ਨੌਜਵਾਨ ਬੱਚੇ ਵਿਦੇਸ਼ਾਂ ਚ ਜਾਣ ਦੀ ਬਜਾਏ ਦੇਸ਼ ਵਿੱਚ ਹੀ ਸਹਾਇਕ ਧੰਦੇ ਅਪਣਾਅ ਕੇ ਰੋਜ਼ਗਾਰ ਤੇ ਪੈਸਾ ਕਮਾਉਣ – ਪਸ਼ੂ ਪਾਲਣ ਮੰਤਰੀ


ਸਮਰਾਲਾ/ਲੁਧਿਆਣਾ –ਪੰਜਾਬ ਰਾਜ ਦੇ ਨੌਜਵਾਨ ਬੱਚੇ ਵਿਦੇਸ਼ਾਂ ਵਿੱਚ ਜਾਣ ਲਈ ਹਰਕੇ ਸਾਲ ਹਜ਼ਾਰਾਂ ਕਰੋੜ ਰੁਪਏ ਖਰਚ ਕਰ ਰਹੇ ਹਨ। ਪੰਜਾਬ ਸਰਕਾਰ ਦਾ ਉਪਰਾਲਾ ਹੈ ਕਿ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਫਾਰਮ ਵਾਸਤੇ ਸੂਬੇ ਦੇ ਨੌਜਵਾਨ ਬੱਚਿਆਂ ਨੂੰ ਪ੍ਰੇਰਿਤ ਕੀਤਾ ਜਾਵੇ ਤਾਂ ਜੋ ਇਸ ਧੰਦੇ ਵਿੱਚ ਲਗਾ ਕੇ ਉਨ੍ਹਾਂ ਨੂੰ ਦੇਸ਼ ਚ ਹੀ ਰੁਜ਼ਗਾਰ ਮੁਹੱਈਆ ਕਰਵਾਇਆ ਜਾਵੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸ੍ਰ. ਬਲਬੀਰ ਸਿੰਘ ਸਿੱਧੂ ਪਸ਼ੂ ਪਾਲਣ ਮੰਤਰੀ, ਪੰਜਾਬ ਨੇ ਪਸ਼ੂ ਪਾਲਣ ਹਸਪਤਾਲ ਸਮਰਾਲਾ ਵਿਖੇ 5 ਦਿਨਾਂ ਸੂਰ ਅਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਦੇ ਸਮਾਪਤੀ ਸਮਾਰੋਹ ਦੌਰਾਨ ਸੰਬੋਧਨ ਕਰਦਿਆਂ ਕੀਤਾ। ਸ੍ਰ. ਸਿੱਧੂ ਨੇ ਕਿਹਾ ਕਿ ਨੌਜਵਾਨ ਬੱਚਿਆਂ ਨੂੰ ਇਨ੍ਹਾਂ ਕਿੱਤਿਆਂ ਨਾਲ ਵੱਧ ਤੋਂ ਵੱਧ ਜੋੜਿਆ ਜਾਵੇਗਾ ਤਾਂ ਜੋ ਉਨ੍ਹਾਂ ਨੂੰ ਨਸ਼ਿਆਂ ਤੋਂ ਵੀ ਬਚਾਇਆ ਜਾ ਸਕੇ। ਸ੍ਰ. ਸਿੱਧੂ ਨੇ ਕਿਹਾ ਕਿ ਸਾਡੇ ਨੌਜਵਾਨਾਂ ਨੂੰ ਵਿਦੇਸ਼ਾਂ ਵਿੱਚ ਜਾ ਕੇ 18-18 ਘੰਟੇ ਲੇਬਰ ਦਾ ਕੰਮ ਕਰਨਾ ਪੈਂਦਾ ਹੈ ਜਦਕਿ ਇਨ੍ਹਾਂ ਕਿੱਤਿਆ ਚ ਇਸ ਤੋਂ ਅੱਧਾ ਸਮਾਂ ਲਗਾ ਕੇ ਵੀ ਵਧੀਆ ਰੁਜ਼ਗਾਰ ਅਤੇ ਪੈਸਾ ਕਮਾਇਆ ਜਾ ਸਕਦਾ ਹੈ। ਇਨ੍ਹਾਂ ਕਿੱਤਿਆਂ ਨਾਲ ਜੁੜਨ ਨਾਲ ਨੌਜਵਾਨ ਬੱਚਿਆਂ ਨੂੰ ਨਸ਼ਿਆਂ ਤੋਂ ਵੀ ਬਚਾਇਆ ਜਾ ਸਕਦਾ ਹੈ।

ਸ੍ਰ. ਸਿੱਧੂ ਨੇ ਕਿਹਾ ਕਿ ਮੱਤੇਵਾੜਾ ਪਸ਼ੂ ਪਾਲਣ ਫਾਰਮ ਦੇ ਹਾਲਾਤ ਦੇਖ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਸ਼ੂ ਪਾਲਣ ਵਿਭਾਗ @ਚ ਅਧਿਕਾਰੀ/ਕਰਮਚਾਰੀ ਸਹੀ ਢੰਗ ਨਾਲ ਡਿਊਟੀ ਨਹੀਂ ਨਿਭਾਉਣਗੇ ਉਨ੍ਹਾਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਅਤੇ ਜਿਹੜੇ ਅਧਿਕਾਰੀ ਚੰਗਾ ਕੰਮ ਕਰਨਗੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ ਜਾਵੇਗਾ ਅਤੇ ਪਸ਼ੂ ਪਾਲਣ ਵਿਭਾਗ ਦਾ ਵੱਡੇ ਪੱਧਰ ਤੇ ਸੁਧਾਰ ਕੀਤਾ ਜਾਵੇਗਾ। ਸ੍ਰ. ਸਿੱਧੂ ਨੇ ਪਸ਼ੂ ਪਾਲਣ ਵਿਭਾਗ ਵੱਲੋਂ ਆਤਮਾ ਸਕੀਮ ਅਧੀਨ ਗਰੀਬ ਪਸ਼ੂ ਪਾਲਕਾਂ ਅਤੇ ਕਿਸਾਨਾਂ ਨੂੰ ਇੱਕ-ਇੱਕ ਬੱਕਰੀ ਅਤੇ ਮੱਕੀ ਦੀ ਵੰਡੀ ਕੀਤੀ ਗਈ ਤਾਂ ਜੋ ਇਹ ਗਰੀਬ ਕਿਸਾਨ/ਪਸ਼ੂ ਪਾਲਕ ਇਸ ਧੰਦੇ ਨੂੰ ਅਪਣਾਅ ਸਕਣ। ਉਨ੍ਹਾਂ ਵੱਲੋਂ ਇਸ ਮੌਕੇ ਬੱਕਰੀ ਪਾਲਣ ਅਤੇ ਸੂਰ ਪਾਲਣ ਦੇ ਧੰਦੇ ਨੂੰ ਪ੍ਰਫੁੱਲਿਤ ਕਰਨ ਲਈ 5 ਦਿਨਾਂ ਦੀ ਸਿਖਲਾਈ ਦੇ ਟ੍ਰੇਨਿੰਗ ਸਰਟੀਫਿਕੇਟ ਵੀ ਦਿੱਤੇ ਗਏ।

ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਇੰਦਰਜੀਤ ਸਿੰਘ ਨੇ ਕਿਸਾਨਾਂ/ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਉਹ ਦੇਸੀ ਮੱਝਾਂ ਅਤੇ ਗਾਵਾਂ ਦੀ ਨਸਲ ਨੂੰ ਪ੍ਰਫੁੱਲਿਤ ਕਰਕੇ ਡੇਅਰੀ ਧੰਦੇ ਦੇ ਤੌਰ ਤੇ ਅਪਣਾਇਆ ਜਾਵੇ। ਉਨ੍ਹਾਂ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਕਿਸਾਨਾਂ/ਪਸ਼ੂ ਪਾਲਕਾਂ ਨਾਲ ਅਹਿਮ ਜਾਣਕਾਰੀਆਂ ਸਾਂਝੀਆਂ ਕੀਤੀਆਂ। ਇਸ ਮੌਕੇ ਹਲਕਾ ਵਿਧਾਇਕ ਸ਼੍ਰੀ ਅਮਰੀਕ ਸਿੰਘ ਢਿੱਲੋਂ ਨੇ ਵੀ ਸਮਾਗਮ ਨੂੰ ਸੰਬੋਧਨ ਕੀਤਾ ਅਤੇ ਉਨ੍ਹਾਂ ਦੇ ਹਲਕੇ ਵਿੱਚ ਸ੍ਰ. ਬਲਬੀਰ ਸਿੰਘ ਸਿੱਧੂ, ਪਸ਼ੂ ਪਾਲਣ ਮੰਤਰੀ, ਪੰਜਾਬ ਦਾ ਆਉਣ ਤੇ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਪ ਮੰਡਲ ਮੈਜਿਸਟਰੇਟ ਗੀਤਕਾ ਸਿੰਘ, ਸੀਨੀਅਰ ਪੁਲਿਸ ਕਪਤਾਨ ਖੰਨਾ ਸ਼੍ਰੀ ਧਰੁਵ ਦਹੀਆ, ਡਾ. ਅਸ਼ੋਕ ਸ਼ਰਮਾ ਪਸ਼ੂ ਪਾਲਣ ਵਿਭਾਗ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਉੱਚ ਅਧਿਕਾਰੀ ਹਾਜ਼ਰ ਸਨ।


LEAVE A REPLY