ਤਨਖਾਹ ਚ ਕਟੌਤੀ ਕਰਨ ਤੋਂ ਖਫਾ ਸਾਂਝਾ ਅਧਿਆਪਕ ਮੋਰਚਾ ਨੇ ਮੰਤਰੀ ਆਸ਼ੂ ਦੀ ਰਿਹਾਇਸ਼ ਤੱਕ ਕੀਤਾ ਰੋਸ ਮਾਰਚ


Protest b y Teacher Union

ਤਨਖਾਹ ਚ ਕਟੌਤੀ ਕਰਨ ਤੋਂ ਖਫਾ ਅਧਿਆਪਕਾਂ ਨੇ ਅੱਜ ਇਕ ਵਾਰ ਫਿਰ ਪੰਜਾਬ ਸਰਕਾਰ ਦੇ ਫੂਡ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਨਿਵਾਸ ਤੱਕ ਸਰਕਾਰ ਵਿਰੋਧੀ ਨਾਅਰਿਆਂ ਦੇ ਵਿਚਕਾਰ ਰੋਸ ਮਾਰਚ ਕੀਤਾ। ਅਧਿਆਪਕਾਂ ਨੇ ਮੰਤਰੀ ਦੇ ਨਾ ਮਿਲਣ ਤੋਂ ਆਪਣੀ ਨਾਰਾਜ਼ਗੀ ਦਾ ਆਪਣੇ ਹੀ ਅੰਦਾਜ਼ ਚ ਰੋਸ ਦਰਜ ਕਰਵਾਇਆ। ਮੋਰਚੇ ਦੇ ਨੇਤਾਵਾਂ ਅਮਨਦੀਪ ਦੱਦਾਹੂਰ, ਬਿਕਰਮਜੀਤ ਕੱਦੋ, ਹਰਦੇਵ ਮੁੱਲਾਂਪੁਰ ਤੇ ਹਰੀਦੇਵ ਨੇ ਦੱਸਿਆ ਕਿ ਸੀ. ਐੱਮ. ਪੰਜਾਬ ਦੇ ਨਾਲ ਮੀਟਿੰਗ ਜ਼ਰੂਰ ਹੋਈ ਪਰ ਸਿਰਫ ਭਰੋਸੇ ਦੇ ਇਲਾਵਾ ਕੁਝ ਵੀ ਹਾਸਲ ਨਹੀਂ ਹੋਇਆ। ਉਨ੍ਹਾਂ ਦੱਸਿਆ ਕਿ 8886 ਅਧਿਆਪਕਾਂ ਦੀ ਤਨਖਾਹ ਚ 65 ਤੋਂ 75 ਫੀਸਦੀ ਤੱਕ ਦੀ ਕਟੌਤੀ ਕੀਤੀ ਗਈ ਹੈ। ਜੋ ਕਿ ਸਰਾਸਰ ਧੱਕੇਸ਼ਾਹੀ ਹੈ।

ਇਸ ਦੇ ਨਾਲ ਹੀ ਇਹ ਵੀ ਮੰਗ ਕੀਤੀ ਜਾਵੇਗੀ ਕਿ 3 ਸਾਲ ਪੂਰੇ ਕਰ ਚੁੱਕੇ 5178 ਅਧਿਆਪਕਾਂ ਦੇ ਪੈਂਡਿੰਗ ਰੈਗੂਲਰ ਦੇ ਨੋਟੀਫਿਕੇਸ਼ਨ ਤੇ ਤਨਖਾਹ ਨੂੰ ਰਿਲੀਜ਼ ਕਰਵਾਉਣ, ਆਈ. ਈ. ਆਰ. ਟੀ. ਅਧਿਆਪਕਾਂ ਨੂੰ ਰੈਗੂਲਰ ਕਰਨ, ਈ. ਜੀ. ਐੱਸ., ਏ. ਆਈ. ਈ., ਐੱਸ. ਟੀ. ਆਰ. ਤੇ ਆਈ. ਜੀ. ਵੀ. ਵਾਲੰਟੀਅਰਜ਼ ਅਧਿਆਪਕਾਂ ਸਣੇ ਸਿੱਖਿਆ ਪ੍ਰੋਵਾਈਡਰਾਂ ਨੂੰ ਸਿੱਖਿਆ ਵਿਭਾਗ ਵਿਚ ਰੈਗੂਲਰ ਕਰਨ ਦੀ ਨੀਤੀ ਬਣਾਈ ਜਾਵੇ। ਜੇਕਰ ਉਨ੍ਹਾਂ ਦੀ ਮੁੱਖ ਮੰਤਰੀ ਦੇ ਨਾਲ ਹੋਣ ਵਾਲੀ ਮੀਟਿੰਗ ਵਿਚ ਉਨ੍ਹਾਂ ਦੀਆਂ ਮੰਗਾਂ ਦਾ ਨਿਪਟਾਰਾ ਨਾ ਹੋਇਆ ਤਾਂ ਫਿਰ ਤਿੱਖੇ ਅੰਦੋਲਨ ਦਾ ਬਿਗੁਲ ਵਜਾ ਦਿੱਤਾ ਜਾਵੇਗਾ। ਇਸ ਰੋਸ ਮਾਰਚ ਨੂੰ ਹਰਜਿੰਦਰ ਸਿੰਘ, ਸ਼ਮਿੰਦਰ ਲੌਂਗੋਵਾਲ, ਬਲਦੇਵ ਸਿੰਘ, ਮਨਜੀਤ ਸਿੰਘ, ਰਾਜਵੀਰ ਸਮਰਾਲਾ, ਨਵਨੀਤ ਕੌਰ, ਮਰਜਿੰਦਰ ਕੌਰ, ਨਮਿਤਾ, ਮੀਨੂ ਜੈਨ, ਜਗਦੀਸ਼ ਕੌਰ, ਸਾਰਿਕਾ ਤੇ ਆਰਤੀ ਨੇ ਵੀ ਸੰਬੋਧਨ ਕੀਤਾ।


LEAVE A REPLY