ਪੰਜਾਬ ਸਰਕਾਰ ਵਲੋਂ ਅਧਿਆਪਕਾਂ ਦੀ ਜਬਰੀ ਤਨਖਾਹ ਕਟੌਤੀ ਅਤੇ ਦੂਰ ਕੀਤੀਆਂ ਬਦਲੀਆਂ ਖਿਲਾਫ਼ ਕੀਤਾ ਗਿਆ ਵਿਰੋਧ, 2 ਦਸੰਬਰ ਦੇ ਪਟਿਆਲਾ ਮੁਕੰਮਲ ਬੰਦ ਕਰਨ ਦਾ ਲਿਤਾ ਗਿਆ ਫੈਸਲਾ


ਲੁਧਿਆਣਾ – ਜਿਲ੍ਹੇ ਦੇ ਵੱਡੀ ਗਿਣਤੀ ਅਧਿਆਪਕਾਂ ਦੀ ਬਦਲੀ ਤੇ ਫੌਰੀ ਪ੍ਰਤੀਕਿਰਿਆ ਦਿੰਦਿਆਂ ਅੱਜ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵੱਲੋਂ ਜਿਲ੍ਹਾਂ ਸਿੱਖਿਆ ਦਫਤਰ ਲੁਧਿਆਣਾ ਦਾ ਘਿਰਾਉ ਕੀਤਾ ਗਿਆ। ਇਸ ਸਮੇਂ ਲੁਧਿਆਣਾ ਜਿਲ੍ਹੇ ਤੋਂ ਮੋਰਚੇ ਦੇ ਕੋ ਕਨਵੀਨਰ ਅਤੇ ਐੱਸ.ਐੱਸ.ਏ./ਰਮਸਾ ਅਧਿਆਪਕ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਅਮਨਦੀਪ ਸਿੰਘ ਦੱਧਾਹੂਰ ਨੇ ਦੱਸਿਆ ਕਿ ਐਸ.ਐਸ.ਏ./ਰਮਸਾ ਅਧੀਂਨ 8500 ਅਧਿਆਪਕ ਪਿਛਲੇ ਲੱਗਭੱਗ 9 ਸਾਲਾਂ ਤੋਂ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਸੇਵਾਵਾਂ ਨਿਭਾ ਰਹੇ ਹਨ ਅਤੇ ਸਿੱਖਿਆ ਅਧਿਕਾਰ ਕਾਨੂੰਨ ਸਮੇਤ ਲਗਭਗ ਅੱਧੀ ਦਰਜਨ ਦਸਤਾਵੇਜ਼ ਇਨ੍ਹਾਂ ਅਧਿਆਪਕਾਂ ਨੂੰ ਪੂਰੇ ਗਰੇਡ ਨਾਲ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਦੀ ਗਵਾਹੀ ਭਰਦੇ ਹਨ।ਪ੍ਰੰਤੂ ਪੰਜਾਬ ਸਰਕਾਰ ਵੱਲੋਂ ਆਪਣੀ ਸ਼ੋਸ਼ਣਕਾਰੀ ਨੀਤੀ ਦੇ ਚੱਲਦਿਆਂ 75% ਅਧਿਆਪਕਾਂ ਦੀ ਸਹਿਮਤੀ ਦੇ ਝੂਠੇ ਅੰਕੜਿਆਂ ਦੇ ਆਧਾਰ ਤੇ ਇਹਨਾਂ ਅਧਿਆਪਕਾਂ ਦੀ ਤਨਖਾਹ ਵਿੱਚ 75% ਤੱਕ ਦੀ ਵੱਡੀ ਕਟੌਤੀ ਕੀਤੀ ਗਈ ਹੈ।ਜਿਸ ਦੇ ਵਿਰੋਧ ਵਜੋਂ ਇਹ ਅਧਿਆਪਕ ਬੀਤੀ 7 ਅਕਤੂਬਰ ਤੋਂ ਸਾਂਝਾ ਅਧਿਆਪਕ ਮੋਰਚਾ ਦੀ ਅਗਵਾਈ ਹੇਠ ਪਟਿਆਲਾ ਵਿਖੇ ਸੰਘਰਸ਼ ਕਰ ਰਹੇ ਹਨ।

ਉਹਨਾਂ ਦੱਸਿਆ ਕਿ ਅਧਿਆਪਕਾਂ ਦੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਸੁਣਨ ਅਤੇ ਹੱਲ ਕਰਨ ਤੋਂ ਭੱਜ ਰਹੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਅਧਿਆਪਕਾਂ ਨੂੰ ਮਾਨਸਿਕ ਰੂਪ ਵਿੱਚ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।ਮੀਡੀਆਂ ਸਾਹਮਣੇ ਅਧਿਆਪਕਾਂ ਨੂੰ ਸੁਸਾਇਟੀ ਵਿੱਚ ਇਸੇ ਤਨਖਾਹ ਤੇ ਸੇਵਾਵਾਂ ਜਾਰੀ ਰੱਖਣ ਦੀ ਆਪਸ਼ਨ ਦੇਣ ਦਾ ਡਰਾਮਾ ਕਰਨ ਵਾਲੇ ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਅਧਿਆਪਕਾਂ ਤੇ ਬਦਲੀਆਂ ਦਾ ਦਬਾਅ ਬਣਾ ਉਹਨਾਂ ਨੂੰ ਕਲਿੱਕ ਕਰਨ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ ਅਤੇ ਦੂਜੇ ਪਾਸੇ ਪੂਰੇ ਪੰਜਾਬ ਵਿੱਚੋਂ ਸਿਰਫ ਕਲਿੱਕ ਨਾ ਕਰਨ ਵਾਲੇ ਅਧਿਆਪਕਾਂ ਦੀਆਂ ਦੂਜੇ ਜਿਲ੍ਹਿਆਂ ਵਿੱਚ ਪਹਿਲਾਂ ਹੀ ਕੰਮ ਕਰ ਰਹੇ ਅਧਿਆਪਕਾਂ ਦੀ ਥਾਂ ਬਦਲੀਆਂ ਕਰਕੇ ਜਾਣਬੁੱਝ ਕੇ ਖੱਜਲ ਖੁਆਰ ਕੀਤਾ ਜਾ ਰਿਹਾ ਹੈ । ਬਿਮਾਰ ਅਤੇ ਪ੍ਰਸੂਤਾ ਛੁੱਟੀ ਆਦਿ ਤੇ ਚੱਲ ਰਹੇ ਅਧਿਆਪਕਾਂ ਨੂੰ ਵੀ ਗਿਣੇ ਮਿੱਥੇ ਢੰਗ ਨਾਲ ਨਿਸ਼ਾਨੇ ਤੇ ਰੱਖਿਆ ਜਾ ਰਿਹਾ ਹੈ।ਇਸੇ ਲੜੀ ਤਹਿਤ ਕੱਲ੍ਹ ਲੁਧਿਆਣਾ ਜਿਲ੍ਹੇ ਦੇ 25 ਅਧਿਆਪਕਾਂ ਦੀਆਂ ਦੂਰ ਦੁਰਾਡੇ ਬਦਲੀਆਂ ਕੀਤੀਆਂ ਗਈਆਂ ਹਨ। ਉਹਨਾਂ ਆਖਿਆਂ ਕਿ ਇਸ ਤੋਂ ਇਲਾਵਾ ਕਲਿੱਕ ਨਾ ਕਰਨ ਵਾਲੇ ਅਧਿਆਪਕਾਂ ਦੀਆਂ 7 ਮਹੀਨਿਆਂ ਦੀ ਤਨਖਾਹ ਰੋਕ ਕੇ ਉਹਨਾਂ ਨੂੰ ਆਰਥਿਕ ਤੋਰ ਤੇ ਕਮਜ਼ੋਰ ਕੀਤਾ ਜਾ ਰਿਹਾ ਹੈ ਤਾਂ ਜੋ ਵੱਧ ਤੋਂ ਵੱਧ ਅਧਿਆਪਕਾਂ ਨੂੰ ਕਲਿੱਕ ਕਰਨ ਲਈ ਮਜ਼ਬੂਰ ਕੀਤਾ ਜਾ ਸਕੇ।

ਇਸ ਸਮੇਂ ਮੋਰਚੇ ਦੇ ਜਿਲ੍ਹਾ ਕਮੇਟੀ ਮੈਂਬਰ ਹਰਦੇਵ ਸਿੰਘ ਮੁੱਲਾਂਪੁਰ ਨੇ ਦੱਸਿਆ ਕਿ ਸਰਕਾਰੀ ਡਰਾਵਿਆਂ , ਛਲਾਵਿਆਂ, ਧਮਕੀਆਂ ਦੇ ਬਾਵਜੂਦ ਅਧਿਆਪਕ ਸੰਘਰਸ਼ ਵਿੱਚ ਡਟੇ ਹੋਏ ਹਨ ਅਤੇ ਅਧਿਆਪਕਾਂ ਨੇ ਕਲਿੱਕ ਕਰਕੇ ਸਰਕਾਰ ਵੱਲੋਂ ਜਬਰੀ ਕੀਤੀ ਜਾ ਰਹੀ ਆਰਥਿਕ ਲੁੱਟ ਨੂੰ ਮਨਜ਼ੂਰ ਕਰਨ ਦੀ ਥਾਂ ਸਿੱਖਿਆ ਵਿਭਾਗ ਵੱਲੋਂ ਕੀਤੀਆਂ ਜਾ ਰਹੀਆਂ ਜਬਰੀ ਬਦਲੀਆਂ ਨੂੰ ਖਿੜੇ ਮੱਥੇ ਕਬੂਲਦਿਆਂ ਲੰਮੀ ਦੂਰੀ ਤੇ ਸੇਵਾ ਨਿਭਾਉਣ ਨੂੰ ਤਰਜੀਹ ਦਿੰਦਿਆਂ ਸਰਕਾਰ ਦੀ ਇਸ ਤਾਨਾਸ਼ਾਹੀ ਵਿਰੁੱਧ ਡਟਣ ਦਾ ਰਸਤਾ ਚੁਣਿਆਂ ਹੈ। ਉਹਨਾਂ ਦੱਸਿਆਂ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦੇਣ ਲਈ ਅਤੇ ਅਧਿਆਪਕਾਂ ਨੂੰ ਪੂਰੀਆਂ ਤਨਖਾਹਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਵਾਉਣ ਸਮੇਤ ਸਾਂਝਾ ਅਧਿਆਪਕ ਮੋਰਚਾ ਦੇ ਮੰਗ ਪੱਤਰ ਵਿੱਚ ਦਰਜ਼ ਸਮੂਹ ਮੰਗਾਂ ਦੇ ਹੱਲ ਲਈ ਸਾਂਝਾ ਅਧਿਆਪਕ ਮੋਰਚਾ ਪੰਜਾਬ ਵੱਲੋਂ ਸਮੂਹ ਮੁਲਾਜ਼ਮ, ਮਜਦੂਰ, ਕਿਸਾਨ, ਜਮਹੂਰੀ, ਜਨਤਕ ਅਤੇ ਵਿਦਿਆਰਥੀ ਜੱਥੇਬੰਦੀਆਂ ਦੇ ਸਹਿਯੋਗ ਨਾਲ 2 ਦਸੰਬਰ ਨੂੰ ਪਟਿਆਲਾ ਵਿਖੇ ਪੂਰਨ ਬੰਦ ਕਰਨ ਦਾ ਫੈਸਲਾ ਕੀਤਾ ਗਿਆ ਹੈ ਜਿਸ ਲਈ ਸਾਂਝਾ ਅਧਿਆਪਕ ਮੋਰਚਾ ਲੁਧਿਆਣਾ ਵੱਲੋਂ ਵਧਵੀਂਆਂ ਤਿਆਰੀ ਕਰਦਿਆਂ ਅਧਿਆਪਕਾਂ ਦੇ ਸਕੂਲਾਂ ਅਤੇ ਘਰਾਂ ਤੱਕ ਪਹੁੰਚ ਕਰ ਅਧਿਆਪਕਾਂ ਨੂੰ ਲਾਮਬੰਦ ਕੀਤਾ ਜਾ ਰਿਹਾ ਹੈ।

ਇਸ ਸਮੇਂ ਸੰਘਰਸ਼ ਨੂੰ ਹੋਰ ਤੇਜ਼ ਕਰਨ ਤੇ ਵਿਚਾਰ ਚਰਚਾ ਕਰਦਿਆਂ ਸਮੂਹ ਹਾਜਿਰ ਅਧਿਆਪਕਾਂ ਨੇ ਸਰਕਾਰੀ ਜਬਰ ਅੱਗੇ ਝੁਕਣ ਦੀ ਥਾਂ ਪੂਰੀ ਤਨਖਾਹ ਅਤੇ ਪੂਰੀਆਂ ਸਹੂਲਤਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਹੋਣ ਤੱਕ ਸੰਘਰਸ਼ ਦੇ ਮੈਦਾਨ ਨੂੰ ਹੋਰ ਭਖਾਉਣ ਦਾ ਅਹਿਦ ਕੀਤਾ। ਇਸ ਸਮੇਂ ਸਮੂਹ ਹਾਜਿਰ ਮੈਬਰਾਂ ਵੱਲੋਂ “ਬੈਗ ਤੇ ਕੰਬਲ, 2 ਦਸੰਬਰ” ਦਾ ਨਾਅਰਾ ਗੁੰਜਾਉਂਦਿਆਂ ਮੰਗਾਂ ਮਸਲਿਆਂ ਦਾ ਹੱਲ ਹੋਣ ਤੱਕ ਪਟਿਆਲਾ ਵਿਖੇ ਡਟਣ ਦਾ ਅਹਿਦ ਕੀਤਾ ਗਿਆ। ਇਸ ਮੌਕੇ ਮਨਰਾਜ ਸਿੰਘ, ਜੋਗਿੰਦਰ ਆਜਾਦ, ਜਗਜੀਤ ਸਿੰਘ, ਜਸਵੀਰ ਸਿੰਘ, ਮੈਡਮ ਸਿਮਰਪ੍ਰੀਤ ਕੌਰ, ਮੈਡਮ ਮਨਦੀਪ ਕੌਰ, ਗੁਰਜੀਤ ਕੌਰ,ਪ੍ਰਦੀਪ ਭੱਲਾ, ਸਮਿਤਾ, ਜਸਮਿੰਦਰ ਕੌਰ, ਆਦਿ ਹਾਜ਼ਰ ਸਨ।


LEAVE A REPLY