ਪੰਜਾਬ ਸਰਕਾਰ ਲੜਕੀਆਂ ਲਈ ਵੱਖਰੀ ਖੇਡ ਨੀਤੀ ਬਣਾਵੇ – ਰਾਜਬੀਰ ਕੌਰ


Punjab Government Should Create Separate Sports Policy for Girls says Rajbir Kaur

ਲੁਧਿਆਣਾ – ਭਾਰਤੀ ਹਾਕੀ ਟੀਮ ਦੀ ਗੋਲਡਨ ਗਰਲ ਵਜੋਂ ਜਾਣੀ ਜਾਂਦੀ ਅਰਜੁਨਾ ਐਵਾਰਡੀ ਹਾਕੀ ਖਿਡਾਰਣ ਰਾਜਬੀਰ ਕੌਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਸੂਬੇ ਵਿਚ ਲੜਕੀਆਂ ਨੂੰ ਖੇਡਾਂ ਪ੍ਰਤੀ ਉਤਸ਼ਾਹਿਤ ਕਰਨ ਲਈ ਲੜਕੀਆਂ ਲਈ ਇਕ ਵੱਖਰੀ ਖੇਡ ਨੀਤੀ ਬਣਾਉਣੀ ਚਾਹੀਦੀ ਹੈ। ਚਾਰ ਏਸ਼ੀਅਨ ਖੇਡਾਂ ਵਿਚ ਭਾਰਤ ਦੀ ਪ੍ਰਤੀਨਿਧਤਾ ਕਰਨ ਵਾਲੀ 1982 ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਖਿਡਾਰਣ ਰਾਜਬੀਰ ਕੌਰ ਨੇ ਪੰਜਾਬ ਖੇਡ ਮੰਤਰੀ ਸ. ਗੁਰਮੀਤ ਸਿੰਘ ਰਾਣਾ ਸੋਢੀ ਵੱਲੋਂ ਕੈਰੋਂ ਖੇਡ ਵਿੰਗ (ਤਰਨਤਾਰਨ) ਨੂੰ ਬਹਾਲ ਕਰਨ ਦੀ ਪਹਿਲਕਦਮੀ ਦਾ ਸਵਾਗਤ ਕਰਦਿਆਂ ਆਖਿਆ ਕਿ ਲੜਕੀਆਂ ਦੇ ਬਾਕੀ ਦੇ ਵੱਖ-ਵੱਖ ਖੇਡਾਂ ਨਾਲ ਸਬੰਧਤ ਖੇਡ ਵਿੰਗ ਜੋ ਪਿਛਲੇ ਕੁਝ ਅਰਸੇ ਤੋਂ ਬੰਦ ਪਏ ਹਨ। ਉਨ੍ਹਾਂ ਨੂੰ ਵੀ ਮੁੜ ਬਹਾਲ ਕੀਤਾ ਜਾਵੇ। ਉਨ੍ਹਾਂ ਮੰਗ ਕੀਤੀ ਕਿ ਨਹਿਰੂ ਗਾਰਡਨ ਹਾਕੀ ਖੇਡ ਵਿੰਗ ਜਲੰਧਰ ਐਚ.ਐਮ.ਵੀ. ਕਾਲਜ, ਤਖਾਣਬਧ ਖੇਡ ਵਿੰਗ ਮੋਗਾ, ਢੁੱਡੀਕੇ ਕਾਲਜ, ਜਲਾਲਦੀਵਾਲ, ਲੁਧਿਆਣਾ ਦੇ ਸਕੂਲ ਅਤੇ ਕਾਲਜਾਂ ਦੇ ਖੇਡ ਵਿੰਗਾਂ ਨੂੰ ਮੁੜ ਵਧੀਆ ਤਰੀਕੇ ਨਾਲ ਸਥਾਪਿਤ ਕੀਤਾ ਜਾਵੇ, ਤੇ ਬੱਚਿਆਂ ਨੂੰ ਬਣਦੀਆਂ ਸਹੂਲਤਾਂ ਦਿੱਤੀਆਂ ਜਾਣ।

ਉਨ੍ਹਾਂ ਆਖਿਆ ਕਿ ਪੰਜਾਬ ਇੰਸਟੀਚਿਊਟ ਆਫ ਸਪੋਰਟਸ ਦੇ ਅਧਿਕਾਰੀ ਹਮੇਸ਼ਾਂ ਇਹ ਹੱਕ ਜਤਾਉਂਦੇ ਹਨ ਕਿ ਉਨ੍ਹਾਂ ਦੇ ਇੰਨੇ ਲੜਕੇ ਭਾਰਤੀ ਟੀਮ ਦੀ ਨੁਮਾਇੰਦਗੀ ਕਰ ਰਹੇ ਹਨ ਜਦਕਿ ਦੂਸਰੇ ਪਾਸੇ ਪੰਜਾਬ ਦੀ ਇੱਕ ਵੀ ਹਾਕੀ ਖਿਡਾਰਣ ਨੂੰ ਇੰਡੀਆ ਟੀਮ ਦੇ ਵਿਚ ਐਂਟਰੀ ਨਹੀਂ ਦਿਵਾ ਸਕੇ। ਵੱਡਾ ਕਾਰਨ ਇਹ ਹੈ ਕਿ ਉਨ੍ਹਾਂ ਦਾ ਲੜਕੀਆਂ ਦੀ ਹਾਕੀ ਅਤੇ ਹੋਰਨਾਂ ਖੇਡਾਂ ਵੱਲ੍ਹ ਕੋਈ ਧਿਆਨ ਹੀ ਨਹੀਂ ਹੈ। ਜਦਕਿ ਦੂਸਰੇ ਪਾਸੇ ਮੁੰਡਿਆਂ ਦੀ ਭਾਰਤੀ ਟੀਮ ‘ਚ ਐਂਟਰੀ ਦਾ ਵੀ ਨਜਾਇਜ਼ ਸਿਆਸੀ ਲਾਹਾ ਲੈ ਰਹੀ ਹੈ। ਕਿਉਂਕਿ ਉਨ੍ਹਾਂ ਦਾ ਉਸ ‘ਚ ਕੋਈ ਯੋਗਦਾਨ ਨਹੀਂ ਹੈ। ਰਾਜਬੀਰ ਕੌਰ ਨੇ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬੇਨਤੀ ਕੀਤੀ ਹੈ ਕਿ ਨਵੀਂ ਖੇਡ ਨੀਤੀ ‘ਚ ਲੜਕੀਆਂ ਦੀਆਂ ਖੇਡਾਂ ਵੱਲ੍ਹ ਉਚੇਚਾ ਧਿਆਨ ਦਿੱਤਾ ਜਾਵੇ, ਇਸ ਨਾਲ ਜਿਥੇ ਪੰਜਾਬ ਦੀਆਂ ਲੜਕੀਆਂ ਦੀਆਂ ਖੇਡਾਂ ਨੂੰ ਬੜ੍ਹਾਵਾ ਮਿਲੇਗਾ ਉਥੇ ਹੀ ਲੜਕੀਆਂ ਦਾ ਖੇਡਾਂ ਪ੍ਰਤੀ ਆਪਣੀ ਦਿਲਚਸਪੀ ਵਧਾਉਣਗੀਆਂ। ਉਨ੍ਹਾਂ ਆਖਿਆ ਕਿ ਇਕ ਸਮਾਂ ਸੀ ਜਦੋਂ ਪੰਜਾਬ ਦੀਆਂ 7-8 ਖਿਡਾਰਣਾਂ ਭਾਰਤੀ ਟੀਮ ‘ਚ ਹੁੰਦੀਆਂ ਸਨ। ਪਰ ਅੱਜ ਇਕ ਵੀ ਨਹੀਂ ਹੈ। ਇਸਦਾ ਵੱਡਾ ਕਾਰਨ ਹੈ ਕਿ ਸਰਕਾਰਾਂ ਦੀਆਂ ਲੜਕੀਆਂ ਦੀਆਂ ਖੇਡਾਂ ਨੂੰ ਅਣਗੌਲਿਆ ਕਰਨਾ ਹੈ। ਉਨ੍ਹਾਂ ਆਖਿਆ ਕਿ ਲੜਕੀਆਂ ਦੀ ਖੇਡਾਂ ਦੀ ਬੇਹਤਰੀ ਲਈ ਜੇਕਰ ਸਰਕਾਰ ਉਨ੍ਹਾਂ ਦੀਆਂ ਸੇਵਾਵਾਂ ਲੈਣਾ ਚਾਹੁੰਦੀ ਹੈ ਤਾਂ ਉਹ ਮੁਫਤ ਵੀ ਇਹ ਸੇਵਾ ਕਰਨ ਨੂੰ ਤਿਆਰ ਹਨ।

  • 7
    Shares

LEAVE A REPLY