋਗ ਹੈ ਕਿ ਜ਼ਿਲਾ ਲੁਧਿਆਣਾ ਵਿੱਚ ਇਸ ਵੇਲੇ 28 ਨਸ਼ਾ ਛੁਡਾਊ ਕੇਂਦਰ ਚੱਲ ਰਹੇ, ਜਿਨਾਂ ਵਿੱਚ 5 ਸਰਕਾਰੀ ਅਤੇ 23 ਨਿੱਜੀ ਕੇਂਦਰ ਹਨ। ਇਸ ਮੀਟਿੰਗ ਵਿੱਚ ਤਕਰੀਬਨ ਹਰੇਕ ਕੇਂਦਰ ਦਾ ਮੁੱਖੀ ਜਾਂ ਮਨੋਰੋਗ ਮਾਹਿਰ ਡਾਕਟਰ ਪਹੁੰਚਿਆ ਹੋਇਆ ਸੀ। ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਸ੍ਰ. ਰਵਨੀਤ ਸਿੰਘ ਬਿੱਟੂ ਨੇ ਡਾਕਟਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਨੇ ਸੂਬੇ ਵਿੱਚ ਨਸ਼ਿਆਂ ਦੀ ਸਪਲਾਈ ਲਾਈਨ ਤੋੜ ਦਿੱਤੀ ਹੈ ਅਤੇ ਹੁਣ ਨਸ਼ੇ ਦੇ ਆਦੀ ਵਿਅਕਤੀ ਨਸ਼ਾ ਛੱਡ ਕੇ ਸਿਹਤਮੰਦ ਸਮਾਜ ਦਾ ਹਿੱਸਾ ਬਣਨਾ ਚਾਹੁੰਦੇ ਹਨ। ਜਿਸ ਲਈ ਡਾਕਟਰ ਭਾਈਚਾਰਾ ਆਪਣੀ ਬਣਦੀ ਜਿੰਮੇਵਾਰੀ ਨਿਭਾਵੇ।

ਉਨਾਂ ਅਪੀਲ ਕੀਤੀ ਕਿ ਰਾਜਸੀ ਨੁਮਾਇੰਦਿਆਂ ਅਤੇ ਪ੍ਰਸਾਸ਼ਨ ਵੱਲੋਂ ਅਜਿਹੇ ਮਰੀਜ਼ਾਂ ਨੂੰ ਪ੍ਰੇਰ ਕੇ ਨਸ਼ਾ ਛੁਡਾਊ ਕੇਂਦਰਾਂ ਤੱਕ ਲਿਆਂਦਾ ਜਾ ਰਿਹਾ, ਜੇਕਰ ਉਨਾਂ ਦਾ ਉਥੇ ਵਧੀਆ ਇਲਾਜ਼ ਹੋ ਜਾਵੇ ਤਾਂ ਪੰਜਾਬ ਨੂੰ ਨਸ਼ਾ ਮੁਕਤ ਕਰਨ ਤੋਂ ਕੋਈ ਨਹੀਂ ਰੋਕ ਸਕਦਾ। ਉਨਾਂ ਦੱਸਿਆ ਕਿ ਸਿਹਤ ਵਿਭਾਗ ਕੋਲ ਨਸ਼ਾ ਛੁਡਾਊ ਕੇਂਦਰਾਂ ਅਤੇ ਮਨੋਰੋਗ ਮਾਹਿਰ ਡਾਕਟਰਾਂ ਦੀ ਕਮੀ ਦੇ ਚੱਲਦਿਆਂ ਉਮੀਦ ਕੀਤੀ ਜਾ ਰਹੀ ਹੈ ਕਿ ਨਿੱਜੀ ਨਸ਼ਾ ਛੁਡਾਊ ਕੇਂਦਰ ਇਸ ਦਿਸ਼ਾ ਵਿੱਚ ਪ੍ਰਸਾਸ਼ਨ ਅਤੇ ਪੰਜਾਬ ਸਰਕਾਰ ਦਾ ਸਹਿਯੋਗ ਕਰਨ। ਉਨਾਂ ਕਿਹਾ ਕਿ ਸਿਵਲ ਹਸਪਤਾਲ ਵਿੱਚ ਖਾਲੀ ਪਈ ਸਰਾਂ (ਸਰਾਏ) ਦੀ ਇਮਾਰਤ ਨੂੰ ਸ਼ਨਿੱਚਰਵਾਰ ਤੱਕ ਨਸ਼ਾ ਮੁਕਤੀ ਕੇਂਦਰ ਵਿੱਚ ਤਬਦੀਲ ਕਰ ਦਿੱਤਾ ਜਾਵੇਗਾ। ਜਿੱਥੇ ਕਿ 40 ਮਰੀਜ਼ ਭਰਤੀ ਕੀਤਾ ਜਾ ਸਕਣਗੇ। ਉਨਾਂ ਕਿਹਾ ਕਿ ਸਿਹਤ ਵਿਭਾਗ ਵੱਲੋਂ ਜਲਦ ਹੀ ਸੇਵਾਮੁਕਤ ਮਨੋਰੋਗਾਂ ਬਾਰੇ ਡਾਕਟਰਾਂ ਦੀਆਂ ਵੀ ਸੇਵਾਵਾਂ ਲਈਆਂ ਜਾਣਗੀਆਂ। ਨਿੱਜੀ ਕੇਂਦਰਾਂ ਦੇ ਮੁੱਖੀਆਂ ਅਤੇ ਮਨੋਰੋਗਾਂ ਬਾਰੇ ਡਾਕਟਰਾਂ ਨੇ ਲੋਕ ਸਭਾ ਮੈਂਬਰ ਨੂੰ ਭਰੋਸਾ ਦਿਵਾਇਆ ਕਿ ਉਹ ਅਜਿਹੇ ਮਰੀਜ਼ਾਂ ਦੀ ਓ.ਪੀ.ਡੀ., ਟੈਸਟ ਅਤੇ ਕੌਂਸਲਿੰਗ ਬਿਲਕੁਲ ਮੁਫ਼ਤ ਕਰਨ ਦੇ ਨਾਲ-ਨਾਲ ਲੋੜ ਪੈਣ ‘ਤੇ ਸਿਹਤ ਵਿਭਾਗ ਨਾਲ ਮੋਢੇ ਨਾਲ ਮੋਢਾ ਜੋੜ ਦੇ ਫੀਲਡ ਵਿੱਚ ਕੰਮ ਕਰਨ ਨੂੰ ਵੀ ਤਿਆਰ ਹਨ। ਮਰੀਜ਼ਾਂ ਨੂੰ ਦਵਾਈ ਵੀ ਉਹ ਲਿਖ ਕੇ ਦੇਣਗੇ, ਮਰੀਜ਼ ਆਪਣੀ ਮਰਜ਼ੀ ਮੁਤਾਬਿਕ ਕਿਤੋਂ ਵੀ ਲੈ ਸਕੇਗਾ। ਮੀਟਿੰਗ ਵਿੱਚ ਗੈਰ ਸਰਕਾਰੀ ਸੰਗਠਨਾਂ ਦੇ ਸਹਿਯੋਗ ਨਾਲ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਮੁਹੱਈਆ ਕਰਾਉਣ ਬਾਰੇ ਫੈਸਲਾ ਕੀਤਾ ਗਿਆ। ਇਹ ਵੀ ਸਪੱਸ਼ਟ ਕੀਤਾ ਗਿਆ ਕਿ ਟੀਕਾ ਲਗਾਉਣ ਵਾਲੀਆਂ ਸੂਈਆਂ (ਸਰਿੰਜਾਂ) ਦੀ ਲਿਖ਼ਤ ਪੜਤ ਤੋਂ ਬਿਨ•ਾ ਖਰੀਦ ਵੇਚ ‘ਤੋਂ ਵੀ ਪਾਬੰਦੀ ਹਟਾ ਲਈ ਗਈ ਹੈ।

ਸ੍ਰ. ਬਿੱਟੂ ਨੇ ਡਾਕਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਦੇਖਣ ਵਿੱਚ ਆ ਰਿਹਾ ਹੈ ਕਿ ਜਿਹੜੇ ਵੀ ਨਸ਼ੇ ਦੇ ਆਦੀ ਲੋਕ ਨਸ਼ਾ ਛੱਡਣ ਲਈ ਸਾਹਮਣੇ ਆ ਰਹੇ ਹਨ, ਉਹਨਾਂ ਵਿੱਚੋਂ ਜਿਆਦਾਤਰ ਏਡਜ਼, ਕਾਲਾ ਪੀਲੀਆ ਜਾਂ ਹੋਰ ਰੋਗਾਂ ਨਾਲ ਵੀ ਗ੍ਰਸਤ ਹੋ ਚੁੱਕੇ ਹਨ, ਜਿਨਾਂ ਦਾ ਇਲਾਜ਼ ਸਰਕਾਰੀ ਹਸਪਤਾਲਾਂ ਵਿੱਚ ਬਿਲਕੁਲ ਮੁਫ਼ਤ ਹੈ। ਇਸ ਲਈ ਅਜਿਹੇ ਮਰੀਜ਼ਾਂ ਨੂੰ ਇਨਾਂ ਰੋਗਾਂ ਦੇ ਇਲਾਜ਼ ਲਈ ਸਰਕਾਰੀ ਹਸਪਤਾਲਾਂ ਨੂੰ ਰੈਫ਼ਰ ਕੀਤਾ ਜਾਵੇ ਤਾਂ ਜੋ ਉਨਾਂਦਾ ਇਲਾਜ ਸ਼ੁਰੂ ਕੀਤਾ ਜਾ ਸਕੇ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਵਿਧਾਇਕ ਸ੍ਰੀ ਸੰਜੇ ਤਲਵਾੜ, ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਕੌਂਸਲਰ ਸ੍ਰੀਮਤੀ ਮਮਤਾ ਆਸ਼ੂ, ਸਿਵਲ ਸਰਜਨ ਡਾ. ਪਰਵਿੰਦਰ ਪਾਲ ਸਿੰਘ ਸਿੱਧੂ, ਜ਼ਿਲਾ ਕਾਂਗਰਸ ਕਮੇਟੀ ਪ੍ਰਧਾਨ (ਦਿਹਾਤੀ) ਸ੍ਰ. ਗੁਰਦੇਵ ਸਿੰਘ ਲਾਪਰਾਂ, ਡਾ. ਪੰਮੀ ਸਿੰਘ, ਡਾ. ਰਾਜੀਵ ਗੁਪਤਾ ਮਾਨਸ ਹਸਪਤਾਲ, ਡਾ. ਏ. ਕੇ. ਕਾਲਾ ਕੋਚਰ ਮਾਰਕੀਟ, ਡਾ. ਜਗਜੋਤ ਸਿੰਘ ਗੁਰੂ ਨਾਨਕ ਹਸਪਤਾਲ ਰਕਬਾ, ਡਾ. ਅਮਰਪ੍ਰੀਤ ਸਿੰਘ ਦਿਓਲ ਮੁੱਲਾਂਪੁਰ, ਡਾ. ਪੰਕਜ, ਡਾ. ਰੁਪੇਸ਼, ਡਾ. ਗੁਰਪ੍ਰਤਾਪ ਸਿੰਘ ਸੰਧੂ ਬਾੜੇਵਾਲ ਰੋਡ, ਡਾ. ਨਵੀਨ ਕੇ. ਕੇ. ਹਸਪਤਾਲ, ਡਾ. ਰਾਜਿੰਦਰ ਕੁਮਾਰ ਮਾਡਲ ਟਾਊਨ ਐਕਸਟੈਂਨਸ਼ਨ ਅਤੇ ਡੀ. ਐੱਮ. ਸੀ. ਦੇ ਡਾਕਟਰ, ਸੀਨੀਅਰ ਕਾਂਗਰਸੀ ਆਗੂ ਸ੍ਰ. ਸ਼ੈਂਪੀ ਭੱਠਲ ਭਨੋਹੜ ਅਤੇ ਹੋਰ ਵੀ ਹਾਜ਼ਰ ਸਨ।


LEAVE A REPLY