ਕੈਪਟਨ ਸਰਕਾਰ ਨੇ ਸੂਬੇ ਦੇ ਲੋਕਾਂ ਨੂੰ ਦਿਤਾ ਨਵੇਂ ਸਾਲ ਦਾ ਤੋਹਫਾ


Captain Amarinder Singh

ਪੰਜਾਬ ਸਰਕਾਰ ਨੇ ਪੰਜਾਬੀਆਂ ਨੂੰ ਨਵੇਂ ਸਾਲ ਦਾ ਤੋਹਫਾ ਦਿੱਤਾ ਹੈ। ਹੁਣ ਪੰਜਾਬ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਨਵੇਂ ਸਾਲ ਦੇ ਪਹਿਲੇ ਦਿਨ ਤੋਂ ਮੁਫ਼ਤ ਖ਼ੂਨ ਦੀ ਸਹੂਲਤ ਦਿੱਤੀ ਜਾਵੇਗੀ। ਮਿਸ਼ਨ ‘ਤੰਦਰੁਸਤ ਪੰਜਾਬ’ ਤਹਿਤ ਸੂਬੇ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਨੂੰ ਬਲੱਡ ਤੇ ਬਲੱਡ ਕੰਪੋਨੈਂਟਸ ਮੁਫ਼ਤ ਦਿੱਤੇ ਜਾਣਗੇ।

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਮੁਫ਼ਤ ਖ਼ੂਨ ਮੁਹੱਈਆ ਕਰਵਾਉਣ ਦੇ ਨਾਲ ਹੀ ਸਾਰੇ ਹਸਪਤਾਲਾਂ ਵਿੱਚ ਖ਼ੂਨ ਦੀ 24 ਘੰਟੇ ਉਪਲੱਬਧਤਾ ਯਕੀਨੀ ਬਣਾਈ ਜਾਵੇਗੀ। ਸਰਕਾਰ ਦੇ ਇਸ ਕਦਮ ਨਾਲ ਸੂਬੇ ਭਰ ਦੇ ਉਨ੍ਹਾਂ ਹਜ਼ਾਰਾਂ ਮਰੀਜ਼ਾਂ ਨੂੰ ਲਾਭ ਮਿਲੇਗਾ, ਜਿਨ੍ਹਾਂ ਨੂੰ ਸਿਵਲ ਹਸਪਤਾਲਾਂ ਤੇ ਸਰਕਾਰੀ ਮੈਡੀਕਲ ਕਾਲਜਾਂ ਵਿੱਚ ਪ੍ਰੋਸੈਸਿੰਗ ਚਾਰਜ ਵਜੋਂ ਪ੍ਰਤੀ ਯੂਨਿਟ ਬਲੱਡ ਦੇ 300 ਤੇ 500 ਰੁਪਏ ਅਦਾ ਕਰਨੇ ਪੈਂਦੇ ਸਨ।

ਹੁਣ ਤੋਂ ਸਰਕਾਰੀ ਹਸਪਤਾਲਾਂ ਵਿੱਚ ਬਲੱਡ ਤੇ ਬਲੱਡ ਕੰਪੋਨੈਂਟਸ, ਜਿਨ੍ਹਾਂ ਵਿੱਚ ਪੈਕਡ ਆਰਬੀਸੀ, ਫ੍ਰੈੱਸ਼ ਫਰੋਜ਼ਨ ਪਲਾਜ਼ਮਾ, ਕਰਾਇਓਪ੍ਰੈਸੀਪੀਟੇਟ, ਪਲੇਟਲੈੱਟਸ ਭਰਪੂਰ ਪਲਾਜ਼ਮਾ, ਪਲੇਟਲੈੱਟਸ ਕੌਨਸਨਟਰੇਟ ਸ਼ਾਮਲ ਹਨ, ਮਰੀਜ਼ਾਂ ਨੂੰ ਮੁਫ਼ਤ ਮੁਹੱਈਆ ਕਰਵਾਏ ਜਾਣਗੇ। ਉਨ੍ਹਾਂ ਦੱਸਿਆ ਕਿ ਪੰਜਾਬ ਵਿੱਚ ਕੁੱਲ 116 ਬਲੱਡ ਬੈਂਕ ਹਨ, ਜਿਨ੍ਹਾਂ ਵਿੱਚੋਂ 46 ਸਰਕਾਰ ਦੁਆਰਾ, 6 ਫ਼ੌਜ ਦੁਆਰਾ ਤੇ 64 ਬਲੱਡ ਬੈਂਕ ਪ੍ਰਾਈਵੇਟ ਸੰਸਥਾਵਾਂ ਦੁਆਰਾ ਚਲਾਏ ਜਾ ਰਹੇ ਹਨ।

ਉਨ੍ਹਾਂ ਕਿਹਾ ਕਿ ਪਿਛਲੇ ਸਾਲ ਦੌਰਾਨ ਸਰਕਾਰੀ ਬਲੱਡ ਬੈਂਕਾਂ ਦੁਆਰਾ ਬਲੱਡ ਦੇ 2 ਲੱਖ 26 ਹਜ਼ਾਰ ਯੂਨਿਟ ਇਕੱਤਰ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਤਹਿਤ ਸਾਰਾ ਖ਼ਰਚਾ ਸੂਬਾ ਸਰਕਾਰ ਵੱਲੋਂ ਚੁੱਕਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਵੱਲੋਂ ‘ਈ-ਰਕਤਕੋਸ਼’ ਵੈੱਬ ਪੋਰਟਲ ਸ਼ੁਰੂ ਕੀਤਾ ਗਿਆ ਹੈ। ਇਹ ਵੈੱਬ ਸਹੂਲਤ ਵਿਸ਼ੇਸ਼ ਬਲੱਡ ਗਰੁੱਪ ਤੇ ਬਲੱਡ ਕੰਪੋਨੈਂਟਸ ਦੀ ਉਪਲੱਬਧਤਾ ਤੇ ਵਿਸ਼ੇਸ਼ ਬਲੱਡ ਬੈਂਕ ਵਿੱਚ ਇਸ ਦੀ ਮਿਕਦਾਰ ਚੈੱਕ ਕਰਨ ਲਈ ਸਾਰੇ ਜ਼ਰੂਰਤਮੰਦਾਂ ਲਈ ਸਹਾਈ ਸਿੱਧ ਹੋਵੇਗੀ।


LEAVE A REPLY