20 ਜੂਨ ਤੋਂ ਪਹਿਲਾਂ ਝੋਨਾ ਨਾ ਲਾਉਣ ਬਾਰੇ ਜਾਗਰੂਕਤਾ ਫੈਲਾਉਣ ਲਈ ਪ੍ਰਚਾਰ ਵੈਨਾਂ ਰਵਾਨਾ


ਲੁਧਿਆਣਾ – ਮਿਸ਼ਨ ਤੰਦਰੁਸਤ ਪੰਜਾਬ ਦੀ ਰੌਸ਼ਨੀ ਵਿੱਚ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ ਬਾਰੇ ਜਾਗਰੂਕ ਕਰਨ ਬਾਰੇ ਜ਼ਿਲਾਂ ਪ੍ਰਸਾਸ਼ਨ ਵੱਲੋਂ ਵਿਸ਼ੇਸ਼ ਉਪਰਾਲੇ ਆਰੰਭੇ ਗਏ ਹਨ, ਜਿਸ ਤਹਿਤ ਵਿਸ਼ੇਸ਼ ਪ੍ਰਚਾਰ ਵੈਨਾਂ ਨੂੰ ਪੂਰੇ ਜ਼ਿਲਾਂ ਲੁਧਿਆਣਾ ਵਿੱਚ ਰਵਾਨਾ ਕੀਤਾ ਗਿਆ ਹੈ। ਇਨਾਂ ਵੈਨਾਂ ਨੂੰ ਅੱਜ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਜ਼ਿਲਾਂ ਪ੍ਰਬੰਧਕੀ ਕੰਪਲੈਕਸ ਤੋਂ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਆਤਮਾ ਪ੍ਰੋਜੈਕਟ ਡਾਇਰੈਕਟਰ ਡਾ. ਜਸਪ੍ਰੀਤ ਸਿੰਘ ਖੇੜਾ ਅਤੇ ਹੋਰ ਹਾਜ਼ਰ ਸਨ।
ਸ੍ਰੀ ਅਗਰਵਾਲ ਨੇ ਦੱਸਿਆ ਕਿ ਅੱਜ 4 ਵੈਨਾਂ ਰਵਾਨਾ ਕੀਤੀਆਂ ਗਈਆਂ ਹਨ, ਜੋ ਕਿ ਜ਼ਿਲਾਂ ਲੁਧਿਆਣਾ ਵਿੱਚ ਪੈਂਦੇ 11 ਬਲਾਕਾਂ ਵਿੱਚ 19 ਜੂਨ ਤੱਕ ਪ੍ਰਚਾਰ ਕਰਨਗੀਆਂ। ਉਨਾਂ ਕਿਹਾ ਕਿ ਇਹਨਾਂ ਵੈਨਾਂ ਦੇ ਚਾਰੇ ਪਾਸੇ ਕਿਸਾਨਾਂ ਨੂੰ 20 ਜੂਨ ਤੋਂ ਪਹਿਲਾਂ ਝੋਨਾ ਨਾ ਲਗਾਉਣ, ਆਤਮਾ ਕਿਸਾਨ ਬਾਜ਼ਾਰ ਦਾ ਲਾਭ ਲੈਣ, ਖੇਤੀ ਵਿੰਭਿਨਤਾ ਨੂੰ ਅਪਨਾਉਣ ਅਤੇ ਹੋਰ ਜਾਗਰੂਕਤਾ ਸੰਬੰਧੀ ਵਿਚਾਰ ਲਿਖੇ ਹੋਏ ਹਨ, ਜੇਕਰ ਕਿਸਾਨ ਇਨਾਂ ‘ਤੇ ਅਮਲ ਕਰਨ ਤਾਂ ਸਾਡਾ ਸੂਬਾ ਖੇਤੀਬਾੜੀ ਵਿੱਚ ਹੋਰ ਉਚਾਈਆਂ ਛੂਹਣ ਦੇ ਨਾਲ-ਨਾਲ ਪਾਣੀ ਦੇ ਲਗਾਤਾਰ ਡਿੱਗਦੇ ਜਾ ਰਹੇ ਪੱਧਰ ਨੂੰ ਰੋਕਣ ਵਿੱਚ ਵੀ ਸਫ਼ਲ ਰਹੇਗਾ। ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ 20 ਜੂਨ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ। ਸ੍ਰੀ ਅਗਰਵਾਲ ਨੇ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਝੋਨੇ ਦੀ ਬਿਜਾਈ ਸਬੰਧੀ ਕਿਸਾਨਾਂ ਨੂੰ ਪ੍ਰੇਰਿਆ ਜਾਵੇ ਅਤੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਗੁਰਦਆਰਿਆਂ/ਮੰਦਰਾਂ ਵਿੱਚੋਂ ਮੁਨਾਦੀ ਕਰਵਾਈ ਜਾਵੇ।

ਮੁੱਖ ਖੇਤੀਬਾੜੀ ਅਫ਼ਸਰ ਡਾ. ਬਲਦੇਵ ਸਿੰਘ ਨੇ ਕਿਹਾ ਕਿ ਪੰਜਾਬ ਦੀ ਜ਼ਮੀਨ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਮੁੱਖ ਰੱਖਦਿਆਂ ਪੰਜਾਬ ਸਰਕਾਰ ਵੱਲੋਂ ਪ੍ਰਜ਼ਰਵੇਸ਼ਨ ਆਫ਼ ਸਬ ਸੁਆਇਲ ਐਕਟ 2009 ਅਧੀਨ ਕਿਸੇ ਵੀ ਕਿਸਾਨ ਨੂੰ ਝੋਨੇ ਦੀ ਪਨੀਰੀ ਦੀ ਲਵਾਈ 20 ਜੂਨ, 2018 ਤੋਂ ਪਹਿਲਾਂ ਕਰਨ ਦੀ ਆਗਿਆ ਨਹੀਂ ਦਿੱਤੀ ਜਾਵੇਗੀ ਅਤੇ ਉਲੰਘਣਾ ਕਰਨ ਵਾਲੇ ਕਿਸਾਨ ਨੂੰ 10000/- ਪ੍ਰਤੀ ਹੈਕਟੇਅਰ ਜੁਰਮਾਨਾ ਅਤੇ ਸਜ਼ਾ ਵੀ ਹੋ ਸਕਦੀ ਹੈ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਖਾਦਾਂ ਦੀ ਸੰਤੁਲਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਜੇਕਰ ਕਣਕ ਦੀ ਫਸਲ ਨੂੰ ਪੂਰੀ ਡੀ.ਏ.ਪੀ. ਖਾਦ ਪਾਈ ਹੈ ਤਾਂ ਝੋਨੇ ਦੀ ਫਸਲ ਵਿੱਚ ਡੀ.ਏ.ਪੀ. ਖਾਦ ਪਾਉਣ ਦੀ ਲੋੜ ਨਹੀਂ ਅਤੇ ਝੋਨੇ ਦੇ ਝਾੜ ‘ਤੇ ਕੋਈ ਫਰਕ ਨਹੀਂ ਪੈਂਦਾ। ਇਸ ਨਾਲ ਕਿਸਾਨ ਤੇ ਆਰਥਿਕ ਬੋਝ ਘਟੇਗਾ ਅਤੇ ਵਾਤਾਵਰਣ ਸਵੱਛ ਰਹੇਗਾ।

  • 1
    Share

LEAVE A REPLY