ਸਿਟੀ ਸੈਂਟਰ ਘੋਟਾਲਾ – ਸੰਧੂ ਦੀ ਅਰਜ਼ੀ ਤੇ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਤੇ ਜ਼ਿਲਾ ਅਟਾਰਨੀ ਨੇ ਦਾਖਲ ਕੀਤਾ ਜਵਾਬ, ਸਾਰੇ ਦੋਸ਼ਾਂ ਨੂੰ ਗਲਤ ਅਤੇ ਅਧਾਰਹੀਣ ਦਸਿਆ


ਲੁਧਿਆਣਾ – ਪੰਜਾਬ ਦੇ ਬਹੁ ਕਰੋੜੀ ਸਿਟੀ ਸੈਂਟਰ ਘੁਟਾਲੇ ‘ਚ ਪੰਜਾਬ ਸਰਕਾਰ ਦੇ ਪ੍ਰਾਸੀਕਿਊਸ਼ਨ ਵਿਭਾਗ ਨੇ ਅੱਜ ਸਾਬਕਾ ਐਸ.ਐਸ.ਪੀ ਵਿਜੀਲੈਂਸ ਕੰਵਲਜੀਤ ਸਿੰਘ ਸੰਧੂ ਵੱਲੋਂ ਦਾਇਰ ਕੀਤੀ ਗਈ ਅਰਜ਼ੀ ‘ਚ ਆਪਣਾ ਜਵਾਬ ਦਾਖਲ ਕਰ ਦਿੱਤਾ। ਵੀਰਵਾਰ ਨੂੰ ਜ਼ਿਲ੍ਹਾ ਤੇ ਸੈਸ਼ਨ ਜੱਜ ਗੁਰਬੀਰ ਸਿੰਘ ਅਦਾਲਤ ‘ਚ ਪ੍ਰਾਸੀਕਿਊਸ਼ਨ ਵਿਭਾਗ ਦੇ ਡਾਇਰੈਕਟਰ ਵਿਜੈ ਸਿੰਗਲਾ ਤੇ ਜ਼ਿਲ੍ਹਾ ਅਟਾਰਨੀ ਲੁਧਿਆਣਾ ਰਵਿੰਦਰ ਕੁਮਾਰ ਅਬਰੌਲ ਨੇ ਜਵਾਬ ਦਾਖਲ ਕੀਤਾ ਤੇ ਸਾਬਕਾ ਐਸ.ਐਸ.ਪੀ ਵਿਜੀਲੈਂਸ ਦੇ ਵੱਲੋਂ ਲਾਏ ਗਏ ਸਾਰੇ ਦੋਸ਼ਾਂ ਨੂੰ ਗ਼ਲਤ ਤੇ ਆਧਾਰ ਹੀਣ ਦੱਸਿਆ। ਨਾਲ ਹੀ ਇਹ ਵੀ ਦੋਸ਼ ਲਾਇਆ ਕਿ ਸਾਬਕਾ ਐਸ.ਐਸ.ਪੀ. ਇੱਕ ਸਿਆਸੀ ਮਿਲੀਭੁਗਤ ਦੇ ਨਾਲ ਇਹ ਸਭ ਕੁਝ ਕਰ ਰਹੇ ਹਨ।

ਪ੍ਰਾਸੀਕਿਊਸ਼ਨ ਵਿਭਾਗ ਵੱਲੋਂ ਦਾਖਲ ਕੀਤੇ ਗਏ ਆਪਣੇ ਜਵਾਬ ‘ਚ ਉਨ੍ਹਾਂ ਸਾਬਕਾ ਐਸ.ਐਸ.ਪੀ. ਵੱਲੋਂ ਦਾਇਰ ਕੀਤੀ ਗਈ ਅਰਜ਼ੀ ਦਾ ਕੋਈ ਸੰਬੰਧ ਨਾ ਹੋਣਾ ਦੱਸਦੇ ਹੋਏ ਕਿਹਾ ਕਿ ਸਿਟੀ ਸੈਂਟਰ ਮਾਮਲੇ ‘ਚ ਵਿਜੀਲੈਂਸ ਪੁਲੀਸ ਦੁਆਰਾ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ ‘ਚ ਪੂਰੀ ਤਰ੍ਹਾ ਸੱਚਾਈ ਅਦਾਲਤ ਦੇ ਸਾਹਮਣੇ ਰੱਖੀ ਗਈ ਹੈ ਤੇ ਕੁਝ ਵੀ ਲੁਕਾਇਆ ਨਹੀਂ ਗਿਆ। ਉਨ੍ਹਾਂ ਸਾਬਕਾ ਐਸ.ਐਸ.ਪੀ. ਵੱਲੋਂ ਲਾਏ ਗਏ ਦੋਸਾਂ ਨੂੰ ਬੇ-ਬੁਨਿਆਦ ਦੱਸਿਆ। ਜਵਾਬ ‘ਚ ਕਿਹਾ ਗਿਆ ਕਿ ਸਾਬਕਾ ਐਸਐਸਪੀ ਮੀਡੀਆ ‘ਚ ਸ਼ੌਹਰਤ ਹਾਸਿਲ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਸਾਬਕਾ ਐਸਐਸਪੀ ਅਦਾਲਤ ‘ਚ ਦਾਖਲ ਕੀਤੀ ਗਈ ਅਰਜ਼ੀ ‘ਚ ਝੂਠੇ ਦੋਸ਼ ਲਾ ਕੇ ਸਰਕਾਰੀ ਪੱਖ ਨੂੰ ਧਮਕਾਉਣ ਤੇ ਉਨ੍ਹਾਂ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਧਰ, ਉਨ੍ਹਾਂ ਨੇ ਸਾਬਕਾ ਐਸਐਸਪੀ ਦੇ ਇਸ ਤਰਕ ਨੂੰ ਵੀ ਗ਼ਲਤ ਦੱਸਿਆ ਹੈ ਕਿ ਉਨ੍ਹਾਂ ਕੈਂਸਲੇਸ਼ਨ ਰਿਪੋਰਟ ‘ਤੇ ਫੈਸਲਾ ਲੈਣ ਤੋਂ ਪਹਿਲਾਂ ਤੋਂ ਸੁਣਿਆ ਜਾਵੇ। ਉਨ੍ਹਾਂ ਕਿਹਾ ਕਿ ਸਾਬਕਾ ਐਸਐਸਪੀ ਨੇ ਬਤੌਰ ਪੁਲੀਸ ਅਧਿਕਾਰੀ ਹੁੰਦੇ ਹੋਏ ਕੇਸ ਦਰਜ ਕੀਤਾ ਸੀ ਤੇ ਹੁਣ ਉਹ ਨੌਕਰੀ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਉਨ੍ਹਾਂ ਦਾ ਕੋਈ ਅਧਿਕਾਰ ਨਹੀਂ ਬਣਦਾ ਕਿ ਉਹ ਇਸ ਮਾਮਲੇ ‘ਚ ਦਖਲ ਦੇਣ। ਨਾ ਤਾਂ ਉਹ ਸ਼ਿਕਾਇਤਕਰਤਾ ਹਨ ਤੇ ਨਾ ਹੀ ਪੀੜ੍ਹਤ।

ਉਨ੍ਹਾਂ ਦਾ ਕੋਈ ਵੀ ਕਾਨੂੰਨੀ ਅਧਿਕਾਰ ਅਰਜ਼ੀ ਦਾਖਲ ਕਰਨ ਦਾ ਨਹੀਂ ਬਣਦਾ ਹੈ। ਸਰਕਾਰੀ ਪੱਖ ਤੇ ਵੱਲੋਂ ਦਾਖਲ ਕੀਤੇ ਗਏ ਜਵਾਬ ‘ਚ ਸਾਬਕਾ ਐਸਐਸਪੀ ‘ਤੇ ਸਿਆਸੀ ਮਿਲੀਭੂਗਤ ਹੋਣ ਦਾ ਵੀ ਦੋਸ਼ ਲਾਇਆ ਗਿਆ ਤੇ ਕਿਹਾ ਗਿਆ ਕਿ ਸਾਬਕਾ ਐਸਐਸਪੀ ਸੰਧੂ ਸਿਆਸੀ ਪ੍ਰਭਾਵ ਦੇ ਹੇਠ ਆ ਕੇ ਝੂਠੇ ਦੋਸ਼ ਲਾ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਕੁਝ ਮਹੀਨੇ ਪਹਿਲਾਂ ਲੋਕ ਇਨਸਾਫ਼ ਪਾਰਟੀ ਦੇ ਪ੍ਰਮੁੱਖ ਸਿਮਰਜੀਤ ਸਿੰਘ ਬੈਂਸ ਨੇ ਵੀ ਅਜਿਹੀ ਹੀ ਇੱਕ ਅਰਜ਼ੀ ਉਪਰੋਕਤ ਅਦਾਲਤ ‘ਚ ਦਾਖਲ ਕੀਤੀ ਸੀ, ਜਿਸਨੂੰ ਅਦਾਲਤ ਨੇ ਪੂਰੀ ਬਹਿਸ ਸੁਣਨ ਤੋਂ ਬਾਅਦ ਕਾਨੂੰਨ ਅਨੁਸਾਰ 3 ਫਰਵਰੀ 2018 ਨੂੰ ਰੱਦ ਕਰ ਦਿੱਤਾ ਸੀ। ਉਨ੍ਹਾਂ ਸਿਮਰਜੀਤ ਬੈਂਸ ਤੇ ਸਾਬਕਾ ਐਸਐਸਪੀ ‘ਤੇ ਆਪਸੀ ਮਿਲੀਭੁਗਤ ਦਾ ਵੀ ਦੋਸ਼ ਲਾਇਆ ਤੇ ਕਿਹਾ ਕਿ ਅਖਬਾਰਾਂ ‘ਚ ਬੈਂਸ ਨੇ ਸੰਧੂ ਦਾ ਸਾਥ ਦੇਣ ਦੀ ਗ਼ੱਲ ਵੀ ਕਹੀ ਹੈ।

ਯਾਦ ਰਹੇ ਕਿ ਸਾਬਕਾ ਐਸਐਸਪੀ ਵਿਜੀਲੈਂਸ ਨੇ ਇਸ ਮਹੀਨੇ ਅਦਾਲਤ ‘ਚ ਅਰਜ਼ੀ ਦਾਖਲ ਕਰਕੇ ਮੌਜੂਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ‘ਤੇ ਆਪਸੀ ਮਿਲੀਭੁਗਤ ਹੋਣ ਦਾ ਦੋਸ਼ ਲਾਉਂਦਿਆਂ ਕਿਹਾ ਸੀ ਕਿ ਸਿਟੀ ਸੈਂਟਰ ਮਾਮਲੇ ‘ਚ ਉਨ੍ਹਾਂ ‘ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਅਦਾਲਤ ‘ਚ ਉਪਰੋਕਤ ਮਾਮਲੇ ਨੂੰ ਰੱਦ ਕਰਵਾਉਣ ਲਈ ਦਾਖਲ ਕੀਤੀ ਗਈ ਕੈਂਸਲੇਸ਼ਨ ਰਿਪੋਰਟ ‘ਚ ਆਪਣਾ ਸਹਿਯੋਗ ਦੇਣ ਤੇ ਉਨ੍ਹਾਂ ਵੱਲੋਂ ਮਨ੍ਹਾ ਕੀਤੇ ਜਾਣ ‘ਤੇ ਝੂਠੇ ਮਾਮਲੇ ‘ਚ ਫਸਾਉਣ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਇਸ ਮਾਮਲੇ ‘ਚ ਅਗਲੀ ਸੁਣਵਾਈ 3 ਅਗਸਤ ਨੂੰ ਹੋਵੇਗੀ।


LEAVE A REPLY