ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਯੋਜਨਾ ਨੂੰ ਬੂਰ ਪੈਣਾ ਜਾਰੀ -ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਲੁਧਿਆਣਾ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਮਿਲੀ ਨੌਕਰੀ


 

Punjab Government's Ghar- Ghar Rozgar Scheme Continues to Bear Fruits

ਲੁਧਿਆਣਾ – ਪੰਜਾਬ ਸਰਕਾਰ ਵੱਲੋਂ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਜਿੱਥੇ ਨੌਜਵਾਨਾਂ ਨੂੰ ਉਨਾਂ ਦੀ ਕਾਬਲੀਅਤ ਮੁਤਾਬਿਕ ਹੁਨਰਮੰਦ ਕੀਤਾ ਜਾ ਰਿਹਾ ਹੈ ਉਥੇ ਉਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਨੌਕਰੀਆਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਦੀ ਇਸ ਘਰ-ਘਰ ਰੋਜ਼ਗਾਰ ਯੋਜਨਾ ਨੂੰ ਪੂਰੀ ਤਰਾਂ ਬੂਰ ਪੈਣਾ ਜਾਰੀ ਹੈ। ਸਥਾਨਕ ਗਿੱਲ ਰੋਡ ਉਪਰ ਚੱਲ ਰਹੇ ਮਲਟੀ ਸਕਿੱਲ ਡਿਵੈੱਲਪਮੈਂਟ ਸੈਂਟਰ ਦੇ ਸੀ. ਐੱਨ. ਸੀ. ਆਪਰੇਟਰ ਕੋਰਸ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਕੋਰਸ ਦੇ ਖ਼ਤਮ ਹੁੰਦਿਆਂ ਸਾਰ ਹੀ ਸ਼ਹਿਰ ਦੀਆਂ ਵੱਖ-ਵੱਖ ਸਨਅਤੀ ਇਕਾਈਆਂ ਵੱਲੋਂ ਨੌਕਰੀ ਉੱਪਰ ਰੱਖ ਲਿਆ ਗਿਆ ਹੈ।

ਇਸ ਸੰਸਥਾ ਵਿੱਚ ਇਸ ਕੋਰਸ ਦੇ ਇੱਕ ਬੈਚ ਵਿੱਚ 26 ਸਿਖਿਆਰਥੀਆਂ ਨੇ ਟਰੇਨਿੰਗ ਲਈ ਸੀ, ਜਿਸ ਵਿੱਚੋਂ 12 ਸਿਖਿਆਰਥੀਆਂ ਨੂੰ ਹਾਈਵੇਜ਼ ਇੰਡਸਟਰੀਜ਼ ਨੇ, 6 ਸਿੱਖਿਆਰਥੀਆਂ ਨੂੰ ਯੇਰਿਕ ਇੰਟਰਨੈਸ਼ਨਲ ਕੰਪਨੀ ਅਤੇ 2 ਸਿੱਖਿਆਰਥੀਆਂ ਨੂੰ ਮੈਚਵੈੱਲ ਕੰਪਨੀ ਨੇ ਨੌਕਰੀ ਪ੍ਰਦਾਨ ਕੀਤੀ ਹੈ। ਜਦਕਿ ਬਾਕੀ ਸਿੱਖਿਆਰਥੀਆਂ ਨੇ ਸਵੈ-ਰੋਜ਼ਗਾਰ ਵਾਲੇ ਪਾਸੇ ਜਾਣ ਦਾ ਫੈਸਲਾ ਕੀਤਾ ਹੈ ਅਤੇ ਉਸਨੂੰ ਸੰਸਥਾ ਅਤੇ ਜ਼ਿਲਾ ਪ੍ਰਸਾਸ਼ਨ ਵੱਲੋਂ ਹਰ ਸੰਭਵ ਸਹਿਯੋਗ ਦਿੱਤਾ ਜਾ ਰਿਹਾ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਜਿੰਨੇ ਬੈਚ ਆਪਣੀ ਸਿਖ਼ਲਾਈ ਮੁਕੰਮਲ ਕਰਕੇ ਗਏ ਹਨ, ਉਨਾਂ ਦੇ ਜਿਆਦਾਤਰ ਸਿੱਖਿਆਰਥੀਆਂ ਨੂੰ ਤੁਰੰਤ ਨੌਕਰੀ ਮਿਲ ਰਹੀ ਹੈ, ਬਾਕੀ ਰਹਿੰਦੇ ਸਿੱਖਿਆਰਥੀ ਆਪਣਾ ਰੋਜ਼ਗਾਰ ਸ਼ੁਰੂ ਕਰ ਲੈਂਦੇ ਹਨ।

ਸੰਸਥਾ ਦੇ ਇੰਚਾਰਜ ਸ੍ਰੀ ਪੁਸ਼ਕਰ ਮਿਸ਼ਰਾ ਅਤੇ ਕੋਰਸ ਦੇ ਇੰਸਟਰੱਕਟਰ ਸ੍ਰ. ਜਤਿੰਦਰਪਾਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਸੰਸਥਾ ਮਾਰਚ 2017 ਵਿੱਚ ਸ਼ੁਰੂ ਹੋਈ ਸੀ, ਜਿਸ ਦੌਰਾਨ ਇਥੇ ਸਿੱਖਿਆ ਹਾਸਲ ਕਰਨ ਵਾਲੇ 70 ਫੀਸਦੀ ਵਿਦਿਆਰਥੀਆਂ ਨੂੰ ਨੌਕਰੀ ਮਿਲ ਗਈ ਹੈ ਅਤੇ ਉਹ ਵਧੀਆ ਤਨਖਾਹਾਂ ਲੈ ਰਹੇ ਹਨ। ਜਦਕਿ 30 ਫੀਸਦੀ ਵਿਦਿਆਰਥੀ ਆਪਣਾ ਰੋਜ਼ਗਾਰ ਸ਼ੁਰੂ ਕਰਨ ਵਾਲੇ ਪਾਸੇ ਗਏ ਹਨ। ਉਨਾਂ ਕਿਹਾ ਕਿ ਸੀ. ਐੱਨ. ਸੀ. ਆਪਰੇਟਰ ਕੋਰਸ ਪਾਸ ਵਿਦਿਆਰਥੀਆਂ ਨੂੰ ਸ਼ੁਰੂਆਤ ਵਿੱਚ ਹੀ 13500 ਰੁਪਏ ਪ੍ਰਤੀ ਮਹੀਨਾ ਤਨਖਾਹ ਮਿਲੇਗੀ, ਜੋ ਕਿ ਹੌਲੀ-ਹੌਲੀ ਤਜ਼ਰਬੇ ਨਾਲ ਵਧਦੀ ਜਾਵੇਗੀ। ਓਵਰਟਾਈਮ ਅਲੱਗ ਮਿਲਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੇ ਆਦੇਸ਼ਾਂ ਦੀ ਪਾਲਣਾ ਕਰਦਿਆਂ ਉਨਾਂ ਦੀ ਸੰਸਥਾ ਨੌਜਵਾਨਾਂ ਨੂੰ ਉਨਾਂ ਦੀ ਯੋਗਤਾ ਮੁਤਾਬਿਕ ਹੁਨਰਮੰਦ ਕਰਨ ਅਤੇ ਨੌਕਰੀ ਦਿਵਾਉਣ ਲਈ ਦ੍ਰਿੜ ਯਤਨਸ਼ੀਲ ਹੈ।

ਉਨਾਂ ਕਿਹਾ ਕਿ ਸੰਸਥਾ ਵੱਲੋਂ ਸਿਖਿਆਰਥੀਆਂ ਨੂੰ ਘੱਟ ਸਮੇਂ ਵਾਲੇ 8 ਕੋਰਸ ਬਿਲਕੁਲ ਮੁਫਤ ਕਰਵਾਏ ਜਾ ਰਹੇ ਹਨ। ਇਸਦੇ ਨਾਲ ਹੀ ਵਰਦੀ, ਸਿਖ਼ਲਾਈ ਅਤੇ ਹੋਰ ਸਿੱਖਿਆ ਸਮੱਗਰੀ ਬਿਲਕੁਲ ਮੁਫ਼ਤ ਮੁਹੱਈਆ ਕਰਵਾਈ ਜਾਂਦੀ ਹੈ। ਦਾਖ਼ਲਾ ਲੈਣ ਵਾਲੇ ਵਿਦਿਆਰਥੀ 10ਵੀਂ ਜਾਂ 12ਵੀਂ ਪਾਸ ਹੋਣੇ ਜ਼ਰੂਰੀ ਹਨ। ਇਥੇ ਇਹ ਵੀ ਵਿਸ਼ੇਸ਼ ਤੌਰ ਉੱਪਰ ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਘਰ-ਘਰ ਰੋਜ਼ਗਾਰ ਯੋਜਨਾ ਤਹਿਤ ਸੂਬੇ ਭਰ ਦੇ 8.21 ਲੱਖ ਨੌਜਵਾਨਾਂ ਨੂੰ ਨੌਕਰੀ (ਸਰਕਾਰੀ ਜਾਂ ਨਿੱਜੀ) ਮੁਹੱਈਆ ਕਰਵਾਈ ਹੈ ਜਾਂ ਸਵੈ-ਰੋਜ਼ਗਾਰ ਦੇ ਨਾਲ ਜੋੜਿਆ ਹੈ।

ਸ੍ਰੀ ਪੁਸ਼ਕਰ ਨੇ ਕਿਹਾ ਕਿ ਸੰਸਥਾ ਵਿੱਚ ਦੋ ਨਵੇਂ ਕੋਰਸ ਅਸਿਸਟੈਂਟ ਇਲੈਕਟ੍ਰੀਸ਼ਨ ਅਤੇ ਰੈਫਰੀਜੀਰੇਸ਼ਨ ਏਅਰ ਕੰਡੀਸ਼ਨਡ ਵਾਸ਼ਿੰਗ ਸ਼ੁਰੂ ਕੀਤੇ ਗਏ ਹਨ। ਇਨਾਂ ਸਾਰੇ ਕੋਰਸਾਂ ਲਈ ਦਾਖ਼ਲੇ ਸ਼ੁਰੂ ਹੋ ਚੁੱਕੇ ਹਨ। ਸਿੱਖਿਆਰਥੀਆਂ ਨੂੰ ਇਨਾਂ ਕੋਰਸਾਂ ਵਿੱਚ ਦਾਖ਼ਲਾ ਲੈ ਕੇ ਆਪਣੇ ਪੈਰਾਂ ‘ਤੇ ਖੜੇ ਹੋਣ ਲਈ ਹੰਭਲਾ ਮਾਰਨਾ ਚਾਹੀਦਾ ਹੈ।


LEAVE A REPLY