ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਲੁਧਿਆਣਾ ਦੌਰਾ 21 ਨੂੰ, ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਫ਼ਤਰ ਦਾ ਕਰਨਗੇ ਉਦਘਾਟਨ


Amarinder singh

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮਿਤੀ 21 ਨਵੰਬਰ, 2018 ਦਿਨ ਬੁੱਧਵਾਰ ਨੂੰ ਲੁਧਿਆਣਾ ਦਾ ਦੌਰਾ ਕਰਨ ਆ ਰਹੇ ਹਨ, ਜਿਸ ਦੌਰਾਨ ਉਹ ਜਿੱਥੇ ਜ਼ਿਲਾ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦਫ਼ਤਰ ਦਾ ਉਦਘਾਟਨ ਕਰਨਗੇ, ਉਥੇ ਹੀ ਉਹ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਜਾ ਰਹੇ ਜ਼ਿਲਾ ਪੱਧਰੀ ਕੈਂਪ ਅਤੇ ਪਹਿਲੇ ਵਿਸ਼ਵ ਯੁੱਧ ਨੂੰ 100 ਸਾਲ ਮੁਕੰਮਲ ਹੋਣ ‘ਤੇ ਕਰਵਾਏ ਜਾ ਰਹੇ ਵਿਸ਼ੇਸ਼ ਰਾਜ ਪੱਧਰੀ ਸਮਾਗਮ ਵਿੱਚ ਵੀ ਸ਼ਿਰਕਤ ਕਰਨਗੇ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨੌਜਵਾਨਾਂ ਨੂੰ ਕਿੱਤੇ ਦੇ ਕਾਬਿਲ ਬਣਾਉਣ ਅਤੇ ਉਨਾਂ ਨੂੰ ਯੋਗਤਾ ਮੁਤਾਬਿਕ ਨੌਕਰੀਆਂ ਮੁਹੱਈਆ ਕਰਾਉਣ ਲਈ ਵਿਸ਼ੇਸ਼ ਤਰਜੀਹ ਦਿੱਤੀ ਜਾ ਰਹੀ ਹੈ। ਇਸੇ ਮਕਸਦ ਤਹਿਤ ਜ਼ਿਲਾ ਪੱਧਰੀ ਰੋਜ਼ਗਾਰ ਅਤੇ ਕਾਰੋਬਾਰ ਬਿਉਰੋ ਦੀ ਸਥਾਪਤੀ ਕੀਤੀ ਗਈ ਹੈ, ਜਿਸ ਦਾ ਉਦਘਾਟਨ ਮੁੱਖ ਮੰਤਰੀ ਵੱਲੋਂ ਸਵੇਰੇ 10.30 ਵਜੇ ਸਥਾਨਕ ਪ੍ਰਤਾਪ ਸਿੰਘ ਚੌਕ ਵਿਖੇ ਕੀਤਾ ਜਾਵੇਗਾ। ਇਸ ਦੌਰਾਨ ਮੁੱਖ ਮੰਤਰੀ ਵੱਲੋਂ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਵੱਲੋਂ ਤਿਆਰ ਵਿਸ਼ੇਸ਼ ਪੋਰਟਲ ਵੀ ਲਾਂਚ ਕੀਤਾ ਜਾਵੇਗਾ।

ਇਸ ਉਪਰੰਤ ਮੁੱਖ ਮੰਤਰੀ ਸਥਾਨਕ ਸਰਕਾਰੀ ਕਾਲਜ (ਲੜਕੀਆਂ) ਭਾਰਤ ਨਗਰ ਵਿਖੇ ਮਹਾਤਮਾ ਗਾਂਧੀ ਸਰਬੱਤ ਵਿਕਾਸ ਯੋਜਨਾ ਤਹਿਤ ਲਗਾਏ ਜਾ ਰਹੇ ਜ਼ਿਲਾ ਪੱਧਰੀ ਕੈਂਪ ਵਿੱਚ ਸ਼ਮੂਲੀਅਤ ਕਰਨਗੇ। ਇਸ ਕੈਂਪ ਦੌਰਾਨ ਜਿੱਥੇ ਉਹ ਵੱਖ-ਵੱਖ ਯੋਜਨਾਵਾਂ ਦੇ ਯੋਗ ਲਾਭਪਾਤਰੀਆਂ ਨੂੰ ਯੋਗਤਾ ਸਰਟੀਫਿਕੇਟਾਂ ਦੀ ਵੰਡ ਕਰਨਗੇ, ਉਥੇ ਹੀ ਉਹ ਇਸ ਯੋਜਨਾ ਤਹਿਤ ਪ੍ਰਾਪਤ ਕੀਤੇ ਗਏ ਟੀਚਿਆਂ ਦੀ ਪ੍ਰਾਪਤੀ ਬਾਰੇ ਵੀ ਵੇਰਵਾ ਪੇਸ਼ ਕਰਨਗੇ। ਸਮਾਗਮ ਨੂੰ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਅਤੇ ਹੋਰ ਪ੍ਰਮੁੱਖ ਸਖ਼ਸ਼ੀਅਤਾਂ ਵੀ ਸੰਬੋਧਨ ਕਰਨਗੀਆਂ। ਸ੍ਰੀ ਅਗਰਵਾਲ ਨੇ ਦੱਸਿਆ ਕਿ ਪਹਿਲੇ ਵਿਸ਼ਵ ਯੁੱਧ ਨੂੰ 100 ਸਾਲ ਮੁਕੰਮਲ ਹੋਣ ‘ਤੇ ਪੰਜਾਬ ਸਰਕਾਰ ਵੱਲੋਂ ਵਿਸ਼ੇਸ਼ ਰਾਜ ਪੱਧਰੀ ਸਮਾਗਮ ਮਹਾਰਾਜਾ ਰਣਜੀਤ ਸਿੰਘ ਵਾਰ ਮਿਊਜ਼ੀਅਮ, ਜਲੰਧਰ ਸੜਕ, ਲੁਧਿਆਣਾ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਮਾਗਮ ਦੌਰਾਨ ਮੁੱਖ ਮੰਤਰੀ ਪਹਿਲੇ ਵਿਸ਼ਵ ਯੁੱਧ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਨਗੇ ਅਤੇ ਵਿਸ਼ਵ ਯੁੱਧ ਨਾਲ ਜੁੜੇ ਸਾਬਕਾ ਫੌਜੀ ਅਧਿਕਾਰੀਆਂ ਜਾਂ ਉਨਾਂ ਦੇ ਪਿੱਛੇ ਰਹਿੰਦੇ ਪਰਿਵਾਰਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਿਤ ਕਰਨਗੇ। ਸ੍ਰੀ ਅਗਰਵਾਲ ਨੇ ਇਨਾਂ ਸਮਾਗਮਾਂ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸਾਰੇ ਸਥਾਨਾਂ ਦਾ ਦੌਰਾ ਕੀਤਾ ਅਤੇ ਅਧਿਕਾਰੀਆਂ ਨੂੰ ਬਣਦੀਆਂ ਹਦਾਇਤਾਂ ਜਾਰੀ ਕੀਤੀਆਂ। ਉਨਾਂ ਕਿਹਾ ਕਿ ਇਨਾਂ ਸਾਰੇ ਸਮਾਗਮਾਂ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਇਸ ਮੌਕੇ ਉਨਾਂ ਨਾਲ ਵਧੀਕ ਡਿਪਟੀ ਕਮਿਸ਼ਨਰ (ਵ) ਡਾ. ਸ਼ੇਨਾ ਅਗਰਵਾਲ, ਵਧੀਕ ਡਿਪਟੀ ਕਮਿਸ਼ਨਰ (ਜਗਰਾਂਉ) ਸ੍ਰੀਮਤੀ ਨੀਰੂ ਕਤਿਆਲ ਗੁਪਤਾ, ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰ. ਇਕਬਾਲ ਸਿੰਘ ਸੰਧੂ, ਐੱਸ. ਡੀ. ਐੱਮ. ਸ੍ਰ. ਦਮਨਜੀਤ ਸਿੰਘ ਮਾਨ, ਐੱਸ. ਡੀ. ਐੱਮ. ਲੁਧਿਆਣਾ ਸ੍ਰ. ਅਮਰਜੀਤ ਸਿੰਘ ਬੈਂਸ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।

  • 7
    Shares

LEAVE A REPLY