ਲੁਧਿਆਣਾ ਵਿਖੇ ਅਪਣੀ ਮੰਗਾਂ ਨੂੰ ਲੈਕੇ ਬਿਜਲੀ ਮੁਲਾਜ਼ਮਾਂ ਵਲੋਂ ਮੈਨੇਜਮੈਂਟ ਖਿਲਾਫ ਕੀਤਾ ਗਿਆ ਰੋਸ ਵਿਖਾਵਾ


Protest by Powercom Employees against Powercom Management in Ludhiana

ਲੁਧਿਆਣਾ – ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਮੰਨਣ ਦੇ ਬਾਵਜੂਦ ਲਾਗੂ ਨਾ ਕੀਤੇ ਜਾਣ ਕਰ ਕੇ ਪੀ. ਐੱਸ. ਈ. ਬੀ. ਸਾਂਝਾ ਫੋਰਮ ਦੇ ਸੱਦੇ ਤੇ ਮਾਡਲ ਟਾਊਨ ਡਵੀਜ਼ਨ ਵਿਚ ਮੁਲਾਜ਼ਮਾਂ ਨੇ ਪਾਵਰਕਾਮ ਮੈਨੇਜਮੈਂਟ ਖਿਲਾਫ ਰੋਸ ਵਿਖਾਵਾ ਕਰਦੇ ਹੋਏ ਨਾਅਰੇਬਾਜ਼ੀ ਕੀਤੀ। ਇਸ ਦੌਰਾਨ ਸੰਬੋਧਨ ਕਰਦੇ ਹੋਏ ਸਾਥੀ ਪ੍ਰਕਾਸ਼ ਸਿੰਘ ਮਾਨ, ਹਰਜੀਤ ਸਿੰਘ ਅਤੇ ਜਤਿੰਦਰ ਸਿੰਘ ਨੇ ਕਿਹਾ ਕਿ ਮੁਲਾਜ਼ਮ ਇਹ ਮੰਗ ਕਰਦੇ ਆ ਰਹੇ ਹਨ ਕਿ 23 ਸਾਲਾ ਸਕੇਲ ਬਿਨਾਂ ਸ਼ਰਤ ਸਾਰਿਆਂ ਨੂੰ ਦਿੱਤਾ ਜਾਵੇ, ਬੰਦ ਕੀਤੇ ਗਏ ਥਰਮਲ ਪਲਾਂਟਾਂ ਨੂੰ ਬਿਨਾਂ ਕਿਸੇ ਦੇਰ ਦੇ ਸ਼ੁਰੂ ਕੀਤਾ ਜਾਵੇ, ਬਰਾਬਰ ਕੰਮ ਅਤੇ ਬਰਾਬਰ ਤਨਖਾਹ ਦਾ ਫਾਰਮੂਲਾ ਅਮਲ ਵਿਚ ਲਿਆਂਦਾ ਜਾਵੇ, ਠੇਕੇਦਾਰੀ ਸਿਸਟਮ ਬੰਦ ਕਰ ਕੇ ਰੈਗੂਲਰ ਆਧਾਰ ਤੇ ਵਿਭਾਗ ਵਿਚ ਮੁਲਾਜ਼ਮਾਂ ਦੀ ਭਰਤੀ ਕਰ ਕੇ ਖਾਲੀ ਪਈਆਂ ਪੋਸਟਾਂ ਭਰੀਆਂ ਜਾਣ।

ਇਨ੍ਹਾਂ ਮੰਗਾਂ ਦਾ ਨਿਪਟਾਰਾ ਕਰਨ ਦੀ ਬਜਾਏ ਵਿਭਾਗ ਦਾ ਸਮੁੱਚਾ ਕੰਮਕਾਜ ਹੀ ਪ੍ਰਾਈਵੇਟ ਕੰਪਨੀਆਂ ਦੇ ਹਵਾਲੇ ਕੀਤਾ ਜਾ ਰਿਹਾ ਹੈ ਜੋ ਕਿ ਸਰਾਸਰ ਮੁਲਾਜ਼ਮਾਂ ਨਾਲ ਧੋਖਾਦੇਹੀ ਹੈ। ਉਨ੍ਹਾਂ ਇਹ ਵੀ ਐਲਾਨ ਕੀਤਾ ਕਿ 29 ਅਗਸਤ ਨੂੰ ਸੀ. ਐੱਮ. ਡੀ. ਪਾਵਰਕਾਮ ਦਫਤਰ, ਪਟਿਆਲਾ ਦੇ ਸਾਹਮਣੇ ਰੋਸ ਧਰਨਾ ਦਿੱਤਾ ਜਾਵੇਗਾ। ਫੀਲਡ ਵਿਚ ਸੀ. ਐੱਮ. ਡੀ. ਸਮੇਤ ਮੈਨੇਜਮੈਂਟ ਦੇ ਮੈਂਬਰਾਂ ਦਾ ਆਉਣ ਤੇ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਜਾਵੇਗਾ। ਸਤੰਬਰ ਦੇ ਆਖਰੀ ਹਫਤੇ ਵਿਚ ਇਕ ਦਿਨ ਦੀ ਪੂਰੀ ਹਡ਼ਤਾਲ ਕਰ ਕੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ ਜਾਵੇਗਾ। ਇਸ ਰੋਸ ਪ੍ਰਦਰਸ਼ਨ ਨੂੰ ਛਿੰਦਰਪਾਲ ਸਿੰਘ, ਅਵਤਾਰ ਸਿੰਘ ਕੰਡਾ, ਮੁਖਤਿਆਰ ਸਿੰਘ, ਹਰਦੇਵ ਸਿੰਘ, ਸ਼ਿਵ ਕੁਮਾਰ, ਨਿਰਮਲ ਸਿੰਘ, ਸੁਖਜਿੰਦਰ ਸਿੰਘ ਅਤੇ ਗੁਰਦੀਪ ਸਿੰਘ ਆਦਿ ਨੇ ਵੀ ਸੰਬੋਧਨ ਕੀਤਾ।


LEAVE A REPLY